ਨਜਾਇਜ਼ ਮਾਈਨਿੰਗ ਅਤੇ ਗੁੰਡਾ ਪਰਚੀ ਨਹੀਂ ਚੱਲਣ ਦੇਵਾਂਗੇ: ਰਾਣਾ ਕੇਪੀ ਸਿੰਘ
ਨਜਾਇਜ਼ ਮਾਈਨਿੰਗ ਅਤੇ ਗੁੰਡਾ ਪਰਚੀ ਨਹੀਂ ਚੱਲਣ ਦੇਵਾਂਗੇ: ਰਾਣਾ ਕੇਪੀ ਸਿੰਘ
Publish Date: Wed, 07 Jan 2026 05:18 PM (IST)
Updated Date: Wed, 07 Jan 2026 05:21 PM (IST)

ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ’ਚ ਪਹਿਲੀ ਵਾਰ ਦਰਜ ਹੋਏ 307 ਦੇ ਝੂਠੇ ਪਰਚੇ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਬੀਤੀ ਦੇਰ ਰਾਤ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਦਰਜ ਕੀਤੇ ਗਏ ਪਰਚਿਆਂ ਨੂੰ ਝੂਠਾ ਕਰਾਰ ਦਿੰਦਿਆਂ ਕਚਹਿਰੀਆਂ ਵਿਚ ਵਿਸ਼ਾਲ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਹਿਮਾਂਸ਼ੂ ਟੰਡਨ ਟਿੰਮੀ ਅਤੇ ਹੋਰਨਾਂ ਦੇ ਖਿਲਾਫ ਦਰਜ ਕੀਤੇ ਗਏ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਇਲਾਕੇ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ। ਇਹ ਧਰਨਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ, ਜਿੱਥੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਹੋਈ। ਧਰਨੇ ਨੂੰ ਸੰਬੋਧਨ ਕਰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨਾਗਰਿਕ ਉੱਤੇ 307 ਵਰਗਾ ਗੰਭੀਰ ਅਤੇ ਝੂਠਾ ਪਰਚਾ ਦਰਜ ਕਰਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਰਹਿ ਚੁੱਕੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਮ ਲੈ ਕੇ ਕਹਿ ਸਕਦੇ ਹਨ ਕਿ ਅੱਜ ਤੱਕ ਕਿਸੇ ਨੇ ਵੀ ਅਜਿਹਾ ਝੂਠਾ ਪਰਚਾ ਦਰਜ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਅਫਸੋਸਜਨਕ ਹੈ ਕਿ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਵਿਚ 307 ਦਾ ਝੂਠਾ ਪਰਚਾ ਦਰਜ ਹੋਇਆ ਹੈ। ਕੇਪੀ ਸਿੰਘ ਨੇ ਕਿਹਾ ਕਿ ਹਿਮਾਂਸ਼ੂ ਟੰਡਨ ਟਿੰਮੀ ਅਤੇ ਹੋਰਨਾਂ ਦੇ ਖਿਲਾਫ ਝੂਠਾ ਪਰਚਾ ਦਰਜ ਕਰਕੇ ਕੈਬਨਿਟ ਮੰਤਰੀ ਬਚ ਨਹੀਂ ਸਕਦੇ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸਿਰਫ਼ ਸਾਡੇ ਬਲਾਕ ਪ੍ਰਧਾਨ ਉੱਤੇ ਪਰਚਾ ਦਰਜ ਕਰਨ ਦਾ ਮਾਮਲਾ ਨਹੀਂ, ਸਗੋਂ ਸਾਡੀ ਅਣਖ ਨੂੰ ਵੰਗਾਰਿਆ ਗਿਆ ਹੈ, ਜਿਸਦਾ ਮੁਕਾਬਲਾ ਲੋਕ ਇਕੱਠੇ ਹੋ ਕੇ ਕਰਨਗੇ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਉਹ ਤੁਰੰਤ ਰੋਕੀ ਜਾਵੇ। ਨਜਾਇਜ਼ ਮਾਈਨਿੰਗ ਰੋਕਣਾ ਪ੍ਰਸ਼ਾਸਨ ਦੀ ਡਿਊਟੀ ਹੈ ਅਤੇ ਪ੍ਰਸ਼ਾਸਨ ਕਿਸੇ ਧਿਰ ਦਾ ਪੱਖ ਨਾ ਲਵੇ। ਉਨ੍ਹਾਂ ਕਿਹਾ ਕਿ ਸੱਤਾ ਥੋੜੇ ਸਮੇਂ ਦੀ ਮਹਿਮਾਨ ਹੁੰਦੀ ਹੈ, ਇਸ ਲਈ ਅਧਿਕਾਰੀ ਨਿਰਪੱਖ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਰਾਣਾ ਕੇਪੀ ਨੇ ਐਲਾਨ ਕੀਤਾ ਕਿ ਨਜਾਇਜ਼ ਮਾਈਨਿੰਗ ਰੋਕਣ ਲਈ ਪਿੰਡਾਂ ਵਿੱਚੋਂ ਜੱਥੇ ਤਿਆਰ ਕਰਕੇ ਮੌਕੇ ’ਤੇ ਭੇਜੇ ਜਾਣਗੇ, ਜਿਨ੍ਹਾਂ ਦੀ ਅਗਵਾਈ ਸੀਨੀਅਰ ਆਗੂ ਕਰਨਗੇ। ਜਿੱਥੇ ਲੋੜ ਪਈ ਉੱਥੇ ਉਹ ਖੁਦ ਪਹੁੰਚ ਕੇ ਸਾਰਿਆਂ ਨੂੰ ਨਾਲ ਲੈ ਕੇ ਨਜਾਇਜ਼ ਮਾਈਨਿੰਗ ਰੁਕਵਾਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਲਈ ਪੱਕੇ ਤੌਰ ’ਤੇ ਟੈਂਟ ਲਗਾ ਕੇ ਦਰੀਆਂ ਵਿਛਾ ਕੇ ਬੈਠਣਾ ਪਵੇ, ਅਸੀਂ ਉੱਥੇ ਵੀ ਬੈਠਾਂਗੇ ਪਰ ਕਿਸੇ ਵੀ ਹਾਲਤ ਵਿਚ ਨਜਾਇਜ਼ ਮਾਈਨਿੰਗ ਅਤੇ ਗੁੰਡਾ ਪਰਚੀਆਂ ਨਹੀਂ ਚੱਲਣ ਦੇਵਾਂਗੇ। ਕੇਪੀ ਸਿੰਘ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਜੇਕਰ ਸਾਡੇ ਵਰਕਰਾਂ ਨੂੰ ਕੁਝ ਵੀ ਹੋਇਆ ਤਾਂ ਇਸ ਦੇ ਲਈ ਸਿੱਧੇ ਤੌਰ ’ਤੇ ਹਰਜੋਤ ਸਿੰਘ ਬੈਂਸ ਜਿੰਮੇਵਾਰ ਹੋਣਗੇ । ਉਨ੍ਹਾਂ ਦੋਸ਼ ਲਗਾਇਆ ਕਿ ਅਗਮਪੁਰ, ਖੇੜੇ ਕਮਲੋਟ, ਗੱਜਪੁਰ ਅਤੇ ਚੰਦਪੁਰ ਰਾਹੀਂ ਹਰ ਰੋਜ਼ ਹਜ਼ਾਰਾਂ ਗੱਡੀਆਂ ਨਜਾਇਜ਼ ਮਾਈਨਿੰਗ ਦੀਆਂ ਲੰਘ ਰਹੀਆਂ ਹਨ, ਜਿਸ ਨਾਲ ਇਲਾਕੇ ਦੀ ਧਰਤੀ ਅਤੇ ਕੁਦਰਤੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਲੁੱਟ ਦੇ ਖਿਲਾਫ਼ ਇਕੱਠੇ ਹੋ ਕੇ ਅੱਗੇ ਆਉਣ। ਰਾਣਾ ਨੇ ਇਹ ਵੀ ਐਲਾਨ ਕੀਤਾ ਕਿ ਇਸ ਮਸਲੇ ਸਬੰਧੀ ਕੱਲ੍ਹ ਵਿਸ਼ਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਬਲਵੀਰ ਸਿੰਘ ਸ਼ਾਹਪੁਰ ਅਤੇ ਰਮੇਸ਼ ਦਸ ਗਰਾਹੀ ਸ਼ਾਮਿਲ ਹੋਣਗੇ। ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ ਅਗਲਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਧਰਨੇ ਨੂੰ ਵਿਸ਼ਵ ਪਾਲ ਰਾਣਾ, ਬਲਵੀਰ ਸਿੰਘ ਸ਼ਾਹਪੁਰ, ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਰਮੇਸ਼ ਦਸ ਗਰਾਹੀ ਅਤੇ ਸੁਰਜੀਤ ਸਿੰਘ ਢੇਰ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸਾਬਕਾ ਕੌਂਸਲਰ ਨਰਿੰਦਰ ਸੈਣੀ ਨੇ ਬਾਖੂਬੀ ਨਿਭਾਈ। ਧਰਨੇ ਵਿਚ ਪ੍ਰੇਮ ਸਿੰਘ ਬਾਸੋਵਾਲ, ਕਮਲਦੀਪ ਕੌਰ ਸੈਣੀ, ਅਮਰ ਸੋਢੀ, ਪਹੂ ਲਾਲ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਇਲਾਕੇ ਦੇ ਲੋਕ ਹਾਜ਼ਰ ਰਹੇ।