ਸਰਕਾਰੀ ਪ੍ਰਾਇਮਰੀ ਸਕੂਲ ’ਚ ਮਨਾਇਆ ਬਾਲ ਦਿਵਸ
ਸਰਕਾਰੀ ਪ੍ਰਾਇਮਰੀ ਸਕੂਲ ’ਚ ਮਨਾਇਆ ਬਾਲ ਦਿਵਸ
Publish Date: Mon, 17 Nov 2025 03:25 PM (IST)
Updated Date: Mon, 17 Nov 2025 03:28 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਵਿਦਾਸ ਨਗਰ ਨਵਾਂਸ਼ਹਿਰ ਵਿਖੇ ਬਾਲ ਦਿਵਸ ਮਨਾਇਆ। ਇਸ ਸੈਮੀਨਾਰ ਦੀ ਪ੍ਰਧਾਨਗੀ ਕਮਲਜੀਤ ਕੌਰ ਮੁੱਖ ਅਧਿਆਪਕ ਨੇ ਕੀਤੀ। ਇਸ ਮੌਕੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਬਾਲ ਦਿਵਸ ਆਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦਾ ਜਨਮ 14 ਨਵੰਬਰ 1889 ਨੂੰ ਹੋਇਆ ਅਤੇ 1964 ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਦਿਨ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ। ਕਿਉਂ ਕਿ ਉਹ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਸਨ, ਉਨ੍ਹਾਂ ਵਿਚ ਵਿਚਰਦੇ ਸਨ। ਉਹ ਕਹਿੰਦੇ ਸਨ ਕਿ ਬੱਚੇ ਹੀ ਦੇਸ਼ ਦਾ ਭੱਵਿਖ ਹੁੰਦੇ ਹਨ। ਜੇ ਇਨ੍ਹਾਂ ਨੂੰ ਸੰਭਾਲ ਲਈਏ ਤਾਂ ਦੇਸ਼ ਹਰ ਪੱਖੋਂ ਅੱਗੇ ਵਧੇਗਾ। ਅੱਜ ਸਾਨੂੰ ਆਪਣਾ ਸੁਨਹਿਰੀ ਭੱਵਿਖ ਬਣਾਉਣ ਲਈ ਬੱਚਿਆਂ ਨੂੰ ਖੁਸ਼ਹਾਲ ਬਚਪਨ ਦੇਣਾ ਪਵੇਗਾ। ਉਨ੍ਹਾਂ ਦੀ ਸਿਹਤ, ਸਿੱਖਿਆ ਅਤੇ ਸੁਰੱਖਿਆ ਦੀ ਜਿੰਮੇਵਾਰੀ ਲੈਣੀ ਪਵੇਗੀ। ਭਾਵੇਂ ਬੱਚਿਆਂ ਦੀ ਬਿਹਤਰੀ ਲਈ ਅਨੇਕਾਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਪਰ ਫਿਰ ਵੀ ਭਾਰਤ ਦੀ 40 ਫ਼ੀਸਦੀ ਆਬਾਦੀ 18 ਸਾਲ ਤੋਂ ਘੱਟ ਹੈ। ਜਿਸ ਵਿਚ ਲਗਭਗ 17 ਮਿਲੀਅਨ ਬਾਲ ਮਜਦੂਰ ਹਨ, ਜੋ ਦੁਨੀਆਂ ਵਿੱਚੋਂ ਸੱਭ ਤੋਂ ਅੱਗੇ ਹੈ। ਇਸ ਮੌਕੇ ਕਮਲਜੀਤ ਕੌਰ ਹੈੱਡ ਟੀਚਰ ਨੇ ਪੰਡਿਤ ਜਵਾਹਰ ਦੇ ਜੀਵਨ ਤੇ ਚਰਚਾ ਕਰਦਿਆ ਬੱਚਿਆ ਨਾਲ ਪਿਆਰ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣੀ ਹੈ। ਉਨ੍ਹਾਂ ਨੇ ਰੈੱਡ ਕਰਾਸ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਬਾਲ ਦਿਵਸ ਦੀ ਖੁਸ਼ੀ ਵਿਚ ਬੱਚਿਆਂ ਨੂੰ ਲੱਡੂ ਵੰਡੇ ਅਤੇ ਬੱਚਿਆਂ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਗਾਣਿਆ ਤੇ ਡਾਂਸ ਕੀਤਾ। ਇਸ ਮੌਕੇ ਮਨਜੋਤ ਅਤੇ ਸਕੂਲ ਸਟਾਫ ਮੈਂਬਰ ਗੀਤਾ, ਪੂਜਾ, ਬਲਵਿੰਦਰ ਕੌਰ, ਕਮਲਦੀਪ, ਸੁਨੀਤਾ ਰਾਣੀ, ਮਲਕਾ ਬੈਂਸ, ਬਿਮਲਾ ਰਾਣੀ, ਪ੍ਰੀਤੀ, ਹਰਪ੍ਰੀਤੀ ਕੌਰ, ਨਿਰਮਲਦੀਪ ਸਿੰਘ, ਅਵਤਾਰ ਕੌਰ, ਸੁਖਵਿੰਦਰ ਕੌਰ ਹਾਜ਼ਰ ਸਨ।