Ropar News : ਜੋਬਨਜੀਤ ਸਿੰਘ ਦੇ ਸਸਕਾਰ ਤੋਂ ਪਹਿਲਾਂ ਦੋ ਸ਼ਹੀਦਾਂ ਦੇ ਮਾਪਿਆਂ ਦਾ ਭਾਵੁਕ ਮਿਲਾਪ, ਫ਼ੌਜੀ ਵਰਦੀ 'ਚ ਇੱਕ-ਦੂਜੇ ਨੂੰ ਗਲ ਲਾ ਕੇ ਦਿੱਤਾ ਹੌਸਲਾ
ਸ਼ਹੀਦ ਜੋਬਨਜੀਤ ਸਿੰਘ ਦੇ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਨਿਵਾਸ ਸਥਾਨ ’ਤੇ ਸੋਗ ਅਤੇ ਸਨਮਾਨ ਦਾ ਅਲੌਕਿਕ ਮਾਹੌਲ ਬਣਿਆ ਰਿਹਾ। ਦੇਸ਼ ਲਈ ਆਪਣੀ ਜਾਨ ਵਾਰਨ ਕਰਨ ਵਾਲੇ ਇਸ ਲਾਲ ਦੀ ਅੰਤਿਮ ਵਿਦਾਇਗੀ ਤੋਂ ਪਹਿਲਾਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਇਲਾਕੇ ਦੇ ਸੈਂਕੜੇ ਲੋਕਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
Publish Date: Sat, 24 Jan 2026 08:49 PM (IST)
Updated Date: Sat, 24 Jan 2026 08:55 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਰੂਪਨਗਰ/ਨੂਰਪੁਰਬੇਦੀ : ਸ਼ਹੀਦ ਜੋਬਨਜੀਤ ਸਿੰਘ ਦੇ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਨਿਵਾਸ ਸਥਾਨ ’ਤੇ ਸੋਗ ਅਤੇ ਸਨਮਾਨ ਦਾ ਅਲੌਕਿਕ ਮਾਹੌਲ ਬਣਿਆ ਰਿਹਾ। ਦੇਸ਼ ਲਈ ਆਪਣੀ ਜਾਨ ਵਾਰਨ ਕਰਨ ਵਾਲੇ ਇਸ ਲਾਲ ਦੀ ਅੰਤਿਮ ਵਿਦਾਇਗੀ ਤੋਂ ਪਹਿਲਾਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਇਲਾਕੇ ਦੇ ਸੈਂਕੜੇ ਲੋਕਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਗਮਗੀਨ ਮਾਹੌਲ ਵਿੱਚ ਉਹ ਪਲ ਹਰ ਇੱਕ ਦੀਆਂ ਅੱਖਾਂ ਨੂੰ ਨਮੀ ਦੇ ਗਿਆ, ਜਦੋਂ ਇੱਕ ਸ਼ਹੀਦ ਦੇ ਪਿਤਾ ਨੂੰ ਦੂਜੇ ਸ਼ਹੀਦ ਦੇ ਪਿਤਾ ਨੇ ਗਲ ਲਾ ਕੇ ਹੌਸਲਾ ਦਿੱਤਾ। ਸ਼ਹੀਦ ਜੋਬਨਜੀਤ ਸਿੰਘ ਦੇ ਪਿਤਾ ਬਲਵੀਰ ਸਿੰਘ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਆਪਣੀ ਫ਼ੌਜ ਦੀ ਵਰਦੀ ਪਾ ਕੇ ਸਲਾਮੀ ਭੇਟ ਕੀਤੀ, ਉਸ ਦ੍ਰਿਸ਼ ਨੇ ਹਰ ਦਿਲ ਨੂੰ ਛੂਹ ਲਿਆ। ਇਹ ਵਰਦੀ ਕੇਵਲ ਕੱਪੜਾ ਨਹੀਂ ਸੀ, ਸਗੋਂ ਕੁਰਬਾਨੀ, ਫ਼ਰਜ਼ ਅਤੇ ਦੇਸ਼ਭਗਤੀ ਦੀ ਜੀਤੀ ਜਾਗਦੀ ਤਸਵੀਰ ਸੀ।
ਇਸ ਮੌਕੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਰੋਲੀ ਦੇ ਪਿਤਾ ਦਰਸ਼ਨ ਸਿੰਘ ਵੀ ਆਪਣੇ ਸ਼ਹੀਦ ਪੁੱਤਰ ਦੀ ਫ਼ੌਜੀ ਜੈਕਟ ਪਾ ਕੇ ਮੌਜੂਦ ਰਹੇ। ਦਰਸ਼ਨ ਸਿੰਘ ਨੇ ਸ਼ਹੀਦ ਜੋਬਨਜੀਤ ਦੇ ਪਿਤਾ ਬਲਵੀਰ ਸਿੰਘ ਨੂੰ ਗਲੇ ਲਾ ਕੇ ਜਿੱਥੇ ਆਪਣਾ ਦੁੱਖ ਵੰਡਾਇਆ, ਉੱਥੇ ਹੀ ਨਮ ਅੱਖਾਂ ਨਾਲ ਸ਼ਹੀਦ ਜੋਬਨਜੀਤ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।
ਦੋ ਸ਼ਹੀਦਾਂ ਦੇ ਪਿਤਾਵਾਂ ਦਾ ਇਹ ਮਿਲਾਪ ਸਿਰਫ਼ ਦੁੱਖ ਦੀ ਸਾਂਝ ਨਹੀਂ ਸੀ, ਸਗੋਂ ਇਹ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਦਾ ਅਟੱਲ ਸੰਦੇਸ਼ ਸੀ, ਜੋ ਕਹਿ ਰਿਹਾ ਸੀ ਕਿ ਸ਼ਹੀਦ ਕਦੇ ਮਰਦੇ ਨਹੀਂ, ਉਹ ਕੌਮ ਦੀ ਰਗਾਂ ਵਿੱਚ ਦੇਸ਼ਭਗਤੀ ਬਣ ਕੇ ਸਦਾ ਜਿਉਂਦੇ ਰਹਿੰਦੇ ਹਨ।