ਪਿੰਡ ਮਾਣਕੂਮਾਜਰਾ ’ਚ ਕੰਕਰੀਟ ਨਾਲੇ ਦੇ ਨਿਰਮਾਣ ਕਾਰਜ ਦੀ ਸ਼ੁਰੂ
ਪਿੰਡ ਮਾਣਕੂਮਾਜਰਾ ਵਿਚ 10 ਲੱਖ ਦੀ ਲਾਗਤ ਨਾਲ ਕੰਕਰੀਟ ਨਾਲੇ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
Publish Date: Wed, 07 Jan 2026 05:41 PM (IST)
Updated Date: Wed, 07 Jan 2026 05:44 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਖੇਤਰ ਦੇ ਪਿੰਡ ਮਾਣਕੂਮਾਜਰਾ ਵਿਚ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਲਈ ਇੱਕ ਅਹਿਮ ਵਿਕਾਸੀ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਪਿੰਡ ਦੀ ਫਿਰਨੀ ਦੇ ਨਾਲ-ਨਾਲ ਸ਼ਿਵ ਮੰਦਿਰ ਤੱਕ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਨਾਲੇ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਜੈਕਟ ਪਿੰਡ ਵਾਸੀਆਂ ਲਈ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਭਰਾਵਟ ਅਤੇ ਗੰਦਗੀ ਦੀ ਸਮੱਸਿਆ ਦਾ ਸਥਾਈ ਹੱਲ ਸਾਬਤ ਹੋਵੇਗਾ। ਪਿੰਡ ਦੇ ਸਰਪੰਚ ਮਹਿੰਦਰ ਸਿੰਘ ਰਾਣਾ ਨੇ ਨਾਲੇ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਲਈ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲੇ ਦੇ ਬਣਨ ਨਾਲ ਪਿੰਡ ਦੀ ਫਿਰਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸਰਪੰਚ ਵੱਲੋਂ ਇਹ ਮੰਗ ਵੀ ਰੱਖੀ ਗਈ ਕਿ ਜੇਕਰ ਭਵਿੱਖ ਵਿੱਚ ਇਸ ਨਾਲੇ ਦੀ ਲੰਬਾਈ ਹੋਰ ਵਧਾ ਦਿੱਤੀ ਜਾਵੇ ਤਾਂ ਪਾਣੀ ਦੀ ਨਿਕਾਸੀ ਹੋਰ ਵੀ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਸੰਭਵ ਹੋ ਸਕੇਗੀ। ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਲਗਭਗ 10 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਮੁਤਾਬਕ ਇਹ ਨਾਲਾ ਤਿੰਨ ਫੁੱਟ ਚੌੜਾ ਅਤੇ ਡੇਢ ਫੁੱਟ ਉੱਚਾ ਤਿਆਰ ਕੀਤਾ ਜਾ ਰਿਹਾ ਹੈ, ਜੋ ਖ਼ਾਸ ਤੌਰ ‘ਤੇ ਬਰਸਾਤੀ ਪਾਣੀ ਦੀ ਤੇਜ਼ ਅਤੇ ਸੁਚੱਜੀ ਨਿਕਾਸੀ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਨਾਲ ਪਿੰਡ ਦੀਆਂ ਗਲੀਆਂ, ਫਿਰਨੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਪਾਣੀ ਖੜ੍ਹਾ ਰਹਿਣ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਵਿਕਾਸੀ ਕੰਮ ਦੀ ਸ਼ੁਰੂਆਤ ‘ਤੇ ਸਮੂਹ ਪਿੰਡ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਆਸ ਜਤਾਈ ਗਈ ਕਿ ਭਵਿੱਖ ਵਿਚ ਵੀ ਪਿੰਡ ਦੇ ਹੋਰ ਬੁਨਿਆਦੀ ਢਾਂਚਾਗਤ ਵਿਕਾਸੀ ਕੰਮ ਇਸੇ ਤਰ੍ਹਾਂ ਤਰਜੀਹ ਦੇ ਅਧਾਰ ‘ਤੇ ਕਰਵਾਏ ਜਾਣਗੇ।