ਪਤੰਗਬਾਜ਼ੀ ਲਈ ਪਲਾਸਟਿਕ ਡੋਰ ਨਾ ਵਰਤਣ ਦੀ ਅਪੀਲ
ਬੀਸੀ ਵੈੱਲਫੇਅਰ ਸੁਸਾਇਟੀ ਵੱਲੋਂ ਪਤੰਗਬਾਜ਼ੀ ਲਈ ਪਲਾਸਟਿਕ ਡੋਰ ਨਾ ਵਰਤਣ ਦੀ ਅਪੀਲ
Publish Date: Tue, 13 Jan 2026 03:21 PM (IST)
Updated Date: Tue, 13 Jan 2026 03:24 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਬੀਸੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਜਾਗਰੂਕ ਕਰਨ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਗਾ ਨੇ ਦੱਸਿਆ ਕਿ ਮੀਟਿੰਗ ਵਿਚ ਪਤੰਗਬਾਜ਼ੀ ਲਈ ਚਾਈਨਾ ਡੋਰ ਵਰਤਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਪਤੰਗ ਉਡਾਉਣ ਦੇ ਸ਼ੌਕੀਨਾਂ ਨੂੰ ਅਪੀਲ ਕੀਤੀ ਗਈ ਕਿ ਡਰੈਗਨ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ’ਤੇ ਪ੍ਰਸ਼ਾਸਨ ਵੱਲੋਂ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਦੀ ਡੋਰ ਕਈ ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ ਪਸ਼ੂ-ਪੰਛੀਆਂ ਲਈ ਵੀ ਬੇਹੱਦ ਘਾਤਕ ਸਿੱਧ ਹੋ ਰਹੀ ਹੈ। ਉਨ੍ਹਾਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਮੁਨਾਫੇ ਦੇ ਲਾਲਚ ਵਿਚ ਇਨਸਾਨਾਂ ਅਤੇ ਪਸ਼ੂ-ਪੰਛੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਕਿ ਪਲਾਸਟਿਕ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਭੱਟੀਆਂ, ਹਰਜੀਤ ਸਿੰਘ ਮਾਨ, ਧਰਮਿੰਦਰ ਸਿੰਘ, ਨਿਹਾਲ ਸਿੰਘ ਮੜੌਲੀ, ਰਪਿੰਦਰ ਸਿੰਘ ਬਹਿਬਲਪੁਰ, ਰਵੀ ਕਾਈਨੌਰ, ਪਰਮਜੀਤ ਸਿੰਘ ਭਟੇੜੀ, ਗੁਰਦਾਸ ਸਿੰਘ ਭੱਟੀਆਂ, ਦਵਿੰਦਰ ਸਿੰਘ ਮਾਨਖੇੜੀ, ਕਰਮਜੀਤ ਸਿੰਘ ਮੜੌਲੀ, ਜੀਵਨ ਸਿੰਘ ਰਤਨਗੜ੍ਹ, ਸਤਵੰਤ ਸਿੰਘ ਦਤਾਰਪੁਰ, ਗੁਰਜੀਤ ਸਿੰਘ ਜੀਤੀ, ਵਿੱਕੀ ਮਹਿਰਾ ਆਦਿ ਸ਼ਾਮਿਲ ਸਨ। ਪਲਾਸਟਿਕ ਡੋਰ ਵੇਚਣ ਤੇ ਵਰਤਣ ਵਾਲੇ ਬਖਸ਼ੇ ਨਹੀਂ ਜਾਣਗੇ : ਐੱਸਆਈ ਗੁਰਮੁੱਖ ਸਿੰਘ ਇਸ ਸਬੰਧੀ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਐੱਸਆਈ ਗੁਰਮੁੱਖ ਸਿੰਘ ਨੇ ਕਿਹਾ ਕਿ ਪਲਾਸਟਿਕ ਡੋਰ ਵਰਤਣ ਦੀ ਕਿਸੇ ਵੀ ਪਤੰਗਬਾਜ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਪਲਾਸਟਿਕ ਡੋਰ ਨਾ ਵੇਚਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਹ ਡੋਰ ਮਨੁੱਖੀ ਜ਼ਿੰਦਗੀ ਤੇ ਪਸ਼ੂ-ਪੰਛੀਆਂ ਅਤੇ ਵਾਤਾਵਰਣ ਲਈ ਵੀ ਘਾਤਕ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਲਾਸਟਿਕ ਡੋਰ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਇਹ ਘਾਤਕ ਪਲਾਸਟਿਕ ਡੋਰ ਖਰੀਦ ਕੇ ਨਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਪਲਾਸਟਿਕ ਡੋਰ ਦੇ ਨਾਲ ਕੋਈ ਵਿਅਕਤੀ ਜ਼ਖਮੀ ਹੁੰਦਾ ਹੈ ਤਾਂ ਇਸ ਦੀ ਵਰਤੋਂ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।