ਪਟਵਾਰ ਖਾਨਿਆਂ 'ਚ ਲੁੱਟ-ਖਸੁੱਟ ਬੰਦ ਕਰਨ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ DC ਨੂੰ ਭੇਜਿਆ ਮੰਗ ਪੱਤਰ- ਐਡਵੋਕੇਟ ਪ੍ਰਵੇਸ਼ ਖੋਸਲਾ
ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਾਂ ਇੱਕ ਮੰਗ ਪੱਤਰ ਐਸ.ਡੀ.ਐਮ. ਬਲਾਚੌਰ ਨੂੰ ਸੌਂਪਿਆ ਗਿਆ, ਜਿਸ ਵਿੱਚ ਮਾਲ ਵਿਭਾਗ ਪਟਵਾਰਖਾਨਿਆਂ ਅੰਦਰ ਕਿਸਾਨਾਂ ਅਤੇ ਆਮ ਜਨਤਾ ਦੀ ਹੋ ਰਹੀ ਕਥਿਤ ਲੁੱਟ-ਖਸੁੱਟ ਅਤੇ ਖ਼ੱਜਲ-ਖੁਆਰੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ।
Publish Date: Fri, 01 May 2026 01:55 PM (IST)
Updated Date: Fri, 01 May 2026 02:03 PM (IST)

ਜਗਤਾਰ ਮਹਿੰਦੀਪੁਰੀਆ, ਬਲਾਚੌਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀ ਪਾਰਦਰਸ਼ਤਾ ਲਿਆਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ 'ਅਕਾਲੀ ਦਲ ਵਾਰਿਸ ਪੰਜਾਬ' ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਦੱਸਦਿਆਂ ਕਿਹਾ ਕਿ ਇਹ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਾਂ ਇੱਕ ਮੰਗ ਪੱਤਰ ਐਸ.ਡੀ.ਐਮ. ਬਲਾਚੌਰ ਨੂੰ ਸੌਂਪਿਆ ਗਿਆ, ਜਿਸ ਵਿੱਚ ਮਾਲ ਵਿਭਾਗ ਪਟਵਾਰਖਾਨਿਆਂ ਅੰਦਰ ਕਿਸਾਨਾਂ ਅਤੇ ਆਮ ਜਨਤਾ ਦੀ ਹੋ ਰਹੀ ਕਥਿਤ ਲੁੱਟ-ਖਸੁੱਟ ਅਤੇ ਖ਼ੱਜਲ-ਖੁਆਰੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਪਟਵਾਰਖਾਨਿਆਂ ਦੇ ਬਾਹਰ ਜ਼ਮੀਨੀ ਦਸਤਾਵੇਜ਼ਾਂ ਜਿਵੇਂ ਕਿ ਨਕਲ ਅਕਸ਼ ਸਿਜਰਾ, ਨਕਲ ਫਰਦ ਹਕੀਕਤ, ਅਤੇ ਨਕਲ ਖਸਰਾ ਗਿਦਾਵਰੀ ਸਬੰਧੀ ਕੋਈ ਵੀ ਸਰਕਾਰੀ ਰੇਟ ਲਿਸਟ ਜਾਂ ਸਾਈਨ ਬੋਰਡ ਨਹੀਂ ਲਗਾਇਆ ਗਿਆ।ਸਰਕਾਰੀ ਰੇਟਾਂ ਦੀ ਜਾਣਕਾਰੀ ਨਾ ਹੋਣ ਕਾਰਨ ਭੋਲੇ-ਭਾਲੇ ਕਿਸਾਨਾਂ ਅਤੇ ਆਮ ਲੋਕਾਂ ਤੋਂ ਮਨਮਰਜ਼ੀ ਦੀਆਂ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ, ਜਿਸ ਕਾਰਨ ਭ੍ਰਿਸ਼ਟਾਚਾਰ ਨੂੰ ਹਵਾ ਮਿਲ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਤਸਵੀਰਾਂ ਲਗਾ ਕੇ ਵਾਹ-ਵਾਹੀ ਤਾਂ ਖੱਟ ਰਹੀ ਹੈ, ਪਰ ਅਮਲੀ ਰੂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਜਥੇਬੰਦੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਸਾਰੇ ਪਟਵਾਰਖਾਨਿਆਂ ਦੇ ਬਾਹਰ ਸਰਕਾਰੀ ਫੀਸਾਂ ਦੇ ਵੇਰਵੇ ਸਹਿਤ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਪਾਰਦਰਸ਼ਤਾ ਕਾਇਮ ਹੋ ਸਕੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੰਗ ਨੂੰ ਜਲਦੀ ਅਮਲੀ ਜਾਮਾ ਨਾ ਪਹਿਨਾਇਆ ਗਿਆ ਤਾਂ 'ਅਕਾਲੀ ਦਲ ਵਾਰਿਸ ਪੰਜਾਬ' ਵੱਲੋਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਮੌਕੇ ਤੇ ਬਲਦੇਵ ਸਿੰਘ ਖੋਸਲਾ,ਸਾਬਕਾ ਸਰਪੰਚ ਨਰਾਇਣ ਚੰਦ, ਸੂਬੇਦਾਰ ਮਦਨ ਲਾਲ ਸਿਆਣਾ, ਰਮੇਸ਼ ਕੁਮਾਰ ਮੂਤੋ , ਸੁਖਵਿੰਦਰ ਸਿੰਘ ਸਿਆਣਾ,ਗੁਰਮੁਖ ਸਿੰਘ ਮਹਿਮੂਦਪੂਰ ਕੁਲਵੰਤ ਸਿੰਘ ਗੁਰਮੁੱਖ ਸਿੰਘ ਰਾਮਗੜ੍ਹੀਆ,ਪਰਮਜੀਤ ਸਿੰਘ ਬੰਗਾ ਬੇਟ , ਬਲਵਿੰਦਰ ਸਿੰਘ ਰੱਤੇਵਾਲ, ਲਖਵੀਰ ਸਿੰਘ ਮਹਿਮੂਦਪੂਰ ਆਦਿ ਹਾਜ਼ਰ ਸਨ।