ਨਗਰ ਕੌਂਸਲ ਮੋਰਿੰਡਾ ’ਤੇ ਸੰਵਿਧਾਨ ਦੀ ਪਾਲਣਾ ਨਾ ਕਰਨ ਦੇ ਲਗਾਏ ਦੋਸ਼
ਨਗਰ ਕੌਂਸਲ ਮੋਰਿੰਡਾ ’ਤੇ ਸੰਵਿਧਾਨ ਦੀ ਪਾਲਣਾ ਨਾ ਕਰਨ ਦੇ ਲਗਾਏ ਦੋਸ਼
Publish Date: Tue, 27 Jan 2026 05:13 PM (IST)
Updated Date: Tue, 27 Jan 2026 05:16 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਵੱਲੋਂ ਪਿੰਡ ਭਟੇੜੀ ਵਿਖੇ ਬਣਾਏ ਗਏ ਕੂੜਾ ਡੰਪ ਨੂੰ ਬੰਦ ਕਰਵਾਉਣ ਲਈ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਦਿਨ-ਰਾਤ ਦੇ ਧਰਨਾ ਪ੍ਰਦਰਸ਼ਨ ਦੌਰਾਨ ਗਣਤੰਤਰ ਦਿਵਸ ਦੇ ਮੌਕੇ ਇੱਕ ਵਿਲੱਖਣ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਨਗਰ ਕੌਂਸਲ ਦੀ ਨਾਕਾਮੀ ਉੱਤੇ ਇੱਕ ਕਰਾਰਾ ਤੰਜ ਸੀ। ਇਸ ਸਮਾਗਮ ਦੌਰਾਨ ਕਿਸਾਨ ਆਗੂਆਂ ਮੇਹਰ ਸਿੰਘ ਥੇੜੀ, ਹਕੀਕਤ ਸਿੰਘ ਘੜੂੰਆਂ ਅਤੇ ਐਡਵੋਕੇਟ ਜਸਬੀਰ ਸਿੰਘ ਥੇੜੀ ਨੇ ਕਿਹਾਇੱਕ ਪਾਸੇ ਪੂਰੇ ਦੇਸ਼ ਵਿਚ ਸੰਵਿਧਾਨ ਲਾਗੂ ਹੋਣ ਦੇ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਦਕਿ ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਵੱਲੋਂ ਇਸ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਵੱਲੋਂ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੈਂਸਰ, ਸਾਹ ਅਤੇ ਚਮੜੀ ਦੇ ਭਿਆਨਕ ਰੋਗਾਂ ਵੱਲ ਧਕੇਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਸਮੇਤ ਮੋਰਿੰਡਾ, ਬੱਸੀ ਪਠਾਣਾਂ ਅਤੇ ਖਰੜ ਸਬ ਡਵੀਜ਼ਨ ਦੇ ਜਿੰਮੇਵਾਰ ਅਧਿਕਾਰੀ ਅਤੇ ਚੁਣੇ ਹੋਏ ਨੁਮਾਇੰਦੇ ਵੀ ਇਸ ਗੰਭੀਰ ਮਸਲੇ ’ਤੇ ਅੱਖਾਂ ਬੰਦ ਕਰੀ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਵੱਲੋਂ ਸੰਵਿਧਾਨ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੂੜਾ ਡੰਪ ਤੋਂ ਨਿਕਲ ਰਹੇ ਜ਼ਹਿਰੀਲੇ ਧੂੰਏਂ, ਗੰਦੇ ਪਾਣੀ ਅਤੇ ਬਦਬੂ ਕਾਰਨ ਪਿੰਡਾਂ ਦੇ ਲੋਕ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਪ੍ਰਸ਼ਾਸਕੀ ਲਾਪਰਵਾਹੀ ਨਹੀਂ, ਸਗੋਂ ਲੋਕਾਂ ਦੇ ਜੀਵਨ ਦੇ ਅਧਿਕਾਰ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ 18 ਦਿਨ ਬੀਤ ਜਾਣ ਉਪਰੰਤ ਵੀ ਨਗਰ ਕੌਂਸਲ ਵੱਲੋਂ ਇਸ ਕੂੜਾ ਡੰਪ ਨੂੰ ਬੰਦ ਕਰਨ ਅਤੇ ਲੋਕਾਂ ਦੀ ਸਿਹਤ ਬਚਾਉਣ ਲਈ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ ਹੈ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਕਈ ਵਾਰ ਸਬੰਧਿਤ ਪ੍ਰਸ਼ਾਸਨਿਕ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲਿਖਤੀ ਅਤੇ ਮੌਖਿਕ ਰੂਪ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ ਪ੍ਰੰਤੂ ਹਰ ਵਾਰ ਸਿਰਫ਼ ਝੂਠੇ ਭਰੋਸੇ ਹੀ ਮਿਲੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ, ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਉਦਾਸੀਨਤਾ ਦਰਸਾਉਂਦੀ ਹੈ ਕਿ ਅਧਿਕਾਰੀ ਤੇ ਲੋਕ ਪ੍ਰਤੀਨਿਧ ਪੀੜਤ ਪਿੰਡਾਂ ਦੇ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਕਿੰਨੇ ਗੰਭੀਰ ਨਹੀਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਤੋਂ ਜਲਦੀ ਇਸ ਕੂੜਾ ਡੰਪ ਨੂੰ ਬੰਦ ਕਰਕੇ, ਕੋਈ ਯੋਗ ਹੱਲ੍ਹ ਨਾ ਕੱਢਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕਾਨੂੰਨੀ ਰਾਹ ਵੀ ਅਖਤਿਆਰ ਕੀਤੇ ਜਾਣਗੇ। ਇਸ ਸਬੰਧੀ ਈਓ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋ 15 ਦਿਨਾਂ ਤੋਂ ਇਸ ਡੰਪ ਸਥਾਨ ’ਤੇ ਕੂੜਾ ਨਹੀਂ ਸੁੱਟਿਆ ਗਿਆ ਅਤੇ ਸ਼ਹਿਰ ਦਾ ਕੂੜਾ ਕਰਕਟ, ਟਿੱਪਰਾਂ ਦੀ ਸਹਾਇਤਾ ਨਾਲ ਲਾਲੜੂ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੂੜਾ ਡੰਪ ਲਈ ਹੋਰ ਜ਼ਮੀਨ ਲੈਣ ਲਈ ਪ੍ਰੀਕਿਰਿਆ ਵੀ ਅੰਤਿਮ ਪੜਾਅ ’ਤੇ ਹੈ, ਜਿਸ ਤੋਂ ਬਾਅਦ ਭਟੇੜੀ ਵਾਲਾ ਡੰਪ ਪੂਰੀ ਤਰਾਂ ਬੰਦ ਕਰ ਦਿੱਤਾ ਜਾਵੇਗਾ।