10 ਤੋਂ ਪਿੰਡਾਂ ਦੇ ਪਹਿਰੇਦਾਰ ਸਕੀਮ ਦਾ ਹੋਵੇਗਾ ਆਗਾਜ਼ : ਹਰਜੋਤ ਬੈਂਸ
10 ਜਨਵਰੀ ਤੋਂ ਪਿੰਡਾਂ ਦੇ ਪਹਿਰੇਦਾਰ ਸਕੀਮ ਦਾ ਹੋਵੇਗਾ ਆਗਾਜ਼ : ਹਰਜੋਤ ਸਿੰਘ ਬੈਂਸ
Publish Date: Wed, 07 Jan 2026 05:07 PM (IST)
Updated Date: Wed, 07 Jan 2026 05:09 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਵਿਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਫੇਜ਼–2 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੁਹਿੰਮ ਨੂੰ ਜਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਚ 10 ਜਨਵਰੀ ਤੋਂ “ਪਿੰਡਾਂ ਦੇ ਪਹਿਰੇਦਾਰ” ਸਕੀਮ ਦਾ ਆਗਾਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਲੜਾਈ ਵਿਚ ਲੋਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਹਿਰਾਂ ਅਤੇ ਪਿੰਡਾਂ ਨੂੰ ਕੁੱਲ 22 ਬਲਾਕਾਂ ਵਿਚ ਵੰਡਿਆ ਗਿਆ ਹੈ। ਹਰ ਬਲਾਕ ਵਿਚ ਸਥਾਨਕ ਪੱਧਰ ’ਤੇ ਜ਼ਿੰਮੇਵਾਰ ਨਾਗਰਿਕਾਂ, ਨੌਜਵਾਨਾਂ, ਸਮਾਜ ਸੇਵੀਆਂ ਅਤੇ ਪੰਚਾਇਤ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਪਹਿਰੇਦਾਰ ਤਿਆਰ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ “ਪਿੰਡਾਂ ਦੇ ਪਹਿਰੇਦਾਰ” ਸਕੀਮ ਦਾ ਮੁੱਖ ਮਕਸਦ ਨਸ਼ਿਆਂ ਦੀ ਰੋਕਥਾਮ, ਜਾਗਰੂਕਤਾ ਫੈਲਾਉਣਾ, ਨਸ਼ਾ ਤਸਕਰੀ ਸੰਬੰਧੀ ਸੂਚਨਾ ਪ੍ਰਸ਼ਾਸਨ ਤੱਕ ਪਹੁੰਚਾਉਣਾ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਇਸਦੇ ਨਾਲ ਹੀ ਸ਼ਹਿਰੀ ਖੇਤਰਾਂ ਵਿਚ “ਵਾਰਡਾਂ ਦੇ ਪਹਿਰੇਦਾਰ” ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਹਰ ਪੱਧਰ ’ਤੇ ਨਿਗਰਾਨੀ ਅਤੇ ਸਹਿਯੋਗ ਬਣਿਆ ਰਹੇ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਨਿਯਮਿਤ ਮੀਟਿੰਗਾਂ, ਜਾਗਰੂਕਤਾ ਕੈਂਪ, ਸਕੂਲਾਂ ਅਤੇ ਕਾਲਜਾਂ ਵਿੱਚ ਸ਼ੈਸ਼ਨ ਅਤੇ ਨਸ਼ਾ ਛੱਡੋ ਕੇਂਦਰਾਂ ਨਾਲ ਤਾਲਮੇਲ ਰੱਖਿਆ ਜਾਵੇਗਾ। ਪ੍ਰਸ਼ਾਸਨ ਵੱਲੋਂ ਪਹਿਰੇਦਾਰਾਂ ਨੂੰ ਲੋੜੀਂਦੀ ਟ੍ਰੇਨਿੰਗ ਅਤੇ ਮਾਰਗਦਰਸ਼ਨ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਾ ਮੁਕਤ ਪੰਜਾਬ ਦੇ ਟੀਚੇ ਨੂੰ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪਬੱਧ ਹੈ ਅਤੇ ਇਹ ਮੁਹਿੰਮ ਉਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਇਸ ਮੌਕੇ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਯੁੱਧ ਨਸ਼ਿਆ ਵਿਰੁੱਧ ਸਕੀਮ ਫੇਜ਼ 2 ਲਈ ਸਾਰੀਆਂ ਤਿਆਰੀਆ ਮੁਕੰਮਲ ਕਰ ਲਈਆਂ ਗਾਈਆਂ ਹਨ।