ਸਭ ਤੋਂ ਧਿਆਨਯੋਗ ਗੱਲ ਇਹ ਰਹੀ ਕਿ ਸਮਾਗਮ ਸਥਾਨ ਦੇ ਨੇੜੇ ਪੁੱਜਣ ਦੇ ਬਾਵਜੂਦ ਮੁੱਖ ਮੰਤਰੀ ਨੇ ਗੱਡੀ ਤੋਂ ਬਾਹਰ ਉਤਰ ਕੇ ਲੋਕਾਂ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਗੱਡੀ ਵਿੱਚੋਂ ਹੀ ਹੱਥ ਹਿਲਾਉਂਦੇ ਹੋਏ ਵਾਪਸ ਚਲੇ ਗਏ।

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਸਮਾਗਮਾਂ ਦੀ ਆਰੰਭਤਾ ਉਸ ਵੇਲੇ ਫਿੱਕੀ ਪੈ ਗਈ ਜਦੋਂ ਅਨੰਦਪੁਰ ਸਾਹਿਬ ਵਿਖੇ ਰੱਖਿਆ ਸਮਾਗਮ ਕੁਝ ਮਿੰਟਾਂ ਵਿੱਚ ਹੀ ਮੁਕੰਮਲ ਹੋ ਗਿਆ। ਸਭ ਤੋਂ ਧਿਆਨਯੋਗ ਗੱਲ ਇਹ ਰਹੀ ਕਿ ਸਮਾਗਮ ਸਥਾਨ ਦੇ ਨੇੜੇ ਪੁੱਜਣ ਦੇ ਬਾਵਜੂਦ ਮੁੱਖ ਮੰਤਰੀ ਨੇ ਗੱਡੀ ਤੋਂ ਬਾਹਰ ਉਤਰ ਕੇ ਲੋਕਾਂ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਗੱਡੀ ਵਿੱਚੋਂ ਹੀ ਹੱਥ ਹਿਲਾਉਂਦੇ ਹੋਏ ਵਾਪਸ ਚਲੇ ਗਏ।
.jpg)
ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਣਾਏ ਗਏ ਸਤਿਕਾਰ ਕਾਨੂੰਨ ਦੇ ਪਾਸ ਹੋਣ ਉਪਰੰਤ ਸ਼ੁਕਰਾਨਾ ਕਰਨ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਉਣਾ ਸੀ। ਇਸ ਮੌਕੇ ਭਗਤ ਰਵਿਦਾਸ ਚੌਂਕ ਵਿਖੇ ਵਿਸ਼ਾਲ ਸਮਾਗਮ ਰੱਖਿਆ ਗਿਆ ਸੀ, ਜਿੱਥੇ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਹੋਣੀ ਸੀ ਅਤੇ ਅਗਲੇ ਪੜਾਅ ਵਿੱਚ ਹੋਰ ਗੁਰਧਾਮਾਂ ਵਿੱਚ ਜਾ ਕੇ ਅਰਦਾਸ ਕਰਨ ਦਾ ਪ੍ਰੋਗਰਾਮ ਤੈਅ ਸੀ। ਨਿਰਧਾਰਤ ਸਮੇਂ ਮੁਤਾਬਕ ਮੁੱਖ ਮੰਤਰੀ ਨੇ ਸਵੇਰੇ 9 ਵਜੇ ਪਹੁੰਚਣਾ ਸੀ ਪਰ ਦੇਰੀ ਨਾਲ ਪਹੁੰਚਦੇ ਹੋਏ ਉਹ ਲਗਭਗ ਸਾਢੇ 11 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ।
ਇਸ ਤੋਂ ਬਾਅਦ ਭਗਤ ਰਵਿਦਾਸ ਚੌਂਕ ਵਿਖੇ ਲੋਕਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ, ਪਰ ਉੱਥੇ ਪਹੁੰਚ ਕੇ ਉਹ ਗੱਡੀ ਵਿੱਚ ਹੀ ਖੜ੍ਹੇ ਹੋਏ ਅਤੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਦੀ ਆਰੰਭਤਾ ਕਰ ਦਿੱਤੀ ਗਈ ਹੈ ਅਤੇ ਹੁਣ ਇਹ ਸਖਤ ਕਾਨੂੰਨ ਲਾਗੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਦੀ ਮੰਗ ਸੀ ਜੋ ਪੂਰੀ ਹੋਈ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਭਾਜਪਾ ਨੂੰ ਫਿਰਕੂ ਪਾਰਟੀ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਧਮਾਕਿਆਂ ਰਾਹੀਂ ਲੋਕਾਂ ਵਿੱਚ ਡਰ ਪੈਦਾ ਕਰਕੇ ਚੋਣੀ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਜਪਾ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਬਿਨਾਂ ਰੁਕੇ ਗੱਡੀ ਵਿੱਚੋਂ ਹੀ ਹੱਥ ਹਿਲਾਉਂਦੇ ਹੋਏ ਵਾਪਸ ਚਲੇ ਗਏ। ਇਸ ਕਾਰਨ ਉੱਥੇ ਮੌਜੂਦ ਆਗੂਆਂ, ਵਰਕਰਾਂ ਅਤੇ ਆਮ ਜਨਤਾ ਵਿੱਚ ਨਿਰਾਸ਼ਾ ਵੇਖਣ ਨੂੰ ਮਿਲੀ। ਚੌਂਕ ਵਿਖੇ ਵੱਡਾ ਮੰਚ ਤਿਆਰ ਕੀਤਾ ਗਿਆ ਸੀ ਅਤੇ ਸੈਂਕੜਿਆਂ ਕੁਰਸੀਆਂ ਲਗਾਈਆਂ ਗਈਆਂ ਸਨ। ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ, ਪਰ ਮੁੱਖ ਮੰਤਰੀ ਦੇ ਬਿਨਾਂ ਰੁਕੇ ਵਾਪਸ ਜਾਣ ਕਾਰਨ ਇਹ ਸਾਰੇ ਪ੍ਰਬੰਧ ਬੇਅਸਰ ਰਹੇ।
ਇਲਾਕਾ ਵਾਸੀਆਂ ਨੂੰ ਇਸ ਦੌਰੇ ਤੋਂ ਵੱਡੀਆਂ ਉਮੀਦਾਂ ਸਨ ਕਿ ਕੋਈ ਮਹੱਤਵਪੂਰਨ ਐਲਾਨ ਕੀਤਾ ਜਾਵੇਗਾ। ਚੋਣਾਂ ਨੇੜੇ ਹੋਣ ਕਾਰਨ ਲੋਕਾਂ ਵਿੱਚ ਆਸ ਹੋਰ ਵੱਧ ਗਈ ਸੀ ਕਿ ਇਲਾਕੇ ਨੂੰ ਕੋਈ ਸੁਗਾਤ ਮਿਲੇਗੀ, ਪਰ ਕਿਸੇ ਵੀ ਤਰ੍ਹਾਂ ਦਾ ਐਲਾਨ ਨਾ ਹੋਣ ਕਾਰਨ ਨਿਰਾਸ਼ਾ ਦਾ ਮਾਹੌਲ ਬਣਿਆ ਰਿਹਾ। ਭਾਵੇਂ ਕਿ ਆਗੂਆਂ ਵੱਲੋਂ ਖੁੱਲ੍ਹ ਕੇ ਕੁਝ ਨਹੀਂ ਕਿਹਾ ਗਿਆ, ਪਰ ਸਮਾਗਮ ਦੇ ਅਚਾਨਕ ਖਤਮ ਹੋਣ ਅਤੇ ਉਮੀਦਾਂ ਪੂਰੀਆਂ ਨਾ ਹੋਣ ਕਾਰਨ ਉਹਨਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਸਪਸ਼ਟ ਦਿਖਾਈ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੰਜੀਵ ਗੋਤਮ , ਦੀਪਕ ਸੋਨੀ , ਹਰਜੀਤ ਸਿੰਘ ਜੀਤਾ, ਇੰਦਰਜੀਤ ਸਿੰਘ ਅਰੋੜਾ, ਸੁਨੀਲ ਅਡਵਾਲ, ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।