ਆਰਟੀਆਈ ਦਾ ਜਵਾਬ ਨਾ ਮਿਲਣ ‘ਤੇ ਸਾਬਕਾ ਵਿਧਾਇਕ ਨੇ ਈਓ ਨੂੰ ਦਿੱਤਾ ਮੰਗ ਪੱਤਰ
ਆਰਟੀਆਈ ਦਾ ਜਵਾਬ ਨਾ ਮਿਲਣ ‘ਤੇ ਸਾਬਕਾ ਵਿਧਾਇਕ ਨੇ ਈਓ ਨੂੰ ਦਿੱਤਾ ਮੰਗ ਪੱਤਰ
Publish Date: Fri, 30 Jan 2026 06:26 PM (IST)
Updated Date: Fri, 30 Jan 2026 06:28 PM (IST)

ਪ੍ਰਧਾਨ ਕੋਲ ਜਵਾਬ ਨਾ ਦੇਣ ਵਾਲੇ ਅਧਿਕਾਰੀ ਨੂੰ ਜਵਾਬਦੇਹ ਬਣਾਉਣ ਦੀ ਮੰਗ ਉਠਾਈ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਰੂਪਨਗਰ ਨਗਰ ਕੌਂਸਲ ਤੋਂ ਆਰਟੀਆਈ ਦਾ ਜਵਾਬ ਨਾ ਮਿਲਣ ਤੋਂ ਦੁਖੀ ਵਿਧਾਨ ਸਭਾ ਹਲਕਾ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸ਼ੁੱਕਰਵਾਰ ਨੂੰ ਈਓ ਨਗਰ ਕੌਂਸਲ ਨੂੰ ਮੰਗ ਪੱਤਰ ਦਿੱਤਾ ਅਤੇ ਕੌਸਲ ਪ੍ਰਧਾਨ ਅਸ਼ੋਕ ਵਾਹੀ ਨਾਲ ਜਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਕੀਤੀ ਮੰਗ। ਵਿਧਾਇਕ ਸੰਦੋਆ ਨੇ ਕੌਂਸਲ ਪ੍ਰਧਾਨ ਨੂੰ ਦੱਸਿਆ ਕਿ ਉਨ੍ਹਾਂ ਨੇ 3 ਮਾਰਚ, 2025 ਨੂੰ ਰੂਪਨਗਰ ਨਗਰ ਕੌਂਸਲ ਕੋਲ ਇੱਕ ਆਰਟੀਆਈ ਦਾਇਰ ਕੀਤੀ ਸੀ, ਜਿਸ ਵਿਚ ਸ਼ਹਿਰ ਵਿਚ ਘਰਾਂ, ਦੁਕਾਨਾਂ ਅਤੇ ਪਲਾਟਾਂ ਲਈ ਜਾਰੀ ਕੀਤੇ ਗਏ ਐਨਓਸੀ ਬਾਰੇ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਆਰਟੀਆਈ ਦਾਇਰ ਕਰਨ ਤੋਂ ਬਾਅਦ, ਸਬੰਧਤ ਨਗਰ ਕੌਂਸਲ ਅਧਿਕਾਰੀ ਨੇ ਉਨ੍ਹਾਂ ਤੋਂ ਪਛਾਣ ਪੱਤਰ ਮੰਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਛਾਣ ਪੱਤਰ ਨਗਰ ਕੌਂਸਲ ਨੂੰ ਜਮ੍ਹਾ ਕਰਵਾ ਦਿੱਤਾ। ਹਾਲਾਂਕਿ, ਇਸ ਦੇ ਬਾਵਜੂਦ, ਉਨ੍ਹਾਂ ਨੂੰ ਉਨ੍ਹਾਂ ਦੀ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਬਹੁਤ ਨਿਰਾਸ਼ ਹਨ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਵੱਖ-ਵੱਖ ਤਰੀਕਾਂ ਤੇ ਤਿੰਨ ਵਾਰ ਯਾਦ-ਪੱਤਰ ਭੇਜ ਚੁੱਕੇ ਹਨ, ਪਰ ਅਜੇ ਤੱਕ ਆਰਟੀਆਈ ਸਬੰਧੀ ਕੋਈ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਪ੍ਰਧਾਨ ਜਲਦੀ ਤੋਂ ਜਲਦੀ ਉਨ੍ਹਾਂ ਦੀ ਆਰਟੀਆਈ ਦਾ ਜਵਾਬ ਦੇਣ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀ ਨੂੰ ਜਵਾਬਦੇਹ ਬਣਾਉਣ। ਉਨ੍ਹਾਂ ਕਿਹਾ ਕਿ ਅਸ਼ੋਕ ਵਾਹੀ ਇੱਕ ਇਮਾਨਦਾਰ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਜਲਦੀ ਹੀ ਆਰਟੀਆਈ ਦਾ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਨਗਰ ਕੌਂਸਲ ਵਿਖੇ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਨੂੰ ਮਿਲੇ ਅਤੇ ਉਨ੍ਹਾਂ ਤੋਂ ਆਰਟੀਆਈ ਜਵਾਬ ਬਾਰੇ ਪੁੱਛਿਆ। ਕਾਰਜਕਾਰੀ ਅਧਿਕਾਰੀ ਨੇ ਜਵਾਬ ਦਿੱਤਾ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ 2:30 ਵਜੇ ਜਵਾਬ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਦੁਪਹਿਰ 2:30 ਵਜੇ ਕਾਰਜਕਾਰੀ ਅਧਿਕਾਰੀ ਦੇ ਦਫ਼ਤਰ ਵਾਪਸ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਧਿਕਾਰੀ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਤੋਂ ਉੱਚਾ ਦਰਜਾ ਰੱਖਣ ਵਾਲਾ ਕੋਈ ਵਿਅਕਤੀ ਉਨ੍ਹਾਂ ਨੂੰ ਆਰਟੀਆਈ ਦਾ ਜਵਾਬ ਦੇਣ ਤੋਂ ਰੋਕਣ ਲਈ ਦਬਾਅ ਪਾ ਰਿਹਾ ਹੈ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਜਵਾਬ ਨਹੀਂ ਮਿਲਦਾ ਹੈ, ਤਾਂ ਉਹ ਨਿਯਮਾਂ ਅਨੁਸਾਰ ਉੱਚ ਅਧਿਕਾਰੀਆਂ ਨੂੰ ਅਪੀਲ ਕਰਨਗੇ ਅਤੇ ਸ਼ਿਕਾਇਤ ਵੀ ਦਰਜ ਕਰਵਾਉਣਗੇ।