ਇਹ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਮੰਲਗਵਾਰ ਨੂੰ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆ ਵੱਖ-ਵੱਖ ਸਿਹਤ ਸਹੂਲਤਾਂ ਸਬੰਧੀ ਮੀਟਿੰਗ ਕਰਨ ਲਈ ਰੂਪਨਗਰ ਪਹੁੰਚੇ ਸਨ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵਾਲੀ ਨਹੀਂ ਰਹੀ, ਜਦੋਂ ਅੰਗਰੇਜ਼ ਵੀ ਸਿੱਖ ਇਤਿਹਾਸ ਤੋਂ ਜਾਣੂ ਹੋ ਕੇ ਸਿੱਖੀ ਸਰੂਪ ਗ੍ਰਹਿਣ ਕਰਦੇ ਸੀ ਹੁਣ ਤਾਂ ਐੱਸਜੀਪੀਸੀ ਇੱਕ ਪਾਰਟੀ ਦੀ ਬਣ ਕੇ ਰਹਿ ਗਈ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਮੰਲਗਵਾਰ ਨੂੰ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆ ਵੱਖ-ਵੱਖ ਸਿਹਤ ਸਹੂਲਤਾਂ ਸਬੰਧੀ ਮੀਟਿੰਗ ਕਰਨ ਲਈ ਰੂਪਨਗਰ ਪਹੁੰਚੇ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਵਿਧਾਨ ਸਭਾ ਵਿਚ ਸੋਧ ਬਿੱਲ ਪਾਸ ਕੀਤਾ ਹੈ। ਉਸ ਨਾਲ ਹੁਣ ਕਿਸੇ ਦੀ ਹਿੰਮਤ ਨਹੀਂ ਪਵੇਗੀ ਬੇਅਦਬੀ ਕਰਨ ਦੀ। ਉਨ੍ਹਾਂ ਕਿਹਾ ਕਿ ਬਿੱਲ ਦਾ ਤਾਂ ਐਸਜੀਪੀਸੀ ਨੂੰ ਸਵਾਗਤ ਕਰਨਾ ਚਾਹੀਦਾ ਹੈ ਅਤੇ ਸਹਿਯੋਗ ਦੇਣ ਦੀ ਗੱਲ ਕਰਨੀ ਚਾਹੀਦੀ ਹੈ।
ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਨੂੰ ਤਾਂ ਕਿਸੇ ਨੂੰ ਪਤਾ ਨਹੀਂ ਨਕਲੀ ਦੁੱਧ ਕਿਵੇਂ ਬਣਦਾ ਹੈ, ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਤਾ ਹੈ ਕਿ ਨਕਲੀ ਦੁੱਧ ਮਾਰਕੀਟ ਵਿਚ ਵਿਕ ਰਿਹਾ ਹੈ ਜਾਂ ਕੋਈ ਬਣਾ ਰਿਹਾ ਹੈ ਤਾਂ ਸਾਨੂੰ ਦੱਸਣ, ਅਸੀਂ ਤੁਰੰਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਸੂਬੇ ਦੇ ਆਮ ਲੋਕਾਂ ਨੂੰ ਐਂਮਰਜੈਂਸੀ ਹਾਲਾਤ ਵਿਚ ਵੱਡੇ ਪੱਧਰ ’ਤੇ ਵਿੱਤੀ ਰਾਹਤ ਮਿਲ ਰਹੀ ਹੈ। ਜ਼ਿਲ੍ਹਾ ਰੂਪਨਗਰ ਕਾਰਡ ਬਣਾਉਣ ਵਿਚ ਪੂਰੇ ਸੂਬੇ ਦੇ ਜ਼ਿਲ੍ਹਿਆਂ ਵਿਚ ਮੋਹਰੀ ਹੈ ਹੁਣ ਤੱਕ ਇੱਕ ਲੱਖ 31 ਹਜ਼ਾਰ ਕਾਰਡ ਬਣ ਚੁੱਕੇ ਹਨ। ਪਰ ਅਜੇ ਵੀ ਕਾਰਡ ਬਣਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ ਤਾਂ ਜੋ ਲੋੜ ਪੈਣ ’ਤੇ ਆਮ ਨਾਗਰਿਕ ਆਪਣਾ ਇਲਾਜ ਕਰਵਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਸਾਨੂੰ ਟੋਲ ਫ੍ਰੀ ਨੰਬਰਾਂ ’ਤੇ ਸੂਚਨਾ ਦਿੰਦਾ ਹੈ ਤਾਂ ਵਿਭਾਗ ਤੁਰੰਤ ਕਾਰਵਾਈ ਕਰਦਾ ਹੈ ਜਿਵੇਂ ਕਿ ਪਿਛਲੇ ਦਿਨੀਂ ਇੱਕ ਕਿਡਨੀ ਰੈਕਟ ਨੂੰ ਬੇਨਕਾਬ ਕਰ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਵਾਲਾ ਕਾਰਡ ਜ਼ਰੂਰ ਬਣਾਉਣ, ਪਤਾ ਨਹੀਂ ਕਦੋਂ ਕਿਸ ਨੂੰ ਇਲਾਜ ਦੀ ਲੋੜ ਪੈ ਜਾਵੇ। ਕਈ ਵਾਰ ਹਾਲਾਤ ਅਜਿਹੇ ਹੁੰਦੇ ਹਨ ਕਿ ਘਰ ਵਿਚ ਕੋਈ ਪੈਸਾ ਵੀ ਨਹੀਂ ਹੁੰਦਾ। ਇਸ ਮੌਕੇ ਤੇ ਐਸਐਸਪੀ ਮਨਿੰਦਰ ਸਿੰਘ, ਏਡੀਸੀ ਵਿਕਾਸ ਚੰਦਰਾਜਯੋਤੀ ਸਿੰਘ, ਸੀਐਮਓ ਡਾ. ਨਵਰੂਪ ਕੌਰ, ਡਾ. ਹਰਲੀਨ ਕੌਰ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਜ਼ਿਲ੍ਹਾ ਕੋਆਰਡੀਨੇਟਰ ਚੇਤਨ ਕਾਲੀਆ ਆਦਿ ਹਾਜ਼ਰ ਸਨ।