ਹਿਮਾਚਲ ਦੇ ਐਂਟਰੀ ਟੈਕਸ ਖ਼ਿਲਾਫ਼ ਭਲਕੇ 55 ਸਰਹੱਦੀ ਪੁਆਇੰਟਾਂ ’ਤੇ ਹੋਵੇਗਾ ਚੱਕਾ ਜਾਮ, ਐਂਟਰੀ ਟੈਕਸ ਖ਼ਤਮ ਹੋਣ ਤੱਕ ਸੰਘਰਸ਼ ਰੱਖਿਆ ਜਾਵੇਗਾ ਜਾਰੀ
ਉਨ੍ਹਾਂ ਦੱਸਿਆ ਕਿ ਊਨਾ-ਨੰਗਲ ਦੇ ਮਹਿਤਪੁਰ ਬਾਰਡਰ, ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ, ਨਾਲਾਗੜ੍ਹ-ਘਨੌਲੀ ਰਾਜ ਮਾਰਗ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਨੂੰ ਜੋੜਨ ਵਾਲੇ 55 ਪੁਆਇੰਟਾਂ ’ਤੇ ਧਰਨੇ ਅਤੇ ਚੱਕਾ ਜਾਮ ਕੀਤਾ ਜਾਵੇਗਾ। ਰੂਪਨਗਰ, ਐੱਸਏਐੱਸ ਨਗਰ (ਮੋਹਾਲੀ), ਹੁਸ਼ਿਆਰਪੁਰ, ਪਠਾਨਕੋਟ, ਨਾਲਾਗੜ੍ਹ, ਭਰਤਗੜ੍ਹ, ਢੇਰੋਵਾਲ ਅਤੇ ਹੋਰ ਸਰਹੱਦੀ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
Publish Date: Sun, 31 May 2026 08:04 AM (IST)
Updated Date: Sun, 31 May 2026 08:08 AM (IST)
ਪੱਤਰ ਪ੍ਰੇਰਕ, ਨੂਰਪੁਰ ਬੇਦੀ (ਰੂਪਨਗਰ) : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਾਹਰੀ ਸੂਬਿਆਂ ਦੇ ਵਾਹਨਾਂ ’ਤੇ ਲਗਾਏ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ 1 ਜੂਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਨਾਲ ਜੁੜੇ 55 ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਚਾਰ ਘੰਟੇ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਐਲਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਵੀਰ ਸਿੰਘ ਬੜਵਾ ਨੇ ਸਾਂਝੇ ਤੌਰ ’ਤੇ ਕੀਤਾ।
ਆਗੂਆਂ ਨੇ ਕਿਹਾ ਕਿ ਐਂਟਰੀ ਟੈਕਸ ਆਮ ਲੋਕਾਂ, ਟੈਕਸੀ ਚਾਲਕਾਂ, ਸੈਰ-ਸਪਾਟਾ ਉਦਯੋਗ ਅਤੇ ਛੋਟੇ ਵਪਾਰੀਆਂ ’ਤੇ ਬੇਲੋੜਾ ਆਰਥਿਕ ਬੋਝ ਬਣ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਇਸ ਮੁੱਦੇ ’ਤੇ ਆਪਣਾ ਸਪੱਸ਼ਟ ਰੁਖ਼ ਜਨਤਕ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਊਨਾ-ਨੰਗਲ ਦੇ ਮਹਿਤਪੁਰ ਬਾਰਡਰ, ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ, ਨਾਲਾਗੜ੍ਹ-ਘਨੌਲੀ ਰਾਜ ਮਾਰਗ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਨੂੰ ਜੋੜਨ ਵਾਲੇ 55 ਪੁਆਇੰਟਾਂ ’ਤੇ ਧਰਨੇ ਅਤੇ ਚੱਕਾ ਜਾਮ ਕੀਤਾ ਜਾਵੇਗਾ। ਰੂਪਨਗਰ, ਐੱਸਏਐੱਸ ਨਗਰ (ਮੋਹਾਲੀ), ਹੁਸ਼ਿਆਰਪੁਰ, ਪਠਾਨਕੋਟ, ਨਾਲਾਗੜ੍ਹ, ਭਰਤਗੜ੍ਹ, ਢੇਰੋਵਾਲ ਅਤੇ ਹੋਰ ਸਰਹੱਦੀ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਚੱਕਾ ਜਾਮ ਦੌਰਾਨ ਫੌਜੀ ਵਾਹਨਾਂ, ਐਂਬੂਲੈਂਸਾਂ, ਐਮਰਜੈਂਸੀ ਸੇਵਾਵਾਂ ਅਤੇ ਜ਼ਰੂਰੀ ਯਾਤਰਾ ਦਸਤਾਵੇਜ਼ ਰੱਖਣ ਵਾਲੇ ਯਾਤਰੀਆਂ ਨੂੰ ਪੂਰੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਚਲਾਇਆ ਜਾਵੇਗਾ।
ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਸ਼ੇਰ-ਏ-ਪੰਜਾਬ ਯੂਨੀਅਨ, ਭਾਰਤੀ ਕਿਸਾਨ ਯੂਨੀਅਨ, ਜਨ ਚੇਤਨਾ ਮੰਚ, ਪੰਜਾਬ ਟੈਕਸੀ ਯੂਨੀਅਨ ਅਤੇ ਹੋਰ ਸਮਾਜਿਕ ਤੇ ਟਰਾਂਸਪੋਰਟ ਜਥੇਬੰਦੀਆਂ ਨੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਐਂਟਰੀ ਟੈਕਸ ਖ਼ਤਮ ਹੋਣ ਤੱਕ ਲੋਕਤੰਤਰੀ ਢੰਗ ਨਾਲ ਸੰਘਰਸ਼ ਜਾਰੀ ਰਹੇਗਾ।