‘ਪੁੱਤਰ ਦੇ ਵਿਛੋੜੇ ’ਤੇ

‘ਪੁੱਤਰ ਦੇ ਵਿਛੋੜੇ ’ਤੇ ਦੇਸ਼-ਪ੍ਰੇਮ ਦਾ ਜਜ਼ਬਾ ਭਾਰੂ ਰਿਹਾ’ ਇਹ ਸ਼ਬਦ ਸਿਰਫ਼ ਇਕ ਵਾਕ ਜਾ ਪੰਗਤੀ ਨਹੀਂ, ਸਗੋਂ ਗੌਰਵਮਈ ਸਿੱਖ ਇਤਿਹਾਸ, ਵਿਰਾਸਤ, ਆਤਮਿਕ ਮਜ਼ਬੂਤੀ ਅਤੇ ਸਾਕਾਰਾਤਮਕ ਸੋਚ ਨੂੰ ਬਿਆਨ ਕਰਦਾ ਹੈ। ਕਿਸੇ ਵੀ ਹਾਲਤਾਂ ਵਿੱਚ ਆਸ, ਹੌਸਲਾ, ਵਿਸ਼ਵਾਸ ਅਤੇ ਸੁਚੱਜੀ ਸੋਚ ਨੂੰ ਕਾਇਮ ਰੱਖਣਾ। ਦੁੱਖ, ਘਾਟ, ਜਾਂ ਕਠਿਨਾਈ ਵੀ ਮਨੁੱਖ ਨੂੰ ਤੋੜ ਨਾ ਸਕੇ, ਇਹ ਹੈ ਚੜ੍ਹਦੀ ਕਲਾ ਵਾਲਾ ਜਜ਼ਬਾ।
ਬਾਕੀ ਗੱਲ ਇਹ ਕਿ ਸ਼ਹੀਦ ਉਹ ਜੋ ਧਰਮ, ਸੱਚ, ਨਿਆਂ, ਮਨੁੱਖਤਾ, ਦੇਸ਼ ਕੌਮ ਅਤੇ ਸਰਬੱਤ ਦੇ ਭਲੇ ਲਈ ਆਪਣੀ ਜਾਨ ਕੁਰਬਾਨ ਕਰ ਦੇਵੇ। ਸਿੱਖ ਇਤਿਹਾਸ ਵਿੱਚ ਸ਼ਹੀਦੀ ਨੂੰ ਮੌਤ ਨਹੀਂ, ਸਗੋਂ ਸਦੀਵੀਂ ਜੀਵਨ ਦਾ ਦਰਜਾ ਦਿੱਤਾ ਗਿਆ ਹੈ। ਸ਼ਹੀਦ ਦੀ ਕੁਰਬਾਨੀ ਪੂਰੀ ਕੌਮ ਲਈ ਵਿਲੱਖਣ ਵਿਰਾਸਤ ਬਣ ਜਾਂਦੀ ਹੈ। ਜਦੋਂ ਵੀ ਦੇਸ਼ ਕੌਮ ਦੀ ਖਾਤਰ ਸਿਪਾਹੀ, ਗੁਰਸਿੱਖ ਜਾਂ ਹੋਣਹਾਰ ਨੌਜਵਾਨ ਸ਼ਹੀਦ ਹੁੰਦਾ ਹੈ, ਤਾਂ ਸਭ ਤੋਂ ਵੱਡਾ ਦੁੱਖ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਉਸਦੇ ਪਰਿਵਾਰ ਨੂੰ ਪੈਂਦਾ ਹੈ। ਕੁਝ ਅਜਿਹਾ ਹੀ ਵਾਪਰਿਆ 22 ਜਨਵਰੀ 2026 ਦੇ ਉਹ ਮਨਹੂਸ ਦਿਨ ਜਦੋਂ ਫ਼ੌਜੀ ਗਤੀਵਿਧੀ ਦੌਰਾਨ ਜਵਾਨਾਂ ਨੂੰ ਲੈਕੇ ਜਾ ਰਿਹਾ ਭਾਰਤੀ ਫ਼ੌਜ ਦਾ ਟਰੱਕ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀਆਂ ਡੂੰਘੀਆਂ ਪਹਾੜੀਆਂ ’ਚ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਏਨਾ ਭਿਆਨਕ ਸੀ ਕਿ ਫ਼ੌਜੀ ਟਰੱਕ ਵਿੱਚ ਸਵਾਰ 21 ਸੈਨਿਕਾਂ ਵਿੱਚੋਂ 10 ਵੀਰ ਸਪੂਤ ਸ਼ਹਾਦਤ ਦਾ ਜਾਮ ਪੀ ਗਏ ਅਤੇ ਬਾਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਵੀਰਗਤੀ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸੀ, 23 ਸਾਲਾਂ ਦਾ ਪਿੰਡ ਚਨੌਲੀ ਜ਼ਿਲ੍ਹਾ ਰੂਪਨਗਰ ਦਾ ਜੰਮਪਲ ਗੁਰਸਿੱਖ ਨੌਜਵਾਨ ਜੋਬਨਜੀਤ ਸਿੰਘ, ਭਾਰਤੀ ਫੌਜ ਦੀ 8 ਕੈਵਲਰੀ ਯੂਨਿਟ ਦਾ ਬਹਾਦਰ, ਹੋਣਹਾਰ ਸੈਨਿਕ ਹਾਲ ਹੀ ਵਿੱਚ, 4 ਰਾਸ਼ਟਰੀ ਰਾਈਫ਼ਲ ਯੂਨਿਟ ਵਿੱਚ ਸੇਵਾ ਨਿਭਾ ਰਿਹਾ ਸੀ।
ਸ਼ਹੀਦ ਜੋਬਨਜੀਤ ਸਿੰਘ ਦੇ ਪਰਿਵਾਰ ਲਈ ਇਹ ਹਾਦਸਾ ਬਹੁਤ ਦੁਖਾਂਤ ਵਾਲਾ ਸੀ, ਕਿਉਂਕਿ ਸ਼ਹੀਦੀ ਦੀ ਖ਼ਬਰ ਆਉਂਣ ਤੋਂ ਪਹਿਲਾਂ ਘਰ ਵਿੱਚ ਜੋਬਨਜੀਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮਾਂ-ਪਿਉ ਦੇ ਮਨ ਵਿੱਚ ਆਪਣੇ ਇਕਲੌਤੇ ਪੁੱਤਰ ਦੇ ਸ਼ਗਨਾਂ ਦਾ ਚਾਅ ਸੀ, ਘਰ ਰੌਣਕਾਂ ਨਾਲ ਭਰਿਆ ਭਰਿਆ ਜਾਪਦਾ ਸੀ। ਪੁੱਤ ਦੀ ਦਸਤਾਰ ਤੇ ਕਲਗੀ ਸਜਾਉਣੀ ਸੀ, ਖੁਸ਼ੀਆਂ ਦੇ ਗੀਤ ਗੂੰਜਣੇ ਸਨ, ਪਰ ਕਿਸਮਤ ਨੇ ਇਹ ਚਾਅ ਅਧੂਰਾ ਛੱਡ ਦਿੱਤਾ। ਜਿਸ ਘਰ ਵਿੱਚ ਵਿਆਹ ਦੀਆਂ ਗੱਲਾਂ ਹੋ ਰਹੀਆਂ ਸਨ, ਉੱਥੇ ਸ਼ਹੀਦ ਪੁੱਤਰ ਦੀ ਅੰਤਿਮ ਅਰਦਾਸ ਦੀ ਧੁਨ ਗੂੰਜੀ। ਪੁੱਤਰ ਦੇ ਸਿਰ ਤੇ ਸਿਹਰਾ ਨਹੀਂ, ਤਿਰੰਗਾ ਸਜਿਆ। ਫਿਰ ਵੀ ਇਸ ਪਹਾੜ ਜਿੱਡੇ ਦੁੱਖ ਵਿਚਕਾਰ ਜੋਬਨਜੀਤ ਸਿੰਘ ਦਾ ਪਰਿਵਾਰ ਚੜ੍ਹਦੀ ਕਲਾ ਵਿੱਚ ਡਟਿਆ ਰਿਹਾ। ਉਨ੍ਹਾਂ ਨੇ ਆਪਣੇ ਨਿੱਜੀ ਦਰਦ ਨੂੰ ਕੌਮੀ ਮਾਣ ਵਿੱਚ ਬਦਲ ਕੇ ਸਾਬਤ ਕਰ ਦਿੱਤਾ ਕਿ ਸ਼ਹੀਦ ਦੇ ਸ਼ਗਨ ਭਾਵੇਂ ਜਿਉਂਦੇ ਜੀਅ ਪੂਰੇ ਨਾ ਹੋ ਸਕੇ, ਪਰ ਉਸਦੀ ਸ਼ਹਾਦਤ ਹੀ ਦੇਸ਼ ਕੌਮ ਲਈ ਸਭ ਤੋਂ ਪਵਿੱਤਰ ਵਿਆਹ ਬਣ ਗਈ।
ਜਿੱਥੇ ਸ਼ਗਨਾਂ ਦੀਆਂ ਮਿੱਠੀਆਂ ਬੋਲੀਆਂ ਗੂੰਜਣੀਆਂ ਸਨ, ਉੱਥੇ “ਸ਼ਹੀਦ ਅਮਰ ਰਹੇ” ਦੇ ਨਾਅਰੇ ਲੱਗੇ। ਪੁੱਤਰ ਦੇ ਸਿਰ ਤੇ ਸਿਹਰਾ ਸਜਣਾ ਸੀ, ਪਰ ਕਿਸਮਤ ਨੇ ਤਿਰੰਗੇ ਨਾਲ ਢੱਕਿਆ ਤਾਬੂਤ ਭੇਜ ਦਿੱਤਾ। ਇਹ ਸਿਰਫ਼ ਪਰਿਵਾਰ ਦਾ ਦੁੱਖ ਨਹੀਂ, ਸਗੋਂ ਦੇਸ਼ ਦੀ ਰੱਖਿਆ ਲਈ ਦਿੱਤੀ ਗਈ ਸਭ ਤੋਂ ਵੱਡੀ ਕੁਰਬਾਨੀ ਦੀ ਕੀਮਤ ਹੈ। ਪਿਤਾ ਸੂਬੇਦਾਰ ਬਲਵੀਰ ਸਿੰਘ ਜੋ ਖੁਦ ਭਾਰਤੀ ਫੌਜ ਵਿੱਚ ਸੇਵਾ ਕਰ ਚੁੱਕੇ ਹਨ। ਆਪਣੀ ਫ਼ੌਜ ਵਰਦੀ ਫਿਰ ਤੋਂ ਪਾਈ ਅਤੇ ਆਪਣੇ ਪੁੱਤ ਨੂੰ ਸਲਾਮੀ ਦਿੱਤੀ। ਇਹ ਦ੍ਰਿਸ਼ ਵੇਖਣ ਵਾਲਿਆਂ ਲਈ ਬੇਹੱਦ ਭਾਵੁਕ ਕਰਨ ਵਾਲ਼ਾ ਵੀ ਸੀ, ਪਰ ਦੇਸ਼ਕੌਮ ਪ੍ਰਤੀ ਹੋਂਸਲੇ ਵਾਲੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਪਿਤਾ ਸੂਬੇਦਾਰ ਬਲਵੀਰ ਸਿੰਘ ਨੇ ਜਾਂਬਾਜ਼ ਦੇਸ਼ਭਗਤ ਅਤੇ ਬਹਾਦਰ ਪਿਓ ਵਾਲ਼ਾ ਰੋਲ ਅਦਾ ਕੀਤਾ। ਦੁੱਖਾਂ ਦਾ ਪਹਾੜ ਟੁੱਟਣ ਦੇ ਬਾਵਜੂਦ ਵੀ ਪਰਿਵਾਰ ਨੇ ਆਪਣੇ ਪੁੱਤਰ ਦੀ ਕੁਰਬਾਨੀ ਤੇ ਮਾਣ ਮਹਿਸੂਸ ਕੀਤਾ। ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਜੀ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਸੂਬੇਦਾਰ ਬਲਵੀਰ ਸਿੰਘ ਜੀ ਉਲਟਾ ਦਿਲਾਸਾ ਦਿੰਦੇ ਆਖ ਰਹੇ ਸਨ ਕਿ ਹੁਣ ਸਾਡੇ ਪਰਿਵਾਰ ਕੋਈ ਆਮ ਪਰਿਵਾਰ ਨਹੀਂ ਸ਼ਹੀਦਾਂ ਦੇ ਪਰਿਵਾਰ ਆਖੇ ਜਾਣਗੇ। 22 ਜਨਵਰੀ 2026 ਨੂੰ ਸ਼ਹੀਦ ਹੋਏ ਸਮੂਹ ਫ਼ੌਜੀ ਸੈਨਿਕਾਂ ਨੂੰ ਕੋਟਾਨ ਕੋਟ ਪ੍ਰਣਾਮ ਅਤੇ ਜ਼ਖ਼ਮੀ ਜਵਾਨਾਂ ਦੀ ਸਿਹਤਯਾਬੀ ਲਈ ਅਕਾਲਪੁਰਖ ਦੇ ਚਰਨਾਂ ਵਿੱਚ ਅਰਦਾਸ।
ਬਲਜੀਤ ਸਿੰਘ ਅਸਮਾਨਪੁਰ, ਸ੍ਰੀ ਆਨੰਦਪੁਰ ਸਾਹਿਬ।
ਮੋਬਾਈਲ : 9478909080