ਗੋਤਾਖੋਰ ਕਮਲਪ੍ਰੀਤ ਸੈਣੀ ਵੱਲੋਂ ਖੋਜ ਕੀਤੀ ਗਈ ਅਤੇ ਦੇਰ ਰਾਤ ਮਿਰਤਕ ਦੀ ਲਾਸ਼ ਨੂੰ ਲੱਭ ਲਿਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਨੰਗਲ ਤੇ ਮੁਖੀ ਐਸਐਚ ਓ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਲਗਾਤਾਰ ਚੱਲ ਰਹੀ ਮਾਈਨਿੰਗ ਦੇ ਨਾਲ ਪਏ ਡੂੰਘੇ ਟਿੱਬਿਆਂ ਦੇ ਕਾਰਨ ਅੱਜ ਇੱਕ ਘਰ ਦਾ ਚਿਰਾਗ ਹੋਰ ਬੁੱਝ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪਿੰਡ ਭਵਾਨੀਪੁਰ ਭਗਤਾ ਦਾ ਇੱਕ 14 ਸਾਲ ਦਾ ਨੌਜਵਾਨ ਸਵਾਂ ਨਦੀ ਦੇ ਵਿੱਚ ਮਾਈਨਿੰਗ ਕਾਰ ਡੂੰਘੇ ਟਿੱਬੇ ਦੇ ਵਿੱਚ ਡੁੱਬ ਗਿਆ। ਜਿਸ ਦੀ ਪਹਿਚਾਣ ਵਿਵੇਕ ਕੁਮਾਰ ਪੁੱਤਰ ਕਰਮ ਚੰਦ ਵਾਸੀ ਪਿੰਡ ਭਵਾਨੀਪੁਰ ਭਗਤਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਕਰਮ ਚੰਦ ਨੇ ਦੱਸਿਆ ਕਿ ਮੇਰਾ ਬੇਟਾ ਆਪਣੇ ਦੋਸਤਾਂ ਦੇ ਨਾਲ ਮੱਝਾਂ ਚਰਾਉਣ ਦੇ ਲਈ ਹਰੀਪੁਰ ਵਾਟਰ ਸਪਲਾਈ ਦੇ ਕੋਲ ਗਿਆ ਜਿੱਥੇ ਭਾਰੀ ਗਰਮੀ ਦੇ ਕਾਰਨ ਪਾਣੀ ਦੇ ਕੋਲ ਗਿਆ ਤਾਂ ਉਸਦਾ ਪੈਰ ਫਿਸਲ ਗਿਆ, ਜਿਸ ਦੇ ਕਾਰਨ ਉਹ ਡੂੰਘੇ ਪਾਣੀ ਦੇ ਵਿੱਚ ਡੁੱਬ ਗਿਆ। ਮੌਕੇ ਤੇ ਗੋਤਾਖੋਰ ਕਮਲਪ੍ਰੀਤ ਸੈਣੀ ਵੱਲੋਂ ਖੋਜ ਕੀਤੀ ਗਈ ਅਤੇ ਦੇਰ ਰਾਤ ਮਿਰਤਕ ਦੀ ਲਾਸ਼ ਨੂੰ ਲੱਭ ਲਿਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਨੰਗਲ ਤੇ ਮੁਖੀ ਐਸਐਚ ਓ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਈਡੀ ਵੱਲੋਂ ਜਪਤ ਕੀਤੀ ਗਈ ਹੈ ਜਮੀਨ
ਦੱਸਣਾ ਬਣਦਾ ਹੈ ਕਿ ਜਿਸ ਜਮੀਨ ਤੇ ਉਕਤ ਬੱਚੇ ਦੀ ਮੌਤ ਹੋਈ ਹੈ । ਇਸ ਜਮੀਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਜਬਤ ਕੀਤਾ ਹੋਇਆ ਹੈ ਅਤੇ ਇਸ ’ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੀ ਸਖਤੀ ਦੇ ਨਾਲ ਪਾਬੰਦੀ ਕੀਤੀ ਹੋਈ ਹੈ, ਪਰ ਫਿਰ ਵੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇੰਨੇ ਕੁ ਬੁਲੰਦ ਹਨ ਕਿ ਉਹਨਾਂ ਵੱਲੋਂ ਮਾਈਨਿੰਗ ਕਰਕੇ 20 ਫੁੱਟ ਡੂੰਘੇ ਖੱਡੇ ਪੁੱਟ ਦਿੱਤੇ ਗਏ ਹਨ ਅਤੇ ਇਹੀ ਖੱਡੇ ਅੱਜ ਇਸ ਬੱਚੇ ਦੀ ਮੌਤ ਦਾ ਕਾਰਨ ਬਣ ਗਏ।
ਨਜਾਇਜ਼ ਮਾਈਨਿੰਗ ਖਿਲਾਫ ਸਰਕਾਰਾਂ ਨੂੰ ਹੋਣਾ ਪਵੇਗਾ ਸਖਤ
ਇਸ ਮੌਤ ਤੇ ਪੰਜਾਬ ਮੋਰਚੇ ਦੇ ਆਗੂ ਗੌਰਵ ਰਾਣਾ ਵੱਲੋਂ ਦੁੱਖ ਪ੍ਰਗਟ ਹੋ ਕਰਦੇ ਹੋਏ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਨਜਾਇਜ ਮਾਈਨਿੰਗ ਕਰਨ ਵਾਲੇ ਕਥਿਤ ਡਾਕੂਆਂ ਦੇ ਹੌਸਲੇ ਇਸ ਸਮੇਂ ਪੂਰੇ ਬੁਲੰਦ ਹਨ ਅਤੇ ਉਹ ਇਹ ਵੀ ਨਹੀਂ ਦੇਖ ਰਹੇ ਕਿ ਜਿਹੜੀ ਜਗ੍ਹਾਂ ਉਨ੍ਹਾਂ ਵੱਲੋਂ ਚੋਰੀ ਕੀਤੀ ਜਾ ਰਹੀ ਹੈ , ਉਹ ਗੁਰਦੁਆਰਾ ਮੰਦਰ ਦੀ ਹੈ ਜਾਂ ਫਿਰ ਕਿਸੇ ਵਿਸ਼ੇਸ਼ ਏਜੰਸੀ ਵੱਲੋਂ ਜਪਤ ਕੀਤੀ ਹੋਈ ਹੈ । ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਕੋਈ ਸਖਤ ਕਾਰਵਾਈ ਇਹਨਾਂ ਖਣਿਜ਼ ਚੋਰਾਂ ਦੇ ਖਿਲਾਫ ਨਹੀਂ ਕੀਤੀ ਜਾਂਦੀ ਅਤੇ ਇਨ੍ਹਾਂ ਦੇ ਫੜੇ ਗਏ ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਸਮਾਨ ਨੂੰ ਅਣਪਛਾਤੇ ਦੱਸ ਕੇ ਮੁਕਦਮਾ ਦਰਜ ਕਰ ਦਿੱਤਾ ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਜਦੋਂ ਦੇ ਨਜਾਇਜ਼ ਮਾਈਨਿੰਗ ਦੇ ਮੁਕਦਮੇ ਦਰਜ ਹੁੰਦੇ ਆ ਰਹੇ ਨਾ ਅੱਜ ਤੱਕ ਕਿਸੇ ਵੀ ਅਣਪਛਾਤੇ ਵਾਹਨ ਅਤੇ ਖਣਿਜਾਂ ਤੇ ਕੀਤੇ ਗਏ ਪਰਚੇ ਵਿੱਚ ਕਿਸੇ ਨੂੰ ਨਾਮਜ਼ਦ ਕੀਤਾ ਨਜ਼ਰ ਨਹੀਂ ਆਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਹਾਲ ਇਹੀ ਰਹੇ ਤਾਂ ਪੰਜਾਬ ਦੇ ਨਕਸ਼ੇ ਵਿੱਚੋਂ ਸਵਾਂ ਨਦੀ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਦਾ ਨਾਮ ਹੀ ਮਿਟ ਜਾਵੇਗਾ।