ਪਿੰਡਾਂ ਦੇ ਲੋਕਾਂ ਵੱਲੋਂ ਕੂੜੇ ਦੇ ਡੰਪ ਵਿਰੁੱਧ ਅਣਮਿੱਥੇ ਸਮੇਂ ਲਈ ਧਰਨਾ ਜਾਰੀ
ਪਿੰਡਾਂ ਦੇ ਲੋਕਾਂ ਵੱਲੋਂ ਕੂੜੇ ਦੇ ਡੰਪ ਵਿਰੁੱਧ ਅਣਮਿੱਥੇ ਸਮੇਂ ਲਈ ਧਰਨਾ ਜਾਰੀ
Publish Date: Sat, 10 Jan 2026 07:20 PM (IST)
Updated Date: Sat, 10 Jan 2026 07:21 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨੇੜਲੇ ਪਿੰਡ ਭਟੇੜੀ ਵਿਖੇ ਨਗਰ ਕੌਂਸਲ ਮੋਰਿੰਡਾ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਦਾ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਡੰਪ ਵਿਚ ਨਗਰ ਕੌਂਸਲ ਵੱਲੋਂ ਮੋਰਿੰਡਾ ਸ਼ਹਿਰ ਦੇ ਸੁੱਟੇ ਜਾ ਰਹੇ ਕੂੜੇ ਕਰਕਟ ਦੀ ਦੁਰਗੰਧ, ਕਿਸਾਨਾਂ ਦੀਆਂ ਸਬਜ਼ੀਆਂ ਅਤੇ ਹੋਰ ਫਸਲਾਂ ਦਾ ਪਲਾਸਟਿਕ ਦੇ ਲਿਫਾਫਿਆਂ ਕਾਰਨ ਹੋ ਰਹੇ ਨੁਕਸਾਨ ਅਤੇ ਇਸ ਡੰਪ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਕੈਂਸਰ ਚਮੜੀ ਤੇ ਸਾਹ ਆਦਿ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਨੂੰ ਲੈ ਕੇ ਪਿੰਡ ਫਤਿਹਪੁਰ ਥੇੜੀ, ਮਾਛੀਪੁਰ ਅਤੇ ਸਿਲ ਕੱਪੜਾ ਦੇ ਵਸਨੀਕਾ ਵੱਲੋਂ ਡੰਪ ਵਾਲੀ ਜਗ੍ਹਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕੂੜੇ ਦੇ ਡੰਪ ਨੂੰ ਕਿਸੇ ਵੀ ਹਾਲਤ ਵਿਚ ਚੱਲਣ ਨਹੀਂ ਦੇਣਗੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਰਾਤ ਸਮੇਂ ਵੀ ਇਹ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਸਿੱਧੂਪੁਰ ਦੇ ਆਗੂ ਮੇਹਰ ਸਿੰਘ ਥੇੜੀ, ਐਡਵੋਕੇਟ ਜਸਵੀਰ ਸਿੰਘ, ਹਕੀਕਤ ਸਿੰਘ ਘੜੂੰਆਂ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਵੱਲੋਂ ਪਿੰਡ ਭਟੇੜੀ ਦੀ ਜ਼ਮੀਨ ਵਿਚ ਬਣਾਏ ਗਏ ਡੰਪ ਵਿਚ ਕੂੜਾ ਸੁੱਟਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਡੰਪ ਪਿੰਡ ਭਟੇੜੀ ਦੇ ਨਾਲ ਨਾਲ ਪਿੰਡ ਫਤਿਹਪੁਰ ਥੇੜੀ, ਮਾਛੀਪੁਰ ਅਤੇ ਸਿਲ ਕੱਪੜਾ ਦੀ ਆਬਾਦੀ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ 100 ਮੀਟਰ ਦੀ ਦੂਰੀ ’ਤੇ ਫਤਿਹਪੁਰ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਸਥਿਤ ਹਨ। ਉਨ੍ਹਾਂ ਦੱਸਿਆ ਕਿ ਇਸ ਕੂੜੇ ਦੇ ਡੰਪ ਕਾਰਨ ਪੈਦਾ ਹੋਈ ਦੁਰਗੰਧ ਅਤੇ ਮੱਖੀਆਂ ਮੱਛਰਾਂ ਕਾਰਨ ਸਥਾਨਕ ਵਾਸੀਆਂ ਤੇ ਸਕੂਲ ਦੇ ਬੱਚਿਆਂ ਦੀ ਜ਼ਿੰਦਗੀ ’ਤੇ ਮਾਰੂ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸੁੱਟ ਜਾਂਦੇ ਕੂੜੇ ਵਿਚ ਸ਼ਾਮਿਲ ਭਾਰੀ ਮਾਤਰਾ ਵਿਚ ਪਲਾਸਟਿਕ ਦੇ ਲਿਫਾਫੇ ਉੱਡ ਕੇ ਉਨ੍ਹਾਂ ਦੇ ਖੇਤਾਂ ਵਿਚ ਪਹੁੰਚ ਜਾਂਦੇ ਹਨ। ਇਸ ਦੇ ਉਨ੍ਹਾਂ ਦੀਆਂ ਸਬਜ਼ੀਆਂ ਅਤੇ ਹੋਰ ਫਸਲਾਂ ਬਰਬਾਦ ਹੁੰਦੀਆਂ ਹਨ। ਐਡਵੋਕੇਟ ਜਸਬੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਨੂੰ ਬਾਹਰ ਕਢਵਾਉਣ ਲਈ ਲੇਬਰ ਦਾ ਖਰਚਾ ਕਰਕੇ ਆਪਣੀਆਂ ਫਸਲਾਂ ਨੂੰ ਬਚਾਉਣਾ ਪੈ ਰਿਹਾ ਹੈ। ਇਸੇ ਦੇ ਇਲਾਵਾ ਕੌਂਸਲ ਦੇ ਕਰਮਚਾਰੀਆਂ ਵੱਲੋਂ ਕੂੜੇ ਨੂੰ ਅਲੱਗ ਅਲੱਗ ਕੀਤੇ ਬਿਨ੍ਹਾਂ ਹੀ ਅੱਗ ਲਗਾਉਣ ਕਾਰਨ ਇਸ ਦਾ ਧੂੰਆਂ ਉਪਰੋਕਤ ਤਿੰਨੋਂ ਪਿੰਡਾਂ ਦੇ ਵਾਸੀਆਂ ’ਤੇ ਸਾਹ, ਚਮੜੀ ਅਤੇ ਕੈਂਸਰ ਸਮੇਤ ਹੋਰ ਭਿਆਨਕ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੇ ਕਾਰਨ ਸਮੂਹ ਇਲਾਕਾ ਵਾਸੀ ਕਾਫੀ ਚਿੰਤਤ ਹਨ। ਸਰਪੰਚ ਬਲਵਿੰਦਰ ਕੌਰ ਪਿੰਡ ਫਤਿਹਪੁਰ ਥੇੜੀ, ਸਰਪੰਚ ਮਾਛੀਪੁਰ ਹਰਦੀਪ ਸਿੰਘ ਤੇ ਸਰਪੰਚ ਸਿਲ ਕੱਪੜਾ ਸਰਪੰਚ ਯਾਦਵਿੰਦਰ ਸਿੰਘ, ਮੇਹਰ ਸਿੰਘ ਥੇੜੀ ਆਦਿ ਨੇ ਦੱਸਿਆ ਕਿ ਬੀਤੇ ਕੱਲ ਇਸ ਡੰਪ ਨੂੰ ਲੈ ਕੇ ਨਗਰ ਕੌਂਸਲ ਦੇ ਈਓ ਰਵੀ ਕੁਮਾਰ ਜਿੰਦਲ ਅਤੇ ਸੈਨੇਟਰੀ ਇੰਸਪੈਕਟਰ ਸੰਤੋਸ਼ ਵਰਮਾ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਸੀ ਪ੍ਰੰਤੂ ਦੋਨੋਂ ਅਧਿਕਾਰੀ ਉਪਜਾਊ ਜਮੀਨ ਵਿਚ ਡੰਪ ਬਣਾਉਣ ਸਬੰਧੀ ਕੋਈ ਵੀ ਤਸੱਲੀ ਬਖਸ਼ ਜਵਾਬ ਦੇਣ ਤੋਂ ਅਸਮਰੱਥ ਰਹੇ। ਜਿਸ ਦੇ ਕਾਰਨ ਉਨ੍ਹਾਂ ਵੱਲੋਂ ਡੰਪ ਦੇ ਬੰਦ ਹੋਣ ਤੱਕ 24 ਘੰਟੇ ਲਗਾਤਾਰ ਅਣਮਿਥੇ ਸਮੇਂ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਪਿੰਡ ਭਟੇੜੀ ਦੀ ਮਾਰਕੀਟ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਇਸ ਡੰਪ ’ਤੇ ਟਰੈਕਟਰ ਟਰਾਲੀਆਂ ਤੇ ਟੈਂਪੂਆਂ ’ਤੇ ਬਿਨ੍ਹਾਂ ਢੱਕੇ ਕੂੜਾ ਲਿਆਂਦਾ ਜਾਂਦਾ ਹੈ, ਜਿਸ ਨਾਲ ਪੂਰੇ ਰਸਤੇ ਵਿਚ ਗੰਦਗੀ ਫੈਲਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੰਘਾਪੁਰ ਵਰਗੇ ਦੇਸ਼ ਵਿਚ ਇਸ ਕੂੜੇ ਕਰਕਟ ਤੋਂ ਇੰਟਰਲੌਕ ਟਾਈਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਤਾਂ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਟਾਈਲਾਂ ਬਣਾਉਣ ਦੇ ਕਾਰਖਾਨੇ ਕਿਉਂ ਨਹੀਂ ਲਗਾਏ ਜਾ ਸਕਦੇ। ਇਸ ਮੌਕੇ ਰਣਬੀਰ ਸਿੰਘ ਥੇੜੀ, ਸਿਕੰਦਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ ਸਿਲ ਕੱਪੜਾ, ਰੋਹਿਤ ਗੁਪਤਾ, ਰਜਿੰਦਰ ਸਿੰਘ, ਗੁਰਮੀਤ ਸਿੰਘ ਥੇੜੀ, ਰਮਨਦੀਪ ਭਟੇੜੀ, ਗੋਬਿੰਦ ਰਾਮ ਭਟੇੜੀ, ਅਮੀ ਚੰਦ ਭਟੇੜੀ, ਬਲਾਕ ਪ੍ਰਧਾਨ ਕਾਂਗਰਸ ਕਮੇਟੀ ਬੱਸੀ, ਗੁਰਪ੍ਰੀਤ ਸਿੰਘ ਫਤਿਹਪੁਰ ਥੇੜੀ, ਜਸਪਾਲ ਸਿੰਘ ਭਟੇੜੀ, ਅਵਤਾਰ ਸਿੰਘ ਭਟੇੜੀ, ਗੁਰਮੀਤ ਸਿੰਘ ਭਟੇੜੀ, ਹਾਕਮ ਸਿੰਘ ਥੇੜੀ, ਰੁਪਿੰਦਰ ਸਿੰਘ ਥੇੜੀ, ਭਜਨ ਸਿੰਘ ਥੇੜੀ, ਪਾਲ ਸਿੰਘ ਥੇੜੀ, ਸੋਹਨ ਸਿੰਘ ਥੇੜੀ, ਇੰਦਰਜੀਤ ਸਿੰਘ ਥੇੜੀ, ਜਸਵੰਤ ਸਿੰਘ ਭਟੇੜੀ, ਭਜਨ ਸਿੰਘ ਥੇੜੀ, ਮਹਿਲ ਸਿੰਘ ਮਾਛੀਪੁਰ, ਜਸਵੰਤ ਸਿੰਘ, ਸੁਰਿੰਦਰਪਾਲ ਸਿੰਘ ਥੇੜੀ, ਸੋਹਣ ਸਿੰਘ ਥੇੜੀ, ਪਾਲ ਸਿੰਘ ਥੇੜੀ, ਅਵਤਾਰ ਸਿੰਘ ਥੇੜੀ, ਬਲਦੇਵ ਸਿੰਘ, ਗੁਰਦੀਪ ਸਿੰਘ ਸਿਲ ਕੱਪੜਾ, ਭਜਨ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਰਘਬੀਰ ਸਿੰਘ, ਜੋਗਾ ਸਿੰਘ ਮਾਛੀਪੁਰ, ਅਮਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਉਪਰੋਕਤ ਪਿੰਡਾਂ ਦੇ ਵਸਨੀਕ ਹਾਜ਼ਰ ਸਨ। ਬਾਕਸ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਇਹ ਜ਼ਮੀਨ 5 ਸਾਲਾਂ ਲਈ ਠੇਕੇ ’ਤੇ ਲਈ ਗਈ ਹੈ ਅਤੇ ਇਸ ਦੇ ਆਲੇ ਦੁਆਲੇ ਚਾਰ ਦੀਵਾਰੀ ਬਣਾਉਣ ਤੇ ਕੂੜੇ ਤੋਂ ਖਾਦ ਬਣਾਉਣ ਲਈ ਕੰਮ ਜਲਦੀ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪ੍ਰੰਤੂ ਸ਼ਹਿਰ ਵਾਸੀਆਂ ਦੇ ਹੱਕਾਂ ਤੇ ਹਿੱਤਾਂ ਦੀ ਰੱਖਿਆ ਕਰਨੀ ਉਨ੍ਹਾਂ ਦੀ ਪਹਿਲੀ ਤੇ ਮੁੱਢਲੀ ਜ਼ਿੰਮੇਵਾਰੀ ਹੈ।