ਰਾਜਾ ਸਾਹਿਬ ਮਜਾਰਾ ਨੌ ਅਬਾਦ ਦੀ 7 ਮੈਂਬਰੀ ਕਮੇਟੀ ਦਾ ਗਠਨ
ਰਸੋਖਾਨਾ ਧੰਨ ਧੰਨ ਸ਼੍ਰੀ ਨਾਂਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਅਬਾਦ ਦੀ ਸੱਤ ਮੈਂਬਰੀ ਕਮੇਟੀ ਦਾ ਕੀਤਾ ਗਠਨ
Publish Date: Sat, 17 Jan 2026 08:00 PM (IST)
Updated Date: Sun, 18 Jan 2026 04:19 AM (IST)

ਪ੍ਰਦੀਪ ਭਨੋਟ/ਨਰਿੰਦਰ ਮਾਹੀ/ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ, ਬੰਗਾ ਧੰਨ ਧੰਨ ਸ਼੍ਰੀ ਨਾਂਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਦੀ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕਰਦਿਆਂ ਮੈਂਬਰ ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਦਿੰਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵਾਂਸ਼ਹਿਰ ਦੇ ਬੰਗਾ ਹਲਕੇ ਦੇ ਇਕ ਧਾਰਮਿਕ ਡੇਰੇ ਸਬੰਧੀ ਦਿੱਤੇ ਬਿਆਨ ਕਾਰਨ ਜੋ ਦੁਵਿਧਾ ਪੈਦਾ ਹੋਈ ਹੈ। ਉਸ ਨੂੰ ਲੈ ਕੇ ਡੇਰੇ ਦੇ ਪ੍ਰਬੰਧਕਾਂ ਵੱਲੋਂ ਪੱਤਰਕਾਰ ਵਾਰਤਾ ਰਾਹੀਂ ਆਪਣਾ ਪੱਖ ਪੇਸ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਉਹ ਇਸ ਸਬੰਧੀ ਟੀਮ ਭੇਜ ਕੇ ਆਪਣੀ ਜਾਂਚ ਕਰਕੇ ਸੰਗਤਾਂ ਵਿਚ ਪਾਈ ਜਾ ਰਹੀ ਦੁਵਿਧਾ ਨੂੰ ਦੂਰ ਕਰਨ। ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਦੀ ਮੰਗ ਤੇ ਟੀਮ ਦਾ ਗਠਨ ਕੀਤਾ ਗਿਆ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸੱਤ ਮੈਂਬਰੀ ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਗੁਰਦੀਪ ਸਿੰਘ, ਪਰਮਜੀਤ ਕੌਰ, ਕੁਲਵੰਤ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਅਮਰੀਕ ਸਿੰਘ ਦੇ ਨਾਂ ਮੁੱਖ ਹਨ। ਇਸ ਮੌਕੇ ਅਮਰੀਕ ਸਿੰਘ ਨੇ ਕਿਹਾ ਕਿ ਇਸ ਧਾਰਮਿਕ ਡੇਰੇ ਬਾਰੇ ਰਸੋਈ ਸ਼ਬਦ ਆਖ ਕੇ ਦਰਜ ਕੀਤੇ ਗਏ ਪਰਚੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਮਰੀਕ ਸਿੰਘ ਨੇ ਕਿਹਾ ਕਿ ਇਹ ਧਾਰਮਿਕ ਅਸਥਾਨ ਰਸੋਈ ਨਹੀਂ ਕਿਉਂ ਕਿ ਰਸੋਈ ਆਮ ਘਰਾਂ ਵਿਚ ਹੁੰਦੀ ਹੈ, ਜਿੱਥੇ ਪਰਿਵਾਰ ਦਾ ਖਾਣਾ ਬਣਦਾ ਹੈ, ਜਦਕਿ ਇਹ ਧਾਰਮਿਕ ਅਸਥਾਨ ਰਸੋਖਾਨਾ ਹੈ, ਜਿਥੇ ਸੰਗਤਾਂ ਲਈ ਲੰਗਰ ਬਣਾਇਆ ਅਤੇ ਵਰਤਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਸ਼੍ਰੋਮਣੀ ਅਕਾਲੀ ਦਲ, ਐੱਸਜੀਪੀਸੀ, ਸ੍ਰੀ ਅਕਾਲ ਤਖਤ ਸਾਹਿਬ ਨਾਲ ਰਾਬਤਾ ਕਾਇਮ ਕਰਕੇ ਰਸੋਖਾਨਾ ਤੇ ਦਰਜ ਮਾਮਲੇ ਵਿਚ ਬਣਦੀ ਪੈਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਰਜ ਕੀਤੇ ਗਏ ਪਰਚੇ ਬਾਰੇ ਹਰ ਪੱਖੋਂ ਬਣਦੀ ਕਾਨੂੰਨੀ ਪੈਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਪਰਚੇ ਨੂੰ ਰੱਦ ਕਰ ਦਿੰਦੀ ਹੈ ਤਾਂ ਬਹੁਤ ਚੰਗਾ ਹੈ ਪਰ ਜੇਕਰ ਸਰਕਾਰ ਇਸ ਪਰਚੇ ਨੂੰ ਕੈਂਸਲ ਕਰਨ ਤੋਂ ਮੁਕਰ ਦੀ ਹੈ ਤਾਂ ਸਰਕਾਰ ਦੇ ਇਸ ਫੈਸਲੇ ਨੂੰ ਵੀ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿਚ ਸਾਰੇ ਰਿਕਾਰਡ ਨਾਲ ਪੇਸ਼ ਹੋ ਕੇ ਕਾਨੂੰਨੀ ਲੜਾਈ ਲੜਣ ਲਈ ਉਹ ਹਰ ਸਮੇਂ ਤਿਆਰ ਹਨ। ਉਧਰ ਧਾਰਮਿਕ ਡੇਰੇ ਤੇ ਦਰਜ ਮਾਮਲੇ ਨੂੰ ਰੱਦ ਕਰਨ ਬਾਰੇ ਅਤੇ ਮੁੱਖ ਮੰਤਰੀ ਵੱਲੋਂ ਇਸ ਗਲਤੀ ਬਾਰੇ ਮੁਆਫੀ ਮੰਗਣ ਉੱਠ ਰਹੀ ਮੰਗ ਬਾਰੇ ਕਮੇਟੀ ਨੇ ਕਿਹਾ ਕਿ ਸੀਐੱਮ ਸਾਹਿਬ ਵੱਲੋਂ ਮੁਆਫੀ ਮੰਗਣ ਜਾਂ ਨਾ ਮੰਗਣ ਦਾ ਫੈਸਲਾ ਉਨ੍ਹਾਂ ਦਾ ਆਪਣਾ ਹੈ, ਜੇ ਅਸੀਂ ਕਹਿੰਦੇ ਹਾਂ ਤਾਂ ਸਿੱਖ ਸੰਗਤਾਂ ਨੂੰ ਲਗੇਗਾ ਕਿ ਅਸੀਂ ਬਲੈਕ ਮੇਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਰਸੋਖਾਨਾ ਧੰਨ ਧੰਨ ਸ਼੍ਰੀ ਨਾਂਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਅਬਾਦ ਵਿਖੇ ਜੋ ਵੀ ਜਿਸ ਭਾਵਨਾ ਨਾਲ ਆਉਂਦਾ ਹੈ। ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਜਿਹੜਾ ਵੀ ਆਉਂਦਾ ਹੈ ਖਾਲੀ ਝੋਲੀ ਲੈ ਕੇ ਆਉਂਦਾ ਹੈ। ਇਥੇ ਕਿਸੇ ਨੂੰ ਪੈਸੇ ਦੇ ਕੇ ਨਹੀਂ ਬੁਲਾਇਆ ਜਾਂਦਾ ਕਿ ਆਓ ਅਤੇ ਰਸੋਖਾਨਾ ਬਾਰੇ ਚੰਗੀਆਂ ਗੱਲਾਂ ਕਰੋ।. ਸੀਐਮ ਸਾਹਿਬ ਦੇ ਮਨ ਵਿਚ ਆਵਾਜ਼ ਆਉਂਦੀ ਹੈ ਤਾਂ ਉਹ ਆਉਣ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਬਾਕਸ-- ਸਿੱਟ ਨੂੰ ਪਾਵਨ ਸਰੂਪ ਸੁਖਾਸਨ ਦੀ ਥਾਂ ਰਸੋਈ ਘਰ ਚ ਸਟੋਰ ਕੀਤੇ ਮਿਲਣ ’ਤੇ ਮਾਮਲਾ ਦਰਜ ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਪਾਵਨ ਸਰੂਪ ਸੁਖਾਸਨ ਦੇ ਥਾਂ ਰਾਜਾ ਸਾਹਿਬ ਨਾਭ ਕੰਵਲ ਪਿੰਡ ਮਜਾਰਾ ਨੌ ਅਬਾਦ ਵਿਖੇ ਰਸੋਈ ਘਰ ਚ ਸਟੋਰ ਕੀਤੇ ਮਿਲੇ, ਜਿਸ ’ਤੇ ਪੁਲਿਸ ਨੇ ਇਸ ਸਬੰਧੀ ਵਿਚ ਮੁਕੱਦਮਾ ਨੰਬਰ 168 ਮਿਤੀ 17.12.2025 ਜੁਰਮ 295, 295-ਏ, 409, 465, 120-ਬੀ ਭਾਰਤੀ ਦੰਡ ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਸਬੰਧ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਬੰਗਾ ਦੇ ਨਜ਼ਦੀਕ ਪਿੰਡ ਮਜਾਰਾ ਨੌ ਅਬਾਦ ਵਿਖੇ ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ ਵਿਖੇ ਪਹੁੰਚ ਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਧਾਰਮਿਕ ਮਰਿਆਦਾ ਅਨੁਸਾਰ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਗ੍ਰੰਥੀ ਸਿੰਘਾਂ ਸਮੇਤ ਅਰਦਾਸ ਕਰਨ ਉਪਰੰਤ ਪਾਵਨ ਸਰੂਪਾਂ ਸਬੰਧੀ ਮਰਿਆਦਾ ਅਨੁਸਾਰ ਪੜਤਾਲ ਕੀਤੀ ਗਈ। ਇਸ ਤੋਂ ਪਾਇਆ ਗਿਆ ਕਿ ਇਸ ਅਸਥਾਨ ਪਰ ਕੁੱਲ 169 ਪਾਵਨ ਸਰੂਪ ਮੌਜੂਦ ਹਨ। ਇਨ੍ਹਾਂ ’ਚੋਂ 30 ਪਾਵਨ ਸਰੂਪ (10 ਪਾਵਨ ਸਰੂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ, ਪਿੰਡ ਦੁਸਾਂਝ ਖੁਰਦ, ਡਾਕਖਾਨਾ ਖਾਸ ਜ਼ਿਲ੍ਹਾ ਐੱਸਬੀਐੱਸ ਨਗਰ ਰਾਹੀਂ ਬਿੱਲ ਨੰਬਰ 27064 ਮਿਤੀ 08.01.2009 ਅਤੇ 20 ਪਾਵਨ ਸਰੂਪ ਗੁਰਦੁਆਰਾ ਸਾਹਿਬ ਪਿੰਡ ਮਜਾਰਾ ਨੌ ਅਬਾਦ ਡਾਕਖਾਨਾ ਖਾਸ ਜ਼ਿਲ੍ਹਾ ਐੱਸਬੀਐੱਸ ਨਗਰ ਰਾਹੀਂ ਬਿੱਲ ਨੰਬਰ 27066 ਮਿਤੀ 08.01.2009) ਨੂੰ ਐੱਸਜੀਪੀਸੀ ਵੱਲੋਂ ਮੰਗ ਅਨੁਸਾਰ ਪ੍ਰਦਾਨ ਕੀਤੇ ਗਏ ਸਨ। ਇਹ ਪਾਵਨ ਸਰੂਪ ਉਪਰੋਕਤ ਗੁਰਦੁਆਰਾ ਸਾਹਿਬਾਨ ਦੀ ਬਜਾਏ ਇਸ ਸਮੇਂ ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ ਵਿਖੇ ਸੁਸ਼ੋਭਿਤ ਹਨ। ਬਾਕੀ ਬਚਦੇ 139 ਪਾਵਨ ਸਰੂਪਾਂ ਬਾਰੇ ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ ਦੀ ਪ੍ਰਬੰਧਕੀ ਕਮੇਟੀ ਪਾਸ ਕੋਈ ਰਿਕਾਰਡ ਮੌਜੂਦ ਨਹੀਂ ਹੈ। ਇਸ ਸਬੰਧੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।