ਥੀਮ ਪਾਰਕ ’ਚ ਦੋ 10-10 ਮੀਟਰ ਉੱਚੀਆਂ ਤਾਂਬੇ ਦੀਆਂ ਤਲਵਾਰਾਂ ਤੇ ਖੰਡੇ ਦੀ ਸਥਾਪਨਾ ਕੀਤੀ ਗਈ ਹੈ। ਪੰਜ ਤਾਂਬੇ ਦੇ ਘੋਡ਼ੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ’ਤੇ ਯੋਧੇ ਵੀ ਸਵਾਰ ਹੋਣਗੇ

ਪਰਮਜੀਤ ਕੌਰ, ਚਮਕੌਰ ਸਾਹਿਬ : ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸਮੇਤ ਕੱਚੀ ਗਡ਼੍ਹੀ ਦੇ ਮਹਾਨ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 13 ਏਕਡ਼ ’ਚ 55 ਕਰੋਡ਼ ਦੀ ਲਾਗਤ ਨਾਲ ਬਣੇ ਥੀਮ ਪਾਰਕ ‘ਦਾਸਤਾਨ-ਏ-ਸ਼ਹਾਦਤ’ ਦਾ 19 ਨਵੰਬਰ ਨੂੰ ਉਦਘਾਟਨ ਹੋਣ ਜਾ ਰਿਹਾ ਹੈ। ਸਿੱਖ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੂਪਮਾਨ ਕਰਦੇ ਇਸ ਪ੍ਰਾਜੈਕਟ ਦੀਆਂ 11 ਅਤਿ ਆਧੁਨਕਿ ਗੈਲਰੀਆਂ ’ਚ ਸਿੱਖੀ ਇਤਿਹਾਸ ਨੂੰ ਐਨੀਮੇਸ਼ਨ ਫਿਲਮਾਂ ਰਾਹੀਂ ਦਰਸਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੰਨ 2007 ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਥੀਮ ਪਾਰਕ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅੰਬਿਕਾ ਸੋਨੀ ਵੱਲੋਂ ਪਾਰਕ ਦੇ ਪਹਿਲੇ ਪਡ਼ਾਅ ਦੇ ਕੰਮਾਂ ਲਈ ਗ੍ਰਾਂਟ ਜਾਰੀ ਕਰਵਾਈ ਗਈ ਸੀ। ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪਾਰਕ ਦਾ ਕੰਮ ਬਿਲਕੁਲ ਬੰਦ ਹੋ ਗਿਆ। 2017 ’ਚ ਮੁਡ਼ ਕਾਂਗਰਸ ਸਰਕਾਰ ਆਈ ਜਿਸ ’ਚ ਚਰਨਜੀਤ ਸਿੰਘ ਚੰਨੀ ਨੂੰ ਸੈਰ ਸਪਾਟਾ ਮੰਤਰੀ ਦਾ ਅਹੁਦਾ ਮਿਲਿਆ ਅਤੇ ਉਨ੍ਹਾਂ ਨੇ ਪਹਿਲ ਦੇ ਅਧਾਰ ’ਤੇ ਥੀਮ ਪਾਰਕ ਦਾ ਰੁਕਿਆ ਹੋਇਆ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਵਾਇਆ। ਚੰਨੀ ਨੇ ਮੁੱਖ ਮੰਤਰੀ ਬਣਦੇ ਸਾਰ ਹੀ ਥੀਮ ਪਾਰਕ ਦਾ ਕੰਮ ਮੁਕੰਮਲ ਕਰਵਾ ਕੇ ਇਸੇ ਸਾਲ ਸੰਗਤਾਂ ਨੂੰ ਸਮਰਪਿਤ ਕਰਨ ਦਾ ਵਾਅਦਾ ਕੀਤਾ ਜੋ ਪੂਰਾ ਹੋਣ ਜਾ ਰਿਹਾ ਹੈ।
ਪਹਿਲੀ ਪਾਤਸ਼ਾਹੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤਕ ਦਾ ਇਤਿਹਾਸ ਰੂਪਮਾਨ
ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐੱਸ ਚਾਨਾ ਮੁਤਾਬਕ ਥੀਮ ਪਾਰਕ ਦੇ ਚਾਰੇ ਪਾਸੇ ਦੀਆਂ ਸਡ਼ਕਾਂ ਨਵੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ’ਤੇ ਐੱਲਈਡੀ ਲਾਈਟਾਂ ਲੱਗਣਗੀਆਂ। ਉਨ੍ਹਾਂ ਦੱਸਿਆ ਕਿ ਥੀਮ ਪਾਰਕ ਕਿਸੇ ਅਜੂਬੇ ਨਾਲੋਂ ਘੱਟ ਨਹੀਂ ਹੈ। ਵਿਰਾਸਤ-ਏ-ਖ਼ਾਲਸਾ ਤਿਆਰ ਕਰਨ ਵਾਲੇ ਮਾਹਿਰਾਂ ਦੀ ਟੀਮ ਨੇ ਸਾਰਾ ਪ੍ਰਾਜੈਕਟ ਪੂਰਾ ਕੀਤਾ ਹੈ। ਪਹਿਲੀ ਪਾਤਿਸ਼ਾਹੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤਕ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ ਥੀਮ ਪਾਰਕ ਦੀਆਂ ਵੱਖ-ਵੱਖ ਗੈਲਰੀਆਂ ’ਚ ਵਿਖਾਈਆਂ ਜਾਣ ਵਾਲੀਆਂ ਐਨੀਮੇਸ਼ਨ ਫਿਲਮਾਂ ਵੀ ਲਗਪਗ ਤਿਆਰ ਹਨ। 11 ਗੈਲਰੀਆਂ ’ਚ ਅਤਿ ਆਧੁਨਿਕ ਤਕਨੀਕਾਂ ਰਾਹੀਂ ਸਿੱਖ ਫਲਸਫ਼ੇ, ਸ੍ਰੀ ਚਮਕੌਰ ਸਾਹਿਬ ਦੇ ਸਾਕੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਵਿਛੋਡ਼ੇ, ਮਾਛੀਵਾਡ਼ਾ ਦੇ ਜੰਗਲਾਂ ਸਣੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਤ ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਕੂਚ ਕਰਨਾ ਅਤੇ ਸਿੱਖ ਰਾਜ ਨੂੰ ਮੁਡ਼ ਸਥਾਪਿਤ ਕਰਨਾ ਆਦਿ ਨੂੰ ਪੇਸ਼ ਕੀਤਾ ਗਿਆ ਹੈ।
ਸੁਰਜੀਤ ਪਾਤਰ ਨੇ ਲਿਖੀ ਹੈ ਸਕ੍ਰਿਪਟ, ਨਾਮਵਰ ਗਾਇਕਾਂ ਨੇ ਦਿੱਤੀ ਹੈ ਆਵਾਜ਼
ਇਸ ਪ੍ਰਾਜੈਕਟ ਦੀ ਸਮੁੱਚੀ ਸਕ੍ਰਿਪਟ ਜਿੱਥੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਲਿਖੀ ਹੈ, ਉੱਥੇ ਹੀ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਐਨੀਮੇਸ਼ਨ ਫਿਲਮਾਂ, ਗੀਤਾਂ ਤੇ ਕੁਮੈਂਟਰੀ ਨੂੰ ਮੁੰਬਈ ਤੇ ਦਿੱਲੀ ਦੇ ਨਾਮਵਰ ਸਟੂਡੀਓ ਤੋਂ ਤਿਆਰ ਕਰਵਾਇਆ ਗਿਆ ਹੈ। ਫਿਲਮਾਂ ’ਚ ਦੇਸ਼ ਦੇ ਨਾਮਵਰ ਗਾਇਕ ਕੈਲਾਸ਼ ਖੇਰ ਅਤੇ ਸੁਖਵਿੰਦਰ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ।
ਬੰਗਾਲ ਤੋਂ ਆਏ ਕਲਾਕਾਰਾਂ ਨੇ ਕੀਤਾ ਹੈ ਤਾਂਬੇ ਦੇ ਘੋਡ਼ਿਆਂ ’ਤੇ ਸਵਾਰ ਯੋਧਿਆਂ ਦਾ ਨਿਰਮਾਣ
ਥੀਮ ਪਾਰਕ ’ਚ ਦੋ 10-10 ਮੀਟਰ ਉੱਚੀਆਂ ਤਾਂਬੇ ਦੀਆਂ ਤਲਵਾਰਾਂ ਤੇ ਖੰਡੇ ਦੀ ਸਥਾਪਨਾ ਕੀਤੀ ਗਈ ਹੈ। ਪੰਜ ਤਾਂਬੇ ਦੇ ਘੋਡ਼ੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ’ਤੇ ਯੋਧੇ ਵੀ ਸਵਾਰ ਹੋਣਗੇ। ਇਸ ਦਾ ਨਿਰਮਾਣ ਬੰਗਾਲ ਤੋਂ ਆਏ ਕਾਰੀਗਰਾਂ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਹੈਰੀਟੇਜ ਸਟਰੀਟ ਮਾਰਕੀਟ ਵੀ ਬਣਾਈ ਜਾ ਰਹੀ ਹੈ ਜੋ ਕਿ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗੀ।