ਰੂਪਨਗਰ ਦੇ ਭੁਲੇ-ਬਿਸਰੇ ਇਤਿਹਾਸ ਨੂੰ 80 ਸਾਲ ਬਾਅਦ ਨਵੀਂ ਪਛਾਣ ਮਿਲਣ ਜਾ ਰਹੀ ਹੈ। ਪਿੰਡ ਮੀਰਪੁਰ ਵਿੱਚ ਉਹ ਇਤਿਹਾਸਿਕ ਯਾਦਗਾਰ ਬਣ ਰਹੀ ਹੈ, ਜੋ ਰੂਪਨਗਰ ਦੇ ਕਰੀਬ ਪੰਜਾਹ ਗੁਮਨਾਮ ਸ਼ਹੀਦਾਂ ਦੀ ਵਿਰਾਸਤ ਨੂੰ ਮੁੜ ਜਗਾਉਣ ਲਈ ਸਮਰਪਿਤ ਹੈ।

ਦਿਨੇਸ਼ ਹੱਲਣ,ਪੰਜਾਬੀ ਜਾਗਰਣ,ਨੂਰਪੁਰਬੇਦੀ : ਰੂਪਨਗਰ ਦੇ ਭੁਲੇ-ਬਿਸਰੇ ਇਤਿਹਾਸ ਨੂੰ 80 ਸਾਲ ਬਾਅਦ ਨਵੀਂ ਪਛਾਣ ਮਿਲਣ ਜਾ ਰਹੀ ਹੈ। ਪਿੰਡ ਮੀਰਪੁਰ ਵਿੱਚ ਉਹ ਇਤਿਹਾਸਿਕ ਯਾਦਗਾਰ ਬਣ ਰਹੀ ਹੈ, ਜੋ ਰੂਪਨਗਰ ਦੇ ਕਰੀਬ ਪੰਜਾਹ ਗੁਮਨਾਮ ਸ਼ਹੀਦਾਂ ਦੀ ਵਿਰਾਸਤ ਨੂੰ ਮੁੜ ਜਗਾਉਣ ਲਈ ਸਮਰਪਿਤ ਹੈ। ਇਹ ਉਹ ਯੋਧੇ ਸਨ, ਜਿਨ੍ਹਾਂ ਨੇ ਗਦਰ ਲਹਿਰ, ਜੈਤੋ ਮੋਰਚਾ, ਗੁਰੂ ਕੇ ਬਾਗ ਅੰਦੋਲਨ ਅਤੇ ਆਜ਼ਾਦ ਹਿੰਦ ਫੌਜ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ, ਪਰ ਇਤਿਹਾਸ ਦੇ ਰਸਮੀ ਪੰਨਿਆਂ ਤੋਂ ਗਾਇਬ ਰਹੇ।
ਹੁਣ ਪਿੰਡ ਮੀਰਪੁਰ ਵਿੱਚ ਗਦਰੀ ਬਾਬਾ ਕਿਰਪਾ ਸਿੰਘ ਸ਼ਹੀਦ ਯਾਦਗਾਰ ਅਤੇ ਮਿਊਜ਼ੀਅਮ ਬਨਾਇਆ ਜਾ ਰਿਹਾ ਹੈ। ਬਾਬਾ ਕਿਰਪਾ ਸਿੰਘ ਦੇ ਪਰਿਵਾਰ ਨੇ ਮਿਊਜ਼ੀਅਮ ਦੀ ਉਸਾਰੀ ਲਈ ਪਿੰਡ ਦੇ ਮੁੱਖ ਮਾਰਗ ‘ਤੇ ਇੱਕ ਕਨਾਲ ਕੀਮਤੀ ਜਮੀਨ ਦਾਨ ਕੀਤੀ ਹੈ, ਜਿਸਦੀ ਕੀਮਤ ਕਰੀਬ ਪੰਜਾਹ ਲੱਖ ਰੁਪਏ ਦੱਸੀ ਜਾ ਰਹੀ ਹੈ।
ਨਿਰਮਾਣ ਕਾਰਜ ਦੀ ਸ਼ੁਰੂਆਤ ਗਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਸੁਸਾਇਟੀ ਵੱਲੋਂ ਅਰਦਾਸ ਨਾਲ ਕੀਤੀ ਗਈ ਅਤੇ ਟੱਕ ਲਗਾ ਕੇ ਮਿਊਜ਼ੀਅਮ ਦੇ ਪਹਿਲੇ ਗੇੜ ਨੂੰ ਸ਼ੁਰੂ ਕੀਤਾ ਗਿਆ। ਇਹ ਯਾਦਗਾਰ ਸਿਰਫ਼ ਇੱਕ ਸਮਾਰਕ ਨਹੀਂ, ਸਗੋਂ ਰੂਪਨਗਰ ਦੇ ਭੁਲੇ ਹੋਏ ਸ਼ਹੀਦਾਂ ਨੂੰ ਮੁੜ ਇਤਿਹਾਸ ਵਿੱਚ ਜਗ੍ਹਾ ਦੇਣ ਦੀ ਇਕ ਵੱਡੀ ਮੁਹਿੰਮ ਹੈ।
ਮਿਊਜ਼ੀਅਮ ਨੂੰ ਤਿੰਨ ਭਾਗਾਂ ਵਿੱਚ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਸ਼ਹੀਦ ਗੈਲਰੀ,ਗਦਰ ਮੂਵਮੈਂਟ ਸੈਂਟਰ,ਅਤੇ ਖੁੱਲ੍ਹਾ ਸਟੇਜ, ਜਿੱਥੇ ਨੌਜਵਾਨਾਂ ਲਈ ਇਤਿਹਾਸਕ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ, ਬਣਾਏ ਜਾ ਰਹੇ ਹਨ। ਪਹਿਲੇ ਗੇੜ ਦੀ ਲਾਗਤ 30 ਤੋਂ 35 ਲੱਖ ਰੁਪਏ ਅੰਦਾਜ਼ਿਤ ਹੈ, ਜਦਕਿ ਪੂਰੇ ਪ੍ਰੋਜੈਕਟ ਦੀ ਲਾਗਤ 80 ਲੱਖ ਤੋਂ ਇੱਕ ਕਰੋੜ ਰੁਪਏ ਤੱਕ ਹੋ ਸਕਦੀ ਹੈ।
ਸੁਸਾਇਟੀ ਦੇ ਅਨੁਸਾਰ, ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਮਝਾਉਣ ਦਾ ਕੇਂਦਰ ਬਣੇਗੀ ਕਿ ਰੂਪਨਗਰ ਦੀ ਧਰਤੀ ਨੇ ਵੀ ਆਜ਼ਾਦੀ ਲਈ ਕਿੰਨੇ ਮੁਕੱਦਰਮੰਦ ਯੋਧੇ ਪੈਦਾ ਕੀਤੇ, ਜਿਨ੍ਹਾਂ ਨੂੰ ਹੁਣ ਉਹ ਮਾਣ ਮਿਲੇਗਾ ਜਿਨ੍ਹਾਂ ਦੇ ਉਹ ਹੱਕਦਾਰ ਸਨ।
ਇਸ ਸਬੰਧੀ ਗੱਲ ਕਰਦੇ ਹੋਏ ਬਾਬਾ ਕਿਰਪਾ ਸਿੰਘ ਦੇ ਪੋਤਰੇ ਗੁਰਵਿੰਦਰ ਸਿੰਘ ਜੋ ਕਿ ਇੰਡੀਅਨ ਨੇਵੀ 'ਚ ਲੀਡਿੰਗ ਸੀਮੈਨ ਵਜੋਂ ਆਪਣੀ ਡਿਊਟੀ ਕਰ ਰਹੇ ਹਨ, ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਡਿਊਟੀ ਦੌਰਾਨ ਇੱਕ ਡਾਟਾ ਬਰਾਮਦ ਹੋਇਆ ਜਿਸ ਵਿੱਚ ਗਦਰ ਲਹਿਰ ਦੇ ਆਗੂਆਂ ਦਾ ਜ਼ਿਕਰ ਕੀਤਾ ਗਿਆ ਸੀ ਉਸ ਵਿੱਚ ਉਹਨਾਂ ਦੇ ਬਾਬਾ ਜੀ ਦੀ ਫੋਟੋ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਤੋਂ ਸੁਣੀਆ ਹੋਇਆਂ ਕਹਾਣੀਆਂ ਤੇ ਉਹਨਾਂ ਬਾਰੇ ਅਲੱਗ-ਅਲੱਗ ਕਿੱਸਿਆਂ ਤੋਂ ਬਾਅਦ ਉਹਨਾਂ ਦੇ ਮਨ 'ਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਅੱਜ ਇਹ ਜ਼ਮੀਨ ਜੋ ਉਹਨਾਂ ਨੇ ਜੋ ਦਾਨ ਦਿੱਤੀ ਹੈ ਦਿੱਤੀ ਹੈ ਉਹ ਉਹਨਾਂ ਦੇ ਬਾਬਾ ਜੀ ਦੀ ਕੁਰਬਾਨੀ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਜੇਕਰ ਸਾਨੂੰ ਉਹਨਾਂ ਦੀ ਕੁਰਬਾਨੀ ਜਾਂ ਹੋਰ ਦੇਸ਼ ਭਗਤਾਂ ਦੀਆਂ ਯਾਦਗਾਰਾਂ ਬਣਾਉਣ ਲਈ ਹੋਰ ਵੀ ਕੁਝ ਕਰਨਾ ਪਿਆ ਤਾਂ ਸਾਡਾ ਪਰਿਵਾਰ ਹਮੇਸ਼ਾ ਤਿਆਰ ਹੈ।