ਸਰਕਾਰ ਤੇ ਵਿਰੋਧੀ ਧਿਰ ਨੇ ਕੇਂਦਰ ’ਤੇ ਲਾਇਆ ਸੂਬੇ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਦੋਸ਼, ਇਯਾਲੀ ਨੇ ਅੰਮ੍ਰਿਤਪਾਲ ਦੀ ਰਿਹਾਈ ਦਾ ਚੁੱਕਿਆ ਮੁੱਦਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਇੱਥੇ ਭਾਈ ਜੈਤਾ ਜੀ ਯਾਦਗਾਰ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੁਕਮਰਾਨ ਅਤੇ ਵਿਰੋਧੀ ਧਿਰ ਨੇ ਇਕਸੁਰ ਵਿਚ ਬਿਨਾਂ ਨਾਂ ਲਏ ਕੇਂਦਰ ਸਰਕਾਰ ’ਤੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਦੋਸ਼ ਲਾਉਂਦੇ ਹੋਏ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ।
Publish Date: Tue, 25 Nov 2025 09:36 AM (IST)
Updated Date: Tue, 25 Nov 2025 09:37 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਇੱਥੇ ਭਾਈ ਜੈਤਾ ਜੀ ਯਾਦਗਾਰ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੁਕਮਰਾਨ ਅਤੇ ਵਿਰੋਧੀ ਧਿਰ ਨੇ ਇਕਸੁਰ ਵਿਚ ਬਿਨਾਂ ਨਾਂ ਲਏ ਕੇਂਦਰ ਸਰਕਾਰ ’ਤੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਦੋਸ਼ ਲਾਉਂਦੇ ਹੋਏ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਫਲਸਫ਼ੇ ਤੇ ਸ਼ਹਾਦਤ ਬਾਰੇ ਪ੍ਰਸਤਾਵ ਪੇਸ਼ ਕੀਤਾ। ਇਸ ਮਤੇ ’ਤੇ ਚਰਚਾ ਕਰਦਿਆਂ ਭਾਜਪਾ ਨੂੰ ਛੱਡ ਕੇ ਸਾਰੇ ਬੁਲਾਰਿਆਂ ਨੇ ਬਗੈਰ ਨਾਂ ਲਏ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਕੇਂਦਰ ਸਰਕਾਰ ਦਾ ਨਾਂ ਲਏ ਬਗੈਰ ਕਿਹਾ ਕਿ ਕੋਈ ਗਲਤ-ਫ਼ਹਿਮੀ ਵਿਚ ਹੋਵੇਗਾ ਕਿ ਪੰਜਾਬ ਆਪਣਾ ਹੱਕ ਛੱਡ ਦੇਵੇਗਾ ਪਰ ਪੰਜਾਬ ਅੱਖ ਬੰਦ ਕਰ ਕੇ ਆਪਣਾ ਹੱਕ ਨਹੀਂ ਛੱਡ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਹੱਕ ਲੈਣਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪਿਆਰ ਨਾਲ ਜੋ ਮਰਜ਼ੀ ਲੈ ਲਓ ਜੇਕਰ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਮੂੰਹ ਤੋੜ ਜਵਾਬ ਦੇਣ ਲਈ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰ ਸੀਸ ਕਟਾਉਣਾ, ਸ਼ਹੀਦ ਹੋਣਾ ਵਿਰਲਿਆਂ ਦੇ ਹਿੱਸੇ ਆਉਂਦਾ ਹੈ। ਮੁੱਖ ਮੰਤਰੀ ਕਿਹਾ ਕਿ ਛੋਟੀਆਂ-ਮੋਟੀਆਂ ਆਪਣੀ ਉਲਝਣਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਉਲਝੇ ਹੋਏ ਤਾਣੇ ਨੂੰ ਠੀਕ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬਾਹਰੀ ਹਮਲਾ ਹੁੰਦਾ ਤਾਂ ਪੰਜਾਬ ਇਕੱਠਾ ਹੋ ਜਾਂਦਾ ਹੈ।
ਧਾੜਵੀ ਬਣ ਕੇ ਹਮਲਾ ਕਰ ਰਹੀ ਹਾਕਮ ਧਿਰ : ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਤਿੰਨ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕੀਤੀ ਗਈ। ਫਿਰ ਪੜ੍ਹਾਈ, ਪਾਣੀ ਅਤੇ ਹੁਣ ਚੰਡੀਗੜ੍ਹ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਾਕਮ ਧਾੜਵੀ ਬਣ ਕੇ ਹਮਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਗੁਰੂ ਸਾਹਿਬਾਨ ਸ਼ਹਾਦਤ ਨਾ ਦਿੰਦੇ ਤਾਂ ਭਾਰਤ ਦੀ ਅਜੋਕੀ ਤਸਵੀਰ ਨਹੀਂ ਹੋਣੀ ਸੀ। ਬਲਕਿ ਧਰਮ, ਭੂਗੋਲਿਕ ਅਤੇ ਸਮਾਜਿਕ ਤੌਰ ’ਤੇ ਖਿੱਤਾ ਹੋਰ ਤਰ੍ਹਾਂ ਦਾ ਹੋਣਾ ਸੀ।
ਹਾਕਮ ਧਿਰ ਇਤਿਹਾਸ ਵਿਗਾੜਨ ਦੀ ਕੋਸ਼ਿਸ਼ ਕਰ ਰਹੀ : ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਹਿਣ ਦੀ ਬਜਾਏ ਸ੍ਰਿਸ਼ਟੀ ਦੀ ਚਾਦਰ ਕਹਿਣਾ ਚਾਹੀਦਾ ਹੈ। ਦੁਨੀਆ ਵਿਚ ਕੋਈ ਅਜਿਹੀ ਕੁਰਬਾਨੀ ਨਹੀਂ ਮਿਲਦੀ ਜੋ ਦੂਸਰੇ ਧਰਮ ਲਈ ਦਿੱਤੀ ਹੋਵੇ। ਗੁਰੂਆਂ ਦੀ ਕੁਰਬਾਨੀ ਨੇ ਸਿੱਖਾਂ ਵਿਚ ਕੁਰਬਾਨੀ ਤੇ ਸੇਵਾ ਦਾ ਜਜ਼ਬਾ ਪੈਦਾ ਕੀਤਾ ਹੈ। ਦੇਸ਼-ਦੁਨੀਆ ਵਿਚ ਕਿਤੇ ਵੀ ਮੁਸੀਬਤ ਪੈ ਜਾਵੇ ਤਾਂ ਪੰਜਾਬੀ ਤੇ ਸਿੱਖ ਪਹਿਲਾਂ ਮਦਦ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਤੇ ਰਾਜ ਕਰਨ ਵਾਲੀ ਸਰਕਾਰ ਇਤਿਹਾਸ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੇ ਚਾਂਸਲਰ ਸਰਬ ਸਾਂਝੇ ਸੰਦੇਸ਼ ਨੂੰ ਵਿਗਾੜਨ ਲੱਗੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਫੰਡ, ਪੰਜਾਬ ਦੇ ਪਾਣੀ, ਚੰਡੀਗੜ੍ਹ ਸਮੇਤ ਹੋਰ ਮੰਗਾਂ ਲਈ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਇਕਜੁੱਟ ਹੋਣਾ ਪਵੇਗਾ।
ਅੰਮ੍ਰਿਤਪਾਲ ਦੀ ਰਿਹਾਈ ਹੋਣੀ ਚਾਹੀਦੀ : ਇਆਲੀ
ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ ਮਤੇ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੇ ਬਹੁਤ ਸਾਰੇ ਮਸਲੇ ਹਨ, ਜਿਹੜੇ ਅਜੇ ਤੱਕ ਹੱਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ।
ਬਾਜਵਾ ਆਦਤ ਤੋਂ ਮਜ਼ਬੂਰ : ਅਸ਼ਵਨੀ ਸ਼ਰਮਾ
ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲੈਂਦਿਆਂ ਕਿਹਾ ਕਿ ਅੱਜ ਸਿਆਸੀ ਗੱਲ ਕਰਨ ਦੀ ਜ਼ਰੂਰਤ ਨਹੀ ਸੀ ਪਰ ਫਿਰ ਵੀ ਕੁਝ ਲੋਕ ਆਦਤ ਤੋਂ ਮਜਬੂਰ ਹੁੰਦੇ ਹੋਏ ਸਿਆਸੀ ਗੱਲ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਸ਼ਹਾਦਤ ਨੂੰ ਛੋਟਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਨੇਊ ਤੇ ਤਿਲਕ ਇਕੱਲੇ ਪੰਡਤਾਂ ਦਾ ਚਿੰਨ੍ਹ ਨਹੀਂ , ਉਸ ਸਮੇ (ਪ੍ਰਾਚੀਨ) ਇਹ ਸਨਾਤਨੀ ਪਹਿਚਾਣ ਸੀ। ਮਤੇ ’ਤੇ ਚਰਚਾ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਇੰਜਰਜੀਤ ਕੌਰ, ਡਾ ਨਛੱਤਰ ਪਾਲ, ਮਨਜਿੰਦਰ ਸਿੰਘ ਗਿਆਸਪੁਰਾ, ਕੁਲਦੀਪ ਸਿੰਘ ਧਾਲੀਵਾਲ ਤੇ ਇੰਦਰਬੀਰ ਸਿੰਘ ਨਿੱਜਰ ਨੇ ਹਿੱਸਾ ਲਿਆ।