ਨਵਜੋਤ ਸਾਹਿਤ ਸੰਸਥਾ ਔੜ ਦਾ 44 ਵਾਂ 'ਸਥਾਪਨਾ ਸਮਾਗਮ' ਮਨਾਇਆ
ਨਵਜੋਤ ਸਾਹਿਤ ਸੰਸਥਾ ਔੜ ਦਾ 44 ਵਾਂ 'ਸਥਾਪਨਾ ਸਮਾਗਮ' ਮਨਾਇਆ
Publish Date: Mon, 24 Nov 2025 04:22 PM (IST)
Updated Date: Mon, 24 Nov 2025 04:22 PM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦਾ 44ਵਾਂ ਸਥਾਪਨਾ ਸਮਾਗਮ ਔੜ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਦੀ ਅਗਵਾਈ ਵਿਚ ਹੋਇਆ। ਜਿਨ੍ਹਾਂ ਨੇ ਮੰਚ ਤੋਂ ਸੰਸਥਾ ਦੇ ਮਿਸ਼ਨ ਅਤੇ ਪ੍ਰਾਪਤੀਆਂ ਦੀ ਸਾਂਝ ਪਾਈ। ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸੰਸਥਾ ਨੂੰ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਵਾਰ ਸੰਸਥਾ ਦੀਆਂ ਸਲਾਨਾ ਸਰਗਰਮੀਆਂ ਦੀ ਸਾਂਝ ਪਾਉਂਦਾ ਹੋਇਆ ਸੋਵੀਨਾਰ ਨਵਜੋਤ ਵੀ ਰਿਲੀਜ਼ ਕੀਤਾ ਗਿਆ। ਸੰਸਥਾ ਵੱਲੋਂ ਸਾਹਿਤਕ ਚੇਤਨਾ ਅਤੇ ਸਮਾਜਿਕ ਚਿੰਤਨ ਲਈ ਸਮਰਪਿਤ ਹੋ ਕੇ ਨਿਭਣ ਵਾਲੀਆਂ ਪੰਜ ਨਾਮਵਰ ਸਖ਼ਸੀਅਤਾਂ ਨੂੰ ਨਵਜੋਤ ਪੁਰਸਕਾਰ-2025 ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਸਾਹਿਤਕ ਹਸਤਾਖ਼ਰ ਡਾ. ਕੁਲਵੰਤ ਕੌਰ ਪਟਿਆਲਾ, ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ, ਨਾਮਵਰ ਲੇਖਕ ਮਲਕੀਅਤ ਸਿੰਘ ਔਜਲਾ ਅਤੇ ਪ੍ਰੇਰਕ ਗ਼ਜ਼ਲਗੋ ਜਸਵਿੰਦਰ ਫ਼ਗਵਾੜਾ ਸ਼ਾਮਲ ਸਨ। ਇਨ੍ਹਾਂ ਸਨਮਾਨਿਤ ਸਖ਼ਸ਼ੀਅਤਾਂ ਬਾਰੇ ਕ੍ਰਮਵਾਰ ਡਾ. ਕੇਵਲ ਰਾਮ, ਸਤਪਾਲ ਸਾਹਲੋਂ, ਅਮਰ ਜਿੰਦ, ਦਵਿੰਦਰ ਬੇਗਮਪੁਰੀ ਅਤੇ ਰਵਿੰਦਰ ਮੱਲਾਬੇਦੀਆਂ ਨੇ ਪੰਛੀ ਝਾਤ ਪੁਆਈ। ਇਸ ਮੌਕੇ ਰਵਿੰਦਰ ਸਿੰਘ ਸਰਾਂ ਅਤੇ ਇੰਦਰਜੀਤ ਸਿੰਘ ਆਰਟਿਸਟ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਉਸਾਰੂ ਸਾਹਿਤ ਸਮਾਜ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਸਮਾਜ ਅੰਦਰ ਸਾਹਿਤਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਦਾ ਸਤਿਕਾਰੇ ਜਾਣਗੇ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਨੇ ਕੀਤਾ ਅਤੇ ਸਲਾਨਾ ਰਿਪੋਰਟ ਦੀ ਸਾਂਝੀ ਕੀਤੀ। ਸਮਾਗਮ ਦੌਰਾਨ ਸੰਸਥਾ ਦੇ ਮੈਂਬਰ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਇਸ ਮੌਕੇ ਹਰੀ ਕ੍ਰਿਸ਼ਨ ਪਟਵਾਰੀ, ਗੁਰਨੇਕ ਸ਼ੇਰ, ਰਜਨੀ ਸ਼ਰਮਾ, ਨੀਰੂ ਜੱਸਲ, ਦਵਿੰਦਰ ਸਕੋਹਪੁਰੀ, ਹਰਮਿੰਦਰ ਹੈਰੀ, ਦੇਸ ਰਾਜ ਬਾਲੀ, ਸੁੱਚਾ ਰਾਮ ਜਾਡਲਾ, ਪਿਆਰਾ ਲਾਲ ਬੰਗੜ, ਬਿੰਦਰ ਮੱਲਾਬੇਦੀਆਂ, ਰੇਸ਼ਮ ਕਰਨਾਣਵੀ, ਸੁਰਿੰਦਰ ਭਾਰਤੀ ਆਦਿ ਸ਼ਾਮਲ ਸਨ। ਬੁਲਾਰਿਆਂ ਵੱਲੋਂ 44 ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਵਾਲੀ ਨਵਜੋਤ ਸਾਹਿਤ ਸੰਸਥਾ ਔੜ ਦੀ ਚਾਰ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੁਰੱਖਿਆ ਅਤੇ ਉਸਾਰੂ ਸਾਹਿਤ ਦੇ ਪ੍ਰਚਾਰ ਪ੍ਰਸਾਰ ਕਰਨ ਹਿੱਤ ਸਮਰਪਿਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।