ਬੀਤੀ ਰਾਤ ਪਿੰਡ ਬੁੰਗਾ ਸਾਹਿਬ ਦੇ ਨਜ਼ਦੀਕ ਕੌਮੀ ਮਾਰਗ ਨੰਬਰ 21(205) 'ਤੇ ਇਕ ਸਵਿਫਟ ਕਾਰ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰਨ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਨੀਵੀਂ ਸਾਈਡ ਪਲਟਦੀ ਹੋਈ ਰੇਲਵੇ ਟ੍ਰੈਕ ਦੇ ਨਾਲ ਜਾ ਲੱਗੀ।
ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਬੀਤੀ ਰਾਤ ਪਿੰਡ ਬੁੰਗਾ ਸਾਹਿਬ ਦੇ ਨਜ਼ਦੀਕ ਕੌਮੀ ਮਾਰਗ ਨੰਬਰ 21(205) 'ਤੇ ਇਕ ਸਵਿਫਟ ਕਾਰ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰਨ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਨੀਵੀਂ ਸਾਈਡ ਪਲਟਦੀ ਹੋਈ ਰੇਲਵੇ ਟ੍ਰੈਕ ਦੇ ਨਾਲ ਜਾ ਲੱਗੀ।
ਇਸ ਹਾਦਸੇ 'ਚ ਕਾਰ ਸਵਾਰ ਦੋ ਸਕੀਆਂ ਭੈਣਾ ਦੀ ਮੌਤ ਹੋ ਗਈ ਜੋਕਿ ਇਕ ਹੀ ਘਰ 'ਚ ਵਿਆਹੀਆਂ ਹੋਈਆਂ ਸਨ। ਇਸ ਹਾਦਸੇ 'ਚ ਕਾਰ ਸਵਾਰ ਤਿੰਨ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਨੀਰਜਾ (26) ਪਤਨੀ ਪਰਸ਼ੋਤਮ ਕੁਮਾਰ ਅਤੇ ਜੋਤੀ ਬਾਲਾ (22) ਪਤਨੀ ਪਲਵਿੰਦਰ ਸਿੰਘ ਵਾਸੀ ਪਿੰਡ ਹਰੀਪੁਰ ਫੂਲੜੇੇ ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ। ਪੁਲਿਸ ਨੂੰ ਜ਼ਖ਼ਮੀ ਪਲਵਿੰਦਰ ਸਿੰਘ (25) ਪੁੱਤਰ ਧਰਮਪਾਲ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਫ਼ੌਜ 'ਚ ਨੌਕਰੀ ਕਰਦਾ ਹੈ ਤੇ ਛੁੱਟੀ 'ਤੇ ਆਇਆ ਹੋਇਆ ਸੀ।
ਉਸਦੀ ਭਰਜਾਈ ਨੀਰਜਾ ਪੀਐੱਨਬੀ ਬੈਂਕ ਬੱਦੀ 'ਚ ਕਲਰਕ ਸੀ ਜਿਸ ਨੇ ਕੰਮ ਕਾਰ ਦੇ ਸਬੰਧ 'ਚ ਸ਼ਿਮਲਾ (ਹਿਮਾਚਲ ਪ੍ਰਦੇਸ) ਜਾਣਾ ਸੀ। ਮੈਂ ਅਤੇ ਮੇਰੀ ਪਤਨੀ ਜੋਤੀ ਬਾਲਾ ਅਤੇ ਮੇਰੀ ਭੂਆ ਦਾ ਲੜਕਾ ਨਰੇਸ਼ ਕੁਮਾਰ ਤੇ ਉਸਦੀ ਪਤਨੀ ਦੀਪਿਕਾ ਸਾਡੀ ਕਾਰ ਨੰਬਰ ਪੀਬੀ12ਏਏ-4022 ਸਵਿਫਟ 'ਚ ਸਵਾਰ ਹੋ ਕੇ ਸ਼ਿਮਲਾ ਗਏ ਸੀ। ਕਾਰ ਮੈਂ ਚਲਾ ਰਿਹਾ ਸੀ। ਜਦੋਂ ਅਸੀਂ ਸ਼ਿਮਲੇ ਤੋਂ ਵਾਪਸ ਆ ਰਹੇ ਸੀ ਤਾਂ ਰਾਤ ਕਰੀਬ 8.30 ਵਜੇ ਬੁੰਗਾ ਸਾਹਿਬ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਸਾਡੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਨਾਲ ਨੀਵੇਂ ਥਾਂ ਡਿੱਗ ਕੇ ਪਲਟਦੀ ਹੋਈ ਰੇਲਵੇ ਟ੍ਰੈਕ ਤੱਕ ਚਲੀ ਗਈ।
ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਨੇ ਸਾਨੂੰ ਪੰਜਾਂ ਜ਼ਖ਼ਮੀਆਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੇਰੀ ਪਤਨੀ ਜੋਤੀ ਬਾਲਾ ਤੇ ਭਰਜਾਈ ਨੀਰਜਾ ਨੂੰ ਮਿ੍ਤਕ ਐਲਾਨ ਦਿੱਤਾ, ਜਦਕਿ ਨਰੇਸ਼ ਕੁਮਾਰ ਤੇ ਉਸਦੀ ਪਤਨੀ ਦੀਪਕਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੁਲਿਸ ਨੇ ਪਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮਿ੍ਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।