ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਸੰਪੂਰਨ ਟੀਕਾਕਰਨ ਜ਼ਰੂਰੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਤੇ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਨੀਆ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਜ਼ਿਲ੍ਹੇ ਵਿੱਚ ਗੁਣਵੱਤਾਪੂਰਨ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸੇ ਕੜੀ ਤਹਿਤ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਬੁੱਧਵਾਰ ਨੂੰ ਮਮਤਾ ਦਿਵਸ ਮੌਕੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਤੇ ਗਰਭਵਤੀਆਂ ਦਾ ਟੀਕਾਕਰਨ ਕੀਤਾ ਗਿਆ। ਇਸ ਦੌਰਾਨ ਮੈਡੀਕਲ ਅਫ਼ਸਰ ਡਾ. ਰਿਤੂ ਦੀਪਤੀ ਨੇ ਗਰਭਵਤੀ ਔਰਤਾਂ ਨੂੰ ਗਰਭ ਅਵੱਸਥਾ ਦੌਰਾਨ ਖ਼ਤਰੇ ਦੇ ਚਿੰਨ੍ਹਾਂ ‘ਤੇ ਧਿਆਨ ਦੇਣ, ਸੰਪੂਰਨ ਟੀਕਾਕਰਨ ਯਕੀਨੀ ਬਣਾਉਣ, ਚਾਰ ਏਐੱਨਸੀ. ਚੈਕਅੱਪ ਕਰਵਾਉਣ, ਪੌਸ਼ਟਿਕ ਤੇ ਸੰਤੁਲਿਤ ਖੁਰਾਕ ਲੈਣ ਅਤੇ ਸੰਸਥਾਗਤ ਜਣੇਪਾ ਕਰਵਾਉਣ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਮੈਡੀਕਲ ਅਫ਼ਸਰ ਨੇ ਕਿਹਾ ਕਿ ਗਰਭਧਾਰਨ ਦੌਰਾਨ ਔਰਤਾਂ ਨੂੰ ਸੰਤੁਲਿਤ ਆਹਾਰ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜਿਸ ਨਾਲ ਜੱਚਾ ਅਤੇ ਬੱਚਾ ਦੀ ਸਿਹਤ ਤੰਦਰੁਸਤ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਮਮਤਾ ਦਿਵਸ ਹਰ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ, ਜਿਸ ਦੌਰਾਨ 11 ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ। ਨਾਲ ਹੀ ਗਰਭਵਤੀਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ। ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਸੰਪੂਰਨ ਟੀਕਾਕਰਨ ਯਕੀਨੀ ਬਣਾਉਣਾ ਜ਼ਰੂਰੀ ਹੈ। ਸਿਹਤ ਵਿਭਾਗ ਦਾ ਮਕਸਦ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨਾ ਹੈ। ਇਸ ਲਈ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਮਤਾ ਦਿਵਸ ਨਿਯਮਤ ਟੀਕਾਕਰਨ ਯਕੀਨੀ ਬਣਾਉਣ, ਗਰਭਵਤੀ ਔਰਤਾਂ ਲਈ ਮੁੱਢਲੇ ਪੜਾਅ ‘ਤੇ ਬਿਮਾਰੀ ਦਾ ਪਤਾ ਲਗਾਉਣ, ਇਲਾਜ ਪ੍ਰਬੰਧਨ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਲਈ ਇਕ ਵੱਡਾ ਪਲੇਟਫਾਰਮ ਹੈ।
ਸਿਹਤ ਵਿਭਾਗ ਵੱਲੋਂ ਜਣੇਪੇ ਦੌਰਾਨ ਗਰਭਵਤੀ ਔਰਤਾਂ ਦੀਆਂ ਹੋਣ ਵਾਲੀਆਂ ਮੌਤਾਂ ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਮੌਕੇ ਮੈਡੀਕਲ ਅਫਸਰ ਡਾ ਗੁਰਪਿੰਦਰ ਕੌਰ ਨੇ ਦੱਸਿਆ ਕਿ ਮਮਤਾ ਦਿਵਸ ‘ਤੇ ਗਰਭਵਤੀ ਔਰਤਾਂ ਨੂੰ ਟੈਟਨੈੱਸ ਦੇ ਟੀਕੇ ਅਤੇ ਖੂਨ ਵਧਾਉਣ ਲਈ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਹ ਟੀਕੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਗਲਘੋਟੂ, ਕਾਲੀ ਖੰਘ, ਤਪਦਿਕ, ਪੋਲੀਓ, ਖਸਰਾ, ਪੀਲੀਆ, ਨਿਮੋਨੀਆ ਅਤੇ ਟੈਟਨੈੱਸ ਆਦਿ ਤੋਂ ਬਚਾਅ ਸਬੰਧੀ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬੱਚਿਆਂ ‘ਚ ਅੰਧਰਾਤੇ ਦੀ ਬਿਮਾਰੀ ਤੋਂ ਬਚਾਅ ਲਈ ਵਿਟਾਮਿਨ-ਏ ਦਾ ਘੋਲ ਵੀ ਮੁਫ਼ਤ ਦਿੱਤਾ ਜਾਂਦਾ ਹੈ। ਇਸ ਮੌਕੇ ਏਐੱਨਐੱਮ ਹਰਜਿੰਦਰ ਕੌਰ, ਸੀਮਾ, ਬਿਮਲਾ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਅਤੇ ਆਮ ਲੋਕ ਵੀ ਮੌਜੂਦ ਸਨ।