ਈਸੀਐਚਐਸ. ਲਾਭਪਾਤਰੀ ਸਾਬਕਾ ਫੌਜੀਆਂ ਲਈ ਕੈਸ਼ਲੈਸ ਇਲਾਜ ਦੀ ਸਹੂਲਤ ਆਰੰਭ

ਨਰਿੰਦਰ ਮਾਹੀ , ਪੰਜਾਬੀ ਜਾਗਰਣ, ਬੰਗਾ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਸੇਵਾਮੁਕਤ ਸਾਬਕਾ ਫੌਜੀਆਂ ਲਈ ਭਾਰਤ ਸਰਕਾਰ ਦੀ ਕੈਸ਼ਲੈਸ ਇਲਾਜ ਸੇਵਾ ਸਕੀਮ ਈਸੀਐਚਐਸ. ਆਰੰਭ ਕਰਨ ਦੀ ਮਨਜ਼ੂਰੀ ਮਿਲ ਗਈ ਹੈ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੰਦੇ ਦੱਸਿਆ ਕਿ ਸਾਬਕਾ ਫੌਜੀਆਂ ਦੀ ਸਿਹਤ ਯੋਜਨਾ ਈਸੀਐਚਐਸ. ਅਧੀਨ ਆਉਂਦੇ ਸਾਰੇ ਲਾਭਪਾਤਰੀਆਂ ਦੇ ਕੈਸ਼ਲੈਸ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਰਜਿਸਟਰ ਹੋ ਚੁੱਕਾ ਹੈ ਅਤੇ ਹਸਪਤਾਲ ਵੱਲੋਂ ਸਾਬਕਾ ਸੈਨਿਕਾਂ ਲਈ ਕੈਸ਼ਲੈਸ ਇਲਾਜ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਇਹ ਹਸਪਤਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਅਤਿ-ਆਧੁਨਿਕ ਮੈਡੀਕਲ ਯੰਤਰਾਂ, ਐਮਰਜੈਂਸੀ ਸੇਵਾਵਾਂ, ਟਰੌਮਾ ਸੈਂਟਰ ਅਤੇ ਆਈ. ਸੀ. ਯੂ. ਸੁਵਧਾਵਾਂ ਨਾਲ ਲੈਸ ਹੈ ਜੋ ਪਿਛਲੇ 41 ਸਾਲਾਂ ਤੋਂ ਮਿਆਰੀ ਮੈਡੀਕਲ ਸੇਵਾਵਾਂ ਮਰੀਜ਼ਾਂ ਨੂੰ ਪ੍ਰਦਾਨ ਕਰ ਰਿਹਾ ਹੈ । ਡਾ. ਢਾਹਾਂ ਨੇ ਅੱਗੇ ਕਿਹਾ ਕਿ ਹੁਣ ਹਸਪਤਾਲ ਨੂੰ ਈਸੀਐਚਐਸ. ਸਕੀਮ ਅਧੀਨ ਮਨਜ਼ੂਰੀ ਮਿਲਣ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਨੇੜਲੇ ਜ਼ਿਲ੍ਹਿਆਂ ਦੇ ਸੇਵਾਮੁਕਤ ਫੌਜੀਆਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ।
ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਇਕ ਛੱਤ ਹੇਠ ਸੀਨੀਅਰ ਡਾਕਟਰਾਂ ਦੀ ਤਜਰਬੇਕਾਰ ਮੈਡੀਕਲ ਟੀਮ ਹੈ, ਜੋ 24 ਘੰਟੇ ਕਾਰਜਸ਼ੀਲ ਰਹਿੰਦੀ ਹੈ । ਹਸਪਤਾਲ ਢਾਹਾਂ ਕਲੇਰਾਂ ਵੱਲੋਂ ਈਸੀਐਚ.ਐਸ ਸੇਵਾਵਾਂ ਦੇ ਅਧੀਨ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਨਿਊਰੋਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਤੇ ਲੈਪਰੋਸਕੋਪਿਕ ਸਰਜਰੀ, ਗਾਇਨੀਕੋਲੋਜੀ, ਆਰਥੋਪੈਡਿਕਸ, ਈ ਐਨ ਟੀ, ਡੈਂਟਲ, ਅੱਖਾਂ ਦਾ ਵਿਭਾਗ, ਬੱਚਿਆਂ ਦਾ ਵਿਭਾਗ, ਫਿਜ਼ੀਉਥੈਰਾਪੀ, ਆਈ.ਸੀ.ਯੂ. ਅਤੇ ਕ੍ਰਿਟੀਕਲ ਕੇਅਰ, ਡਾਇਲਸਿਸ, ਪੈਥੋਲੋਜੀ ਤੋਂ ਇਲਾਵਾ ਰੇਡੀਓਲੋਜੀ ਡਾਇਗਨੌਸਟਿਕ ਅਤੇ ਇਮੇਜਿੰਗ ਸਹੂਲਤਾਂ ਵਿੱਚ ਐਕਸ-ਰੇ, ਅਲਟਰ ਸਾਊਂਡ ਸਕੈਨ, ਸੀ.ਟੀ. ਸਕੈਨ ਦੀਆਂ ਸੇਵਾਵਾਂ ਸਾਬਕਾ ਫੌਜੀਆਂ ਨੂੰ ਮਿਲਣਗੀਆਂ। ਇਸ ਮੌਕੇ ਸ੍ਰੀ ਰੋਮੀ ਮੂੰਗਾ ਐਨ.ਏ.ਬੀ.ਐਚ. ਸਲਾਹਕਾਰ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਹਥਿਆਰਬੰਦ ਫੌਜਾਂ ਦੇ ਸੇਵਾਮੁਕਤ ਫੌਜੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਇਲਾਜ ਲਈ ਈ.ਸੀ.ਐਚ.ਐਸ. ਦੀ ਸਕੀਮ ਚਲਾਈ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਈ.ਸੀ.ਐਚ.ਐਸ. ਕਾਰਡ ਹੋਲਡਰ ਰਿਟਾਇਰ ਫੌਜੀਆਂ ਨੂੰ ਕੈਸ਼ਲੈਸ ਇਲਾਜ ਸੇਵਾਵਾਂ ਮੁਫਤ ਪ੍ਰਾਪਤ ਹੁੰਦੀਆਂ ਹਨ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਈ. ਸੀ. ਐਚ. ਐਸ. ਤੋਂ ਇਲਾਵਾ ਹੋਰ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਦੇ ਲਾਭਪਾਤਰੀ ਵੀ ਕੈਸ਼ਲੈਸ ਇਲਾਜ ਸੇਵਾਵਾਂ ਪ੍ਰਾਪਤ ਕਰ ਰਹੇ ਹਨ।