ਟੂਰਨਾਮੈਂਟ ਦਾ ਉਦਘਾਟਨ ਰੰਗ ਬਿਰੰਗੇ ਗੁਬਾਰੇ ਹਵਾ ’ਚ ਛੱਡਕੇ ਕੀਤਾ ਉਦਘਾਟਨ
27 ਵਾਂ ਰਾਜ ਪੱਧਰੀ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਦਿਨ
Publish Date: Fri, 05 Dec 2025 04:58 PM (IST)
Updated Date: Fri, 05 Dec 2025 05:00 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ 27 ਵਾਂ ਰਾਜ ਪੱਧਰੀ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਮਹਿੰਗਾ ਸਿੰਘ ਪਵੇਲੀਅਨ ਵਿਖੇ ਕਰਵਾਇਆ ਗਿਆ। ਛੇ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਆਰੰਭ ਮੁੱਖ ਮਹਿਮਾਨਾਂ ਅਤੇ ਪ੍ਰਬੰਧਕਾਂ ਵਲੋਂ ਹਵਾ ਵਿੱਚ ਰੰਗ ਬਿਰੰਗੇ ਗੁਬਾਰੇ ਛੱਡਕੇ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨ ਜਗਜੀਤ ਸਿੰਘ ਰੰਧਾਵਾ ਯੂਕੇ ਇੰਟਰ-ਨੈਸ਼ਨਲ ਫੁੱਟਬਾਲਰ, ਅਜੀਤ ਸਿੰਘ ਖਾਨਖਾਨਾ ਅਤੇ ਬਲਕਾਰ ਸਿੰਘ ਚਾਹਲ ਵੱਲੋਂ ਸਾਂਝੇ ਤੌਰ ਤੇ ਟੀਮਾਂ ਨਾਲ ਜਾਣ ਪਹਿਚਾਣ ਉਪਰੰਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਗਿੱਲ ਅਰਜਨਾ ਅਵਾਰਡੀ, ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਡਾ. ਤਰਸੇਮ ਸਿੰਘ ਭਿੰਡਰ, ਦਰਸ਼ਨ ਸਿੰਘ ਮਾਹਲ, ਜਰਨੈਲ ਸਿੰਘ ਪੱਲੀਝਿੱਕੀ ਪ੍ਰਧਾਨ ਡੀਐਫਏ ਨੇ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਮੇਟੀ ਦੀ ਮਿਹਨਤ ਸਦਕਾ ਇਹ ਟੂਰਨਾਮੈਂਟ 27ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਜਿਸਨੇ ਬੜੇ ਨਾਮਵਰ ਖਿਡਾਰੀ ਪੈਦਾ ਕੀਤੇ ਗਏ ਹਨ। ਉਹਨਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ। ਇਸ ਮੌਕੇ ਪਹਿਲਾ ਉਦਘਾਟਨੀ ਮੈਚ ਜੇ ਸੀ ਟੀ ਕਲੱਬ ਫਗਵਾੜਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚਕਾਰ ਖੇਡਿਆ ਗਿਆ ਜਿਸਦੇ ਪਹਿਲੇ ਅੱਧ ਵਿੱਚ ਸੰਤ ਬਾਬਾ ਭਾਗ ਸਿੰਘ ਦੀ ਟੀਮ ਨੇ 2 ਗੋਲ ਕਰਕੇ ਬੜ੍ਹਤ ਬਣਾ ਲਈ ਅਤੇ ਦੂਜੇ ਹਾਫ ਵਿੱਚ 1 ਹੋਰ ਗੋਲ ਕਰ ਦਿੱਤਾ। ਦੋਹਾਂ ਟੀਮਾਂ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਅੰਤ ਵਿੱਚ ਸੰਤ ਬਾਬਾ ਭਾਗ ਸਿੰਘ ਦੀ ਟੀਮ ਨੇ 3-0 ਨਾਲ ਇਹ ਮੈਚ ਜਿੱਤ ਲਿਆ। ਪਹਿਲੇ ਦਿਨ ਦਾ ਦੂਜਾ ਮੈਚ ਗੁਰੂ ਫੁੱਟਬਾਲ ਕਲੱਬ ਜਲੰਧਰ ਅਤੇ ਨਾਮਧਾਰੀ ਫੁੱਟਬਾਲ ਅਕੈਡਮੀ ਭੈਣੀ ਸਾਹਿਬ ਵਿਚਕਾਰ ਖੇਡਿਆ ਗਿਆ ਜਿਸਦਾ ਉਦਘਾਟਨ ਬਲਦੇਵ ਸਿੰਘ ਮਾਹਲ, ਰਘਵੀਰ ਸਿੰਘ ਮਾਹਲ, ਸੰਦੀਪ ਸਿੰਘ ਮਾਹਲ ਅਤੇ ਮਨਦੀਪ ਸਿੰਘ ਦੀਪਾ ਸਾਹਲੋਂ ਵਲੋਂ ਸਾਂਝੇ ਤੌਰ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਕੀਤਾ ਗਿਆ। ਦੋਹਾਂ ਟੀਮਾਂ ਵਲੋਂ ਵਧੀਆ ਖੇਡ ਖੇਡਣ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਵਲੋਂ 3-0 ਨਾਲ ਮੈਚ ਜਿੱਤ ਲਿਆ। ਅੰਡਰ 14 ਦੀਆਂ ਟੀਮਾਂ ਵਿੱਚੋਂ ਪਹਿਲਾ ਮੈਚ ਮਾਹਲ ਗਹਿਲਾ ਫੁੱਟਬਾਲ ਅਕੈਡਮੀ ਅਤੇ ਜਗਤਪੁਰ ਫੁੱਟਬਾਲ ਅਕੈਡਮੀ ਵਿਚਕਾਰ ਕਰਵਾਇਆ ਗਿਆ। ਇਸ ਮੈਚ ਦੇ ਮੁੱਖ ਮਹਿਮਾਨ ਸ਼ਰਨਜੀਤ ਸਿੰਘ ਦੁਸਾਂਝ ਅਤੇ ਪਿਆਰਾ ਸਿੰਘ ਕਾਹਮਾ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਸ਼ੁਰੂ ਕਰਵਾਇਆ। ਬੱਚਿਆਂ ਵਲੋਂ ਵਧੀਆ ਖੇਡ ਖੇਡੀ ਗਈ। ਖਬਰ ਲਿਖੇ ਜਾਣ ਤੱਕ ਮੈਚ ਚੱਲ ਰਿਹਾ ਸੀ। ਇਸ ਮੌਕੇ ਪ੍ਰਧਾਨ ਸ. ਨਰਿੰਦਰ ਸਿੰਘ ਰੰਧਾਵਾ ਨੇ ਸਮੂਹ ਸਹਿਯੋਗੀ ਸੱਜਣਾਂ, ਐਨਆਰਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੀ ਜੇਤੂ ਕਲੱਬ ਨੂੰ 1 ਲੱਖ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ । ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਹਰ ਟੀਮ ਨੂੰ 9 ਹਜਾਰ ਰੁਪਏ ਟੀਏਡੀਏ ਦਿੱਤਾ ਜਾਵੇਗਾ। ਦੂਜੇ ਦਿਨ ਦਾ ਹੋਣ ਵਾਲਾ ਪਹਿਲਾ ਮੈਚ ਕੇਹਰ ਐਫਸੀ ਜਲੰਧਰ ਅਤੇ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਰੋਪੜ ਅਤੇ ਦੂਜਾ ਮੈਚ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਅਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਿਚਕਾਰ ਖੇਡਿਆ ਜਾਵੇਗਾ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ, ਪ੍ਰੈਸ ਸਕੱਤਰ ਤਲਵਿੰਦਰ ਸ਼ੇਰਗਿੱਲ, ਖਜਾਨਚੀ ਕਸ਼ਮੀਰੀ ਲਾਲ ਮੰਗੂਵਾਲ, ਉਪ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਸੁਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਪਰਗਣ ਸਿੰਘ ਅਟਵਾਲ, ਰਘਵੀਰ ਸਿੰਘ ਕਾਲਾ, ਜਗਤਾਰ ਝਿੱਕਾ, ਜਸਵੰਤ ਖਟਕੜ, ਜਸਵੀਰ ਸਿੰਘ ਮੰਗੂਵਾਲ, ਡਾਕਟਰ ਗੁਰਮੀਤ ਸਰਾਂ, ਸਰਬਜੀਤ ਸਿੰਘ ਮੰਗੂਵਾਲ, ਫੁੱਟਬਾਲ ਕੋਚ ਜਸਬੀਰ ਸਿੰਘ ਭਾਰਟਾ, ਸ਼ਰਨਜੀਤ ਸਿੰਘ, ਫੁੱਟਬਾਲ ਕੋਚ ਸਤਵੀਰ ਸਿੰਘ ਸੱਤੀ,ਅਮਨਦੀਪ ਸਿੰਘ ਥਾਂਦੀ, ਪਰਮਜੀਤ ਸਿੰਘ ਕਾਲਜ ਸੁਪਰਡੈਂਟ, ਲੈਕਚਰਾਰ ਸ਼ੰਕਰ ਦਾਸ, ਗੁਰਪਾਲ ਸਿੰਘ ਮੈਨੇਜਰ ਡੀਸੀਬੀ, ਕੁਲਵਿੰਦਰ ਸਿੰਘ ਢਾਂਡੀਆ, ਜੋਗਿੰਦਰ ਸਿੰਘ ਕਲਸੀ, ਨੰਬਰਦਾਰ ਸਵਰਨ ਸਿੰਘ ਕਾਹਮਾ, ਸੁੱਚਾ ਸਿੰਘ, ਪਿਆਰਾ ਸਿੰਘ ਆਦਿ ਹਾਜਰ ਸਨ।