ਵਿਰਾਸਤ-ਏ-ਖਾਲਸਾ ’ਚ 23 ਤੋਂ ਹੋਵੇਗਾ ਗੁਰੂ ਸਾਹਿਬ ਦੇ ਜੀਵਨ ’ਤੇ ਡ੍ਰੋਨ ਸ਼ੋਅ : ਬੈਂਸ
ਕੈਬਨਿਟ ਮੰਤਰੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਉੱਤਰੀ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ 500 ਡ੍ਰੋਨਾਂ ਰਾਹੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ-ਫ਼ਲਸਫ਼ੇ ਅਤੇ ਲਾਸਾਨੀ ਸ਼ਹਾਦਤ ਨੂੰ ਅਸਮਾਨ ’ਤੇ ਵਿਸ਼ਾਲ ਡ੍ਰੋਨ ਸ਼ੋਅ ਰਾਹੀਂ ਦਰਸਾਇਆ ਜਾਵੇਗਾ। ਇਹ ਇਤਿਹਾਸਕ ਦ੍ਰਿਸ਼ 23 ਤੋਂ 29 ਨਵੰਬਰ ਤੱਕ ਵਿਰਾਸਤ-ਏ-ਖਾਲਸਾ ਵਿਖੇ ਸੰਗਤਾਂ ਲਈ ਪ੍ਰਦਰਸ਼ਿਤ ਕੀਤੇ ਜਾਣਗੇ ਜਿਸ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।
Publish Date: Tue, 18 Nov 2025 12:09 PM (IST)
Updated Date: Tue, 18 Nov 2025 12:10 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਕੈਬਨਿਟ ਮੰਤਰੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਉੱਤਰੀ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ 500 ਡ੍ਰੋਨਾਂ ਰਾਹੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ-ਫ਼ਲਸਫ਼ੇ ਅਤੇ ਲਾਸਾਨੀ ਸ਼ਹਾਦਤ ਨੂੰ ਅਸਮਾਨ ’ਤੇ ਵਿਸ਼ਾਲ ਡ੍ਰੋਨ ਸ਼ੋਅ ਰਾਹੀਂ ਦਰਸਾਇਆ ਜਾਵੇਗਾ। ਇਹ ਇਤਿਹਾਸਕ ਦ੍ਰਿਸ਼ 23 ਤੋਂ 29 ਨਵੰਬਰ ਤੱਕ ਵਿਰਾਸਤ-ਏ-ਖਾਲਸਾ ਵਿਖੇ ਸੰਗਤਾਂ ਲਈ ਪ੍ਰਦਰਸ਼ਿਤ ਕੀਤੇ ਜਾਣਗੇ ਜਿਸ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਪੰਜਾਬ ਸਰਕਾਰ ਬੇਅੰਤ ਸ਼ਰਧਾ ਅਤੇ ਪੰਥਕ ਭਾਵਨਾ ਨਾਲ ਮਨਾਉਣ ਦਾ ਵੱਡਾ ਉਪਰਾਲਾ ਕਰ ਰਹੀ ਹੈ। ਇਸ ਪਵਿੱਤਰ ਮੌਕੇ ਸ੍ਰੀਨਗਰ, ਗੁਰਦਾਸਪੁਰ, ਫਰੀਦਕੋਟ ਅਤੇ ਤਲਵੰਡੀ ਸਾਬੋ ਤੋਂ ਚਾਰ ਵਿਸ਼ਾਲ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ। 24 ਨਵੰਬਰ ਨੂੰ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੱਕ ‘ਸੀਸ ਭੇਟ ਨਗਰ ਕੀਰਤਨ’ ਵੀ ਸ਼ਾਨ ਨਾਲ ਪਹੁੰਚੇਗਾ। ਇਨ੍ਹਾਂ ਸਮਾਗਮਾਂ ਵਿਚ ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰੀ ਭਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿਮਾਣੀ ਸੰਗਤ ਵਾਂਗ ਹੀ ਇਹ ਪਵਿੱਤਰ ਸਮਾਗਮ ਮਨਾ ਰਹੀ ਹੈ।
ਬੈਂਸ ਨੇ ਦੱਸਿਆ ਕਿ 24 ਨਵੰਬਰ ਨੂੰ ਭਾਈ ਜੈਤਾ ਜੀ ਮੈਮੋਰੀਅਲ, ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਚ ਰੌਸ਼ਨੀ ਅਤੇ ਆਵਾਜ਼ ਦਾ ਵਿਸ਼ੇਸ਼ ਪ੍ਰੋਗਰਾਮ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਤਤਕਾਲੀ ਸਿੱਖਿਆਵਾਂ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰੇਗਾ। ਸ਼ਹੀਦੀ ਸ਼ਤਾਬਦੀ ਸਮਾਗਮਾਂ ਤਹਿਤ ਸਰਬ-ਧਰਮ ਸੰਮੇਲਨ, ਵਿਰਾਸਤੀ ਯਾਤਰਾ, ਗਾਈਡਡ ਟੂਰ, ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਪ੍ਰਦਰਸ਼ਨੀ ਅਤੇ ਢਾਡੀ ਵਾਰਾਂ ਪ੍ਰੋਗਰਾਮ ਵੀ ਦਰਸ਼ਨ ਲਈ ਉਪਲੱਬਧ ਹੋਣਗੇ। ਗੁਰੂ ਕਾ ਬਾਗ, ਛਾਉਣੀ ਬਾਬਾ ਬੁੱਢਾ ਦਲ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਹੋਵੇਗਾ, ਜਦਕਿ ਭੋਗ 25 ਨਵੰਬਰ ਨੂੰ ਪੈਣਗੇ।