ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ CM Mann, ਨਾਲ ਮੌਜੂਦ ਹਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸਖ਼ਤ ਨਾਕਾਬੰਦੀ ਨੇ ਆਮ ਲੋਕਾਂ ਦੀਆਂ ਵਧਾਈਆਂ ਮੁਸ਼ਕਿਲਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਹਨ।
Publish Date: Wed, 06 May 2026 09:39 AM (IST)
Updated Date: Wed, 06 May 2026 11:21 AM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ ਦਿਖਾਈ ਦਿੱਤਾ, ਪਰ ਪੁਲਿਸ ਵੱਲੋਂ ਕੀਤੀ ਗਈ ਸਖਤ ਨਾਕਾਬੰਦੀ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਸ਼ਹਿਰ ਦੇ ਮੁੱਖ ਧੁਰੇ ਭਗਤ ਰਵਿਦਾਸ ਚੌਂਕ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ, ਜਿੱਥੇ ਮੁੱਖ ਮੰਤਰੀ ਦੀ ਆਮਦ ਹੋਣੀ ਹੈ। ਪਹਿਲਾਂ ਨਿਰਧਾਰਿਤ ਸਮਾਂ ਨੌ ਵਜੇ ਦਾ ਸੀ, ਪਰ ਫੇਰੀ ਦੇ ਦੇਰ ਨਾਲ ਹੋਣ ਕਾਰਨ ਲੋਕ ਲੰਮੇ ਸਮੇਂ ਤੱਕ ਉਡੀਕ ਕਰਦੇ ਹੋਏ ਖੱਜਲ ਖੁਆਰ ਹੋਏ।
ਭਗਤ ਰਵਿਦਾਸ ਚੌਂਕ ਗੁਰੂ ਨਗਰੀ ਦਾ ਸਭ ਤੋਂ ਮਹੱਤਵਪੂਰਨ ਰਸਤਾ ਮੰਨਿਆ ਜਾਂਦਾ ਹੈ, ਜਿੱਥੋਂ ਰੋਜ਼ਾਨਾ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂ ਮੁੱਖ ਬਜ਼ਾਰ ,ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਵੱਲ ਜਾਂਦੇ ਹਨ। ਇਸ ਤੋਂ ਇਲਾਵਾ, ਕਚਹਿਰੀ, ਐਸਡੀਐਮ ਦਫ਼ਤਰ ਅਤੇ ਸਰਕਾਰੀ ਹਸਪਤਾਲ ਜਾਣ ਲਈ ਵੀ ਇਹੀ ਰਸਤਾ ਵਰਤਿਆ ਜਾਂਦਾ ਹੈ। ਚੌਂਕ ਨੂੰ ਚਾਰੋਂ ਪਾਸਿਆਂ ਤੋਂ ਬੈਰੀਕੇਡਿੰਗ ਕਰਕੇ ਬੰਦ ਕਰ ਦੇਣ ਕਾਰਨ ਲੋਕਾਂ ਦੀ ਆਵਾਜਾਈ ਲਗਭਗ ਠੱਪ ਹੋ ਗਈ।
ਸੁਰੱਖਿਆ ਇੰਨੀ ਸਖਤ ਹੈ ਕਿ ਆਮ ਲੋਕਾਂ ਨੂੰ ਬੈਰੀਕੇਡਿੰਗ ਦੇ ਨੇੜੇ ਜਾਣ ਦੀ ਵੀ ਆਗਿਆ ਨਹੀਂ ਦਿੱਤੀ ਜਾ ਰਹੀ । ਪੁਲਿਸ ਵੱਲੋਂ ਕੇਵਲ ਇੱਕ ਪਾਸੇ ਤੋਂ ਲੰਘਣ ਲਈ ਰਸਤਾ ਦਿੱਤਾ ਗਿਆ ਹੈ, ਪਰ ਵਾਪਸੀ ਲਈ ਉਹੀ ਰਸਤਾ ਬੰਦ ਰੱਖਿਆ ਗਿਆ, ਜਿਸ ਕਾਰਨ ਲੋਕਾਂ ਨੂੰ ਲੰਮੇ ਚੱਕਰ ਲਾ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਇਹ ਸਥਿਤੀ ਹੋਰ ਵੀ ਮੁਸ਼ਕਿਲ ਬਣ ਰਹੀ ਹੈ ਅਤੇ ਬਜ਼ੁਰਗਾਂ ਤੇ ਮਹਿਲਾਵਾਂ ਨੂੰ ਖਾਸ ਤੌਰ 'ਤੇ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਚੌਂਕ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਵੀ ਪੂਰੀ ਤਰ੍ਹਾਂ ਬੰਦ ਹਨ, ਜਿਸ ਨਾਲ ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਕਈ ਦੁਕਾਨਦਾਰ ਵਿਹਲੇ ਬੈਠੇ ਜਾਂ ਘੁੰਮਦੇ ਨਜ਼ਰ ਆਏ ।