ਸ਼ਰਾਬੀ ਕਾਰ ਚਾਲਕ ਨੇ ਕਾਰ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ 11 ਸਾਲਾ ਲੜਕੇ ਦੀ ਮੌਤ
ਦੇਰ ਸ਼ਾਮ ਸਥਾਨਕ ਪੁਲਸ ਥਾਨੇ ਸਾਹਮਣੇ ਇਕ ਤੇਜ ਰਫਤਾਰ ਕਾਰ ਚਾਲਕ ਜੋ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ ਵੱਲੋਂ ਇਕ ਹੋਰ ਕਾਰ ਤੇ ਮੋਟਰਸਾਈਕਲ ਨੂੰ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ 11 ਸਾਲਾ ਲੜਕੇ ਦੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
Publish Date: Fri, 23 Jan 2026 08:11 PM (IST)
Updated Date: Fri, 23 Jan 2026 08:18 PM (IST)
ਦਿਨੇਸ਼ ਹੱਲਣ,ਪੰਜਾਬੀ ਜਾਗਰਣ, ਨੂਰਪੁਰਬੇਦੀ : ਦੇਰ ਸ਼ਾਮ ਸਥਾਨਕ ਪੁਲਸ ਥਾਣੇ ਸਾਹਮਣੇ ਇਕ ਤੇਜ ਰਫਤਾਰ ਕਾਰ ਚਾਲਕ ਜੋ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ ਵੱਲੋਂ ਇਕ ਹੋਰ ਕਾਰ ਤੇ ਮੋਟਰਸਾਈਕਲ ਨੂੰ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ 11 ਸਾਲਾ ਲੜਕੇ ਦੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਰਕੇਸ਼ ਕੁਮਾਰ ਪੁੱਤਰ ਜੋਗਿੰਦਰਪਾਲ ਨਿਵਾਸੀ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਸਥਾਨਕ ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਅਸਥਾਨ ਵਿਖੇ ਮੱਥਾ ਟੇਕ ਵਾਪਿਸ ਘਰ ਪਰਤ ਰਿਹਾ ਸੀ। ਜਦਕਿ ਉਸਦਾ ਲੜਕਾ ਪਵਨ ਕੁਮਾਰ ਵੀ ਮੇਰੇ ਦੋਹਤੇ ਆਰਵ ਸੋਨੀ ਨਾਲ ਮੱਥਾ ਟੇਕ ਕੇ ਵਾਪਿਸ ਆਪਣੇ ਮੋਟਰਸਾਈਕਲ ’ਤੇ ਉਸਤੋਂ ਅੱਗੇ ਜਾ ਰਿਹਾ ਸੀ। ਜਦੋਂ ਉਹ ਥਾਣੇ ਤੋਂ ਕੁਝ ਦੂਰੀ ਅੱਗੇ ਪਹੁੰਚੇ ਤਾਂ ਰਾਤ ਕਰੀਬ 8.30 ਵਜੇ ਪਿਛਿਓ ਪਿੰਡ ਜੱਟਪੁਰ ਦੀ ਤਰਫ਼ੋਂ ਆ ਰਹੀ ਇਕ ਤੇਜ ਰਫਤਾਰ ਬਰੀਜਾ ਕਾਰ ਦੇ ਚਾਲਕ ਜਿਸਨੇ ਸ਼ਰਾਬ ਪੀਤੀ ਹੋਈ ਸੀ ਮੈਨੂੰ ਕਰਾਸ ਕਰਨ ਮੌਕੇ ਅੱਗੇ ਜਾ ਰਹੇ ਮੇਰੇ ਲੜਕੇ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ। ਜਿਸ ’ਤੇ ਮੇਰਾ ਲੜਕਾ ਤੇ ਦੋਹਤਾ ਗੰਭੀਰ ਜਖਮੀਂ ਹੋ ਗਏ।
ਦੋਵੇਂ ਜਖਮੀਆਂ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਆਰਵ ਸੋਨੀ ਪੁੱਤਰ ਅਮਿਤ ਸੋਨੀ, ਨਿਵਾਸੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਪਵਨ ਕੁਮਾਰ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀ.ਜੀ.ਆਈ. ਵਿਖੇ ਰੈਫਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਉਕਤ ਕਾਰ ਚਾਲਕ ਵੱਲੋਂ ਇਕ ਹੋਰ ਕਾਰ ਨੂੰ ਵੀ ਟੱਕਰ ਮਾਰੀ ਗਈ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ’ਚ ਸਵਾਰ 2 ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ।
ਗ੍ਰਿਫਤਾਰ ਕਾਰ ਚਾਲਕ ਦਾ ਮੈਡੀਕਲ ਕਰਵਾਉਣ ’ਤੇ ਨਸ਼ੇ ’ਚ ਹੋਣ ਦੀ ਪੁਸ਼ਟੀ ਹੋਈ
ਉਕਤ ਹਾਦਸੇ ਲਈ ਜਿੰਮੇਵਾਰ ਕਾਰ ਚਾਲਕ ਜਿਸਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਸਮੀਰੋਵਾਲ ਵਜੋਂ ਹੋਈ ਹੈ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਦੇਰ ਰਾਤ ਉਸਦਾ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਮੈਡੀਕਲ ਕਰਵਾਇਆ। ਜਿਸ ਦੌਰਾਨ ਉਸਦੇ ਨਸ਼ੇ ’ਚ ਹੋਣ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ਧਾਰਾਵਾਂ ’ਚ ਵਾਧਾ ਕਰਦੇ ਹੋਏ ਅੱਜ ਉਸਦੇ ਖਿਲਾਫ 185 ਮੋਟਰ ਵੀਹਕਲ ਐਕਟ ਤਹਿਤ ਵੀ ਮਾਮਲਾ ਦਰਜ ਕਰ ਲਿਆ।