ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਅਧਿਆਪਕ ਮਸਲਿਆਂ ਤੇ ਕੀਤੀ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਨਾਲ ਮੀਟਿੰਗ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋਂ ਅਧਿਆਪਕ ਮਸਲਿਆਂ ਤੇ ਕੀਤੀ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਨਾਲ ਮੀਟਿੰਗ।
Publish Date: Wed, 03 Dec 2025 05:27 PM (IST)
Updated Date: Wed, 03 Dec 2025 05:29 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਡੈਮੋਕਰੇਟਿਕ ਟੀਚਰਜ਼ ਫਰੰਟ ਨਵਾਂਸ਼ਹਿਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ ਅਤੇ ਜ਼ਿਲ੍ਹਾ ਸਕੱਤਰ ਮਨੋਹਰ ਲਾਲ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨਾਲ ਕੀਤੀ ਗਈ। ਜਿਸ ਵਿੱਚ ਵਿਚਾਰੇ ਗਏ ਵੱਖ ਵੱਖ ਮੁੱਦਿਆਂ ਤੇ ਬੜੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਜਿਨ੍ਹਾਂ ਦਾ ਵੇਰਵਾ ਸਾਂਝਾ ਕਰਦੇ ਹੋਏ ਜ਼ਿਲਾ ਪ੍ਰਧਾਨ ਜਸਵਿੰਦਰ ਔਜਲਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਦਿੱਤੇ ਗਏ ਮੰਗ ਪੱਤਰ ਦੇ ਪਹਿਲੇ ਅਜੰਡੇ ਵਿੱਚ ਇਹ ਮੰਗ ਸੀ ਕਿ ਦਫਤਰ ਵਿੱਚ ਹੋਣ ਵਾਲੇ ਕੰਮਾਂ ਵਿੱਚ ਬੇਲੋੜੀ ਦੇਰੀ ਨਾਂ ਕੀਤੀ ਜਾਵੇ ਤੇ ਕੰਮਾ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ । ਜਿਸ ਉੱਪਰ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਇਹ ਵਿਸ਼ਵਾਸ ਦਵਾਇਆ ਕਿ ਅਧਿਆਪਕਾਂ ਦੇ ਐਲੀਮੈਂਟਰੀ ਜਾਂ ਸੈਕੰਡਰੀ ਦੇ ਜੋ ਪੈਂਡਿੰਗ ਕੰਮ ਹਨ, ਜੋ ਜ਼ਿਲ੍ਹਾ ਸਿੱਖਿਆ ਦਫਤਰ ਨਾਲ ਸੰਬੰਧਿਤ ਹਨ, ਉਹ ਜਿਲਾ ਸਿੱਖਿਆ ਅਫਸਰ ,ਡਿਪਟੀ ਜਿਲਾ ਸਿੱਖਿਆ ਅਫਸਰ ਜਾਂ ਸੁਪਰਡੈਂਟ ਦੇ ਧਿਆਨ ਵਿੱਚ ਲਿਆਂਦੇ ਜਾਣ, ਉਨਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਦੂਜੇ ਅਜੰਡੇ ਵਿੱਚ ਜਿਲਾ ਸਿੱਖਿਆ ਅਫਸਰ ਵੱਲੋਂ ਠੋਸ ਹੱਲ ਨਹੀਂ ਕੀਤਾ ਗਿਆ,ਜਿਸ ਵਿੱਚ ਬਲਾਕ ਪ੍ਰਾਇਮਰੀ ਅਫਸਰ ਬੰਗਾ ਵੱਲੋਂ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦਾ ਅਜੰਡਾ ਸੀ। ਬਲਾਕ ਪ੍ਰਾਇਮਰੀ ਅਫਸਰ ਬੰਗਾ ਨੇ ਜ਼ਿਲਾ ਸਿੱਖਿਆ ਅਫਸਰ ਵਲੋਂ ਕੀਤੇ ਹੋਏ ਫੋਨਾ ਨੂੰ ਮਹੱਤਵ ਨਾ ਦਿੰਦੇ ਹੋਏ ਆਪਣੀ ਹਾਜ਼ਰੀ ਜਿਲਾ ਸਿੱਖਿਆ ਅਫਸਰ ਦਫਤਰ ਵਿੱਚ ਨਹੀਂ ਦਿੱਤੀ। ਅਧਿਆਪਕਾਂ ਦੀਆਂ ਹੋਰ ਸਕੂਲਾਂ ਵਿੱਚ ਡੈਪੂਟੇਸ਼ਨਾਂ ਲਾਉਣ ਦੇ ਸੰਬੰਧ ਵਿੱਚ ਜ਼ਿਲਾ ਸਿੱਖਿਆ ਅਫਸਰ ਵਲੋਂ ਇਹ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਬਿਨਾਂ ਸਹਿਮਤੀ ਲਏ ਕਿਸੇ ਅਧਿਆਪਕ ਦੀ ਡੈਪੂਟੇਸ਼ਨ ਡਿਊਟੀ ਨਹੀਂ ਲਗਾਈ ਜਾਵੇਗੀ। 6635 ਈ ਟੀ ਟੀ ਅਧਿਆਪਕਾਂ ਦੇ ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਦੀਆਂ ਪਟੀਸ਼ਨਰਜ਼ ਦੀਆਂ ਤਨਖਾਹਾਂ ਨਾ ਨਿਕਲਣ ਦੇ ਸਬੰਧ ਵਿੱਚ ਉਹਨਾਂ ਦੱਸਿਆ ਕਿ ਦਫਤਰ ਵੱਲੋਂ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ ਹੈ ,ਜਿਲਾ ਖਜ਼ਾਨਾ ਦਫਤਰ ਵੱਲੋਂ ਤਨਖਾਹਾਂ ਜਾਰੀ ਕਰਨ ਉੱਤੇ ਦੇਰੀ ਕੀਤੀ ਜਾ ਰਹੀ ਹੈ। ਇਸ ਲਈ ਤਨਖਾਹਾਂ ਰੁਕਣ ਲਈ ਜਿੰਮੇਵਾਰ ਜ਼ਿਲ੍ਹਾ ਖਜ਼ਾਨਾ ਦਫਤਰ ਹੈ। ਦਫਤਰ ਨਾਲ ਰਾਬਤਾ ਕਰਕੇ ਸਮੱਸਿਆ ਦਾ ਹੱਲ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ। ਜ਼ਿਲ੍ਹਾ ਆਗੂਆਂ ਸਕੱਤਰ ਮਨੋਹਰ ਲਾਲ ,ਮੀਤ ਪ੍ਰਧਾਨ ਅਜੇ ਚਾਹੜਮਜਾਰਾ ਅਤੇ ਸ਼ੰਕਰ ਦਾਸ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਜ਼ਿਲਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਲਿਆਂਦੀਆਂ ਬਾਕੀ ਸਾਰੀਆਂ ਮੰਗਾਂ ਦਾ ਹੱਲ ਕਰਨ ਲਈ ਜਿਲਾ ਸਿੱਖਿਆ ਅਫਸਰ ਵੱਲੋਂ ਭਰੋਸਾ ਦੇ ਦਿੱਤਾ ਗਿਆ ਹੈ ,ਪਰ ਬੀ ਪੀ ਓ ਬੰਗਾ ਦਾ ਮਸਲਾ ਹੱਲ ਨਹੀਂ ਕੀਤਾ ਗਿਆ। ਜਿਸ ਦੀ ਵਜਾ ਬੀ ਪੀ ਈ ਓ ਦਾ ਮੀਟਿੰਗ ਵਿੱਚ ਸ਼ਾਮਲ ਨਾ ਹੋਣਾ ਸੀ। ਇਹ ਬੀ ਪੀ ਓ ਦੀ ਹੈਂਕੜਬਾਜ਼ੀ ਨੂੰ ਵਿਅਕਤ ਕਰਨ ਵਾਲੀ ਸਥਿਤੀ ਹੈ। ਜਿਸ ਨੂੰ ਜਥੇਬੰਦੀ ਵਲੋਂ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਸ ਲਈ ਜਥੇਬੰਦੀ ਵੱਲੋਂ ਲਿਖਤੀ ਰੂਪ ਵਿੱਚ ਦਿੱਤੀ ਸ਼ਿਕਾਇਤ ਲਈ ਇਨਕੁਆਇਰੀ ਬਿਠਾਉਣ ਬਾਰੇ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਕਿਹਾ ਗਿਆ ਹੈ, ਇਸ ਲਈ ਦਫਤਰ ਵੱਲੋਂ ਸ਼ਿਕਾਇਤ ਡਾਇਰੀ ਕਰ ਦਿੱਤੀ ਗਈ ਹੈ ਅਤੇ 15 ਦਿਨ ਦਾ ਸਮਾਂ ਦਿੱਤਾ ਹੈ ਜਿਸ ਵਿੱਚ ਇਨਕੁਆਇਰੀ ਦੀ ਆਖਰੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ । ਜ਼ਿਲ੍ਹਾ ਆਗੂਆਂ ਚੰਦਰ ਸ਼ੇਖਰ , ਸਤਨਾਮ ਮੀਰਪੁਰੀ ਤੇ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਅਗਲੇ 15 ਦਿਨ ਜਥੇਬੰਦੀ ਅਧਿਆਪਕਾਂ ਦੀ ਲਾਮਬੰਦੀ ਕਰੇਗੀ , ਜੇਕਰ 15 ਦਿਨਾਂ ਦੇ ਵਿੱਚ ਬੀਪੀਈਓ ਵਿਰੁੱਧ ਕੀਤੀ ਗਈ ਸ਼ਿਕਾਇਤ ਦਾ ਹੱਲ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਬਲਾਕ ਸਿੱਖਿਆ ਅਫਸਰ ਦੇ ਦਫ਼ਤਰ ਦਾ ਵੱਡੇ ਪੱਧਰ ਤੇ ਘਿਰਾਓ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਆਰੰਭੀ ਜਾਵੇਗੀ ਤੇ ਹੋਰ ਤਿੱਖੇ ਐਕਸ਼ਨ ਕਰਨ ਲਈ ਜਥੇਬੰਦੀ ਮਜਬੂਰ ਹੋਵੇਗੀ। ਇਸ ਦੀ ਸਾਰੀ ਜਿੰਮੇਵਾਰੀ ਬਲਾਕ ਸਿੱਖਿਆ ਅਫਸਰ ਦੀ ਹੋਵੇਗੀ। ਜ਼ਿਲ੍ਹਾ ਕਮੇਟੀ ਵਲੋਂ ਅਧਿਆਪਕ ਸਾਥੀਆਂ ਨੂੰ ਤਿਆਰ ਰਹਿਣ ਲਈ ਅਪੀਲ ਕੀਤੀ ਗਈ। ਆਉਣ ਵਾਲੇ ਦਿਨਾ ਵਿੱਚ ਜੇਕਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਆਪਣੇ ਮਾਣ ਸਤਿਕਾਰ ਨੂੰ ਜਿਉਂਦਾ ਰੱਖਣ ਲਈ , ਡੀ ਟੀ ਐਫ ਦੇ ਝੰਡੇ ਹੇਠ ਇਕੱਠੇ ਹੋ ਕੇ ਸਖਤ ਐਕਸ਼ਨ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਬਲਵੀਰ ਭੁੱਲਰ, ਬਲਵੀਰ ਰੱਕੜ,ਰਾਜ ਕੁਮਾਰ,ਸੀ ਐਚ ਟੀ ਜਸਵੀਰ ਸਿੰਘ ਤੇ ਉਂਕਾਰ ਸਿੰਘ,6635 ਅਧਿਆਪਕਾਂ ਵਿੱਚੋ ਰਜਿੰਦਰ ਕੌਰ ਅਤੇ ਨੀਲਮ ਆਦਿ ਅਧਿਆਪਕ ਸ਼ਾਮਿਲ ਸਨ।