ਚੋਣ ਅਬਜਰਵਰ ਨੇ ਲਿਆ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ
ਚੋਣ ਅਬਜਰਵਰ ਨੇ ਲਿਆ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ
Publish Date: Wed, 03 Dec 2025 05:31 PM (IST)
Updated Date: Wed, 03 Dec 2025 05:32 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਰਾਜ ਚੋਣ ਕਮਿਸ਼ਨ ਵੱਲੋਂ 14 ਦਸੰਬਰ ਨੂੰ ਨਿਰਧਾਰਤ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਵੋਟਾਂ ਨੂੰ ਲੈ ਕੇ ਅੱਜ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਲਈ ਚੋਣ ਅਬਜ਼ਰਵਰ ਸੁਚੱਜਾ ਪ੍ਰਸ਼ਾਸ਼ਨ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਡਾਇਰੈਕਟਰ ਵਿਸ਼ੇਸ਼ ਸਾਰੰਗਲ ਨੇ ਅੱਜ ਇੱਥੇ ਚੋਣ ਪ੍ਰਕਿਰੀਆ ਨਾਲ ਸਬੰਧਤ ਪ੍ਰਬੰਧਾਂ ਅਤੇ ਤਿਆਰੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਰੱਖਿਆ, ਟਰਾਂਸਪੋਰਟ, ਸਿਹਤ ਸਹੂਲਤਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਅਮਲ ਵਿੱਚ ਲਿਆਂਦੇ ਜਾਣ। ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਐਸ.ਐਸ.ਪੀ. ਤੁਸ਼ਾਰ ਗੁਪਤਾ ਦੀ ਮੌਜੂਦਗੀ ਵਿੱਚ ਸਬੰਧਤ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਚੋਣ ਅਬਜਰਵਰ ਵਿਸ਼ੇਸ਼ ਸਾਰੰਗਲ ਨੇ ਵੋਟਰ ਸੂਚਿਆਂ ਦੀ ਅੰਤਮ ਪ੍ਰਕਾਸ਼ਨਾਂ, ਰਿਟਰਨਿੰਗ ਅਧਿਕਾਰੀਆਂ, ਸਹਾਇਕ ਰਿਟਰਨਿੰਗ ਅਧਿਕਾਰੀਆਂ, ਪੋਲਿੰਗ ਸਟੇਸ਼ਨਾਂ ਤੇ ਲੋੜੀਂਦੀਆਂ ਸਹੂਲਤਾਂ ਦੀ ਮੋਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ । ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਲਈ 10 ਅਤੇ ਪੰਚਾਇਤ ਸੰਮਤੀਆਂ ਲਈ 82 ਜੌਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਅਤੇ 417240 ਵੋਟਰ ਹਨ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਲਈ ਬਣਾਏ 10 ਜੌਨਾਂ ਵਿੱਚ 3 ਜੌਨ ਨਵਾਂਸ਼ਹਿਰ, 1 ਸੜੋਆ, 2 ਬਲਾਚੌਰ ਅਤੇ 4 ਬੰਗਾ ਅਧੀਨ ਆਉਂਦੇ ਹਨ। ਇਸੇ ਤਰ੍ਹਾਂ ਬਲਾਕ ਸੰਮਤੀਆਂ ਲਈ ਬੰਗਾ ਅਤੇ ਨਵਾਂਸ਼ਹਿਰ ਵਿੱਚ 25-25, ਬਲਾਚੌਰ ਚ 17 ਅਤੇ ਸੜੋਆ ਵਿੱਚ 15 ਜੌਨ ਬਣਾਏ ਗਏ ਹਨ। ਚੋਣ ਅਬਜਰਵਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਨਿਰਪੱਖ, ਆਜ਼ਾਦਾਨਾ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਕੀਰਿਆ ਮੁਕੰਮਲ ਕਰਨ ਲਈ ਹਰ ਪੱਖੋਂ ਪੁੱਖਤਾ ਇੰਤਜਾਮ ਕੀਤੀ ਜਾਣ । ਚੋਣ ਅਮਲੇ ਦੀ ਟ੍ਰੇਨਿੰਗ ਸਬੰਧੀ ਦੱਸਿਆ ਗਿਆ ਕਿ ਪਹਿਲੀ ਟ੍ਰੇਨਿੰਗ 7 ਦਸੰਬਰ ਅਤੇ ਦੂਜੀ ਟ੍ਰੇਨਿੰਗ 11 ਦਸੰਬਰ ਨੂੰ ਨਿਰਧਾਰਤ ਕੀਤੀ ਗਈ ਹੈ। ਇਸ ਦੌਰਾਨ ਦੱਸਿਆ ਗਿਆ ਕਿ ਜਿਲ੍ਹੇ ਵਿੱਚ 118 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਅਤੇ 187 ਸੰਵੇਦਨਸ਼ੀਲ ਪੋਲਿੰਗ ਬੂਥ ਹਨ। ਇਸੇ ਤਰ੍ਹਾਂ 31 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਅਤੇ 57 ਪੋਲਿੰਗ ਬੂਥ ਅਤਿ ਸੰਵੇਦਨਸ਼ੀਲ ਹਨ। ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਵਿੱਚ 132 ਨਵਾਂਸ਼ਹਿਰ, 71 ਸੜੋਆ, 131 ਬਲਾਚੌਰ ਅਤੇ 132 ਬੰਗਾ ਵਿੱਚ ਪੈਂਦੀਆਂ ਹਨ। ਚੋਣ ਨਿਗਰਾਨ ਨੂੰ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਕੁੱਲ 633 ਪੋਲਿੰਗ ਬੂਥਾਂ ਵਿੱਚ ਨਵਾਂਸ਼ਹਿਰ ਅੰਦਰ 189, ਸੜੋਆ ਵਿੱਚ 89, ਬਲਾਚੌਰ ਵਿੱਚ 148 ਅਤੇ ਬੰਗਾ ਵਿੱਚ 207 ਪੋਲਿੰਗ ਬੂਥ ਸਾਮਲ ਹਨ। ਇਨ੍ਹਾਂ ਚੋਣਾਂ ਲਈ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 216395 ਅਤੇ ਮਹਿਲਾ ਵੋਟਰਾਂ ਦੀ ਗਿਣਤੀ 200836 ਜਦਕਿ 9 ਵੋਟਰ ਥਰਡ ਜੈਂਡਰ ਸ਼ਾਮਲ ਹਨ। ਜਿਲ੍ਹੇ ਵਿੱਚ ਕੁੱਲ 216395 ਪੁਰਸ਼ ਵੋਟਰਾਂ ਦੀ ਗਿਣਤੀ ਵਿੱਚ ਨਵਾਂਸ਼ਹਿਰ ਵਿੱਚ 66611, ਸੜੋਆ ਵਿੱਚ 29518, ਬਲਾਚੌਰ ਵਿੱਚ 42800 ਅਤੇ ਬੰਗਾ ਵਿੱਚ 77466 ਵੋਟਰ ਸ਼ਾਮਲ ਹਨ ਜਦਕਿ ਮਹਿਲਾ ਵੋਟਰਾਂ ਵਿੱਚ ਨਵਾਂਸ਼ਹਿਰ ਵਿੱਚ 63013, ਸੜੋਆ ਵਿੱਚ 27193, ਬਲਾਚੌਰ ਵਿੱਚ 38414 ਅਤੇ ਬੰਗਾ ਵਿੱਚ 72216 ਵੋਟਰ ਸ਼ਾਮਲ ਹਨ। ਜਿਲ੍ਹਾ ਪ੍ਰੀਸ਼ਦ ਚੋਣਾਂ ਬਾਰੇ ਦੱਸਿਆ ਗਿਆ ਕਿ ਇਨ੍ਹਾਂ ਵੋਟਾਂ ਲਈ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਰਿਟਰਨਿੰਗ ਅਧਿਕਾਰੀ ਹਨ ਅਤੇ ਜਿਲ੍ਹਾ ਪ੍ਰੀਸ਼ਦ ਜੌਨਾਂ ਵਿੱਚ ਖੱਟਕੜ ਕਲਾਂ, ਮੁਕੰਦਪੁਰ, ਕੁਲਥਮ, ਬਾਹੜੋਵਾਲ, ਬੈਰਸੀਆਂ, ਦੌਲਤਪੁਰ, ਨੌਰਾ, ਰੱਤੇਵਾਲ, ਗੜ੍ਹੀਕਾਨਗੋਆਂ ਅਤੇ ਪੋਜੇਵਾਲ ਸ਼ਾਮਲ ਹਨ। ਬਲਾਕ ਸੰਮਤੀ ਚੋਣਾਂ ਦੀਆਂ ਨਾਮਜਦਗੀਆਂ ਦਾਖਲ ਕਰਨ ਬਾਰੇ ਦੱਸਿਆ ਗਿਆ ਕਿ ਬਲਾਕ ਨਵਾਂਸ਼ਹਿਰ ਲਈ ਐਸ.ਡੀ.ਐਮ. ਦਫ਼ਤਰ ਨਵਾਂਸ਼ਹਿਰ, ਬਲਾਕ ਬੰਗਾ ਲਈ ਐਸ.ਡੀ.ਐਮ. ਦਫ਼ਤਰ ਬੰਗਾ ਤੋਂ ਇਲਾਵਾ ਬਲਾਕ ਬਲਾਚੌਰ ਅਤੇ ਸੜੋਆ ਲਈ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਲਏ ਜਾਣਗੇ। ਜਿਨ੍ਹਾਂ ਦੀ ਪੜ੍ਹਤਾਲ 5 ਦਸੰਬਰ ਨੂੰ ਹੋਵੇਗੀ ਅਤੇ 6 ਦਸੰਬਰ ਨੂੰ ਕਾਗਜ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ। ਚੋਣ ਅਬਜਰਵਰ ਨੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਸਮੁੱਚੀ ਚੋਣ ਪ੍ਰਕਿਰੀਆ ਨੂੰ ਅਮਨ–ਅਮਾਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਨਿਰਪੱਖ ਅਤੇ ਸ਼ਾਂਤੀ ਪੂਰਵਕ ਢੰਗ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਐਸ.ਪੀ. ਹੈਡਕੁਆਰਟਰ ਇਕਬਾਲ ਸਿੰਘ, ਸਬ-ਡਵੀਜਨਾਂ ਦੇ ਐਸ.ਡੀ.ਐਮਜ਼ ਅਤੇ ਨੋਡਲ ਅਧਿਕਾਰੀ ਵੀ ਮੌਜੂਦ ਸਨ।