ਥਾਂ-ਥਾਂ ਲੱਗੇ ਕੂੜੇ ਦੇ ਅੰਬਾਰ ਸ਼ਹਿਰ ਵਾਸੀਆਂ ਲਈ ਬਣ ਰਹੇ ਸਰਾਪ
ਸ਼ਹਿਰ ’ਚ ਲੱਗੇ ਕੂੜੇ ਦੇ ਅੰਬਾਰ ਸ਼ਹਿਰ ਵਾਸੀਆਂ ਲਈ ਬਣ ਰਹੇ ਸ਼ਰਾਪ
Publish Date: Fri, 09 Jan 2026 07:02 PM (IST)
Updated Date: Fri, 09 Jan 2026 07:03 PM (IST)

ਨਗਰ ਕੌਂਸਲ ਵੱਲੋਂ ਨਹੀਂ ਕੀਤਾ ਜਾ ਰਿਹਾ ਸਮੱਸਿਆ ਦਾ ਹੱਲ ਲੋਕਾਂ ’ਚ ਭਾਰੀ ਰੋਸ ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਵੱਲੋਂ ਮੋਰਿੰਡਾ-ਚੁੰਨੀ ਸੜ੍ਹਕ ’ਤੇ ਪੈਂਦੇ ਪਿੰਡ ਭਟੇੜੀ ਵਿਖੇ ਕੂੜਾ ਡੰਪ ਕਰਨ ਲਈ ਲੀਜ ’ਤੇ ਲਈ ਗਈ ਜ਼ਮੀਨ ਵਿਚ ਕੂੜਾ ਸੁੱਟਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਵੱਲੋਂ ਕੂੜਾ ਸੁੱਟਣ ਦੇ ਵਿਰੋਧ ਕਰਨ ਕਾਰਨ ਸ਼ਹਿਰ ਵਿਚ ਵੱਡੇ ਪੱਧਰ ’ਤੇ ਕੂੜਾ ਕਰਕਟ ਦੇ ਅੰਬਾਰ ਲੱਗ ਗਏ ਹਨ। ਇਸ ਦੇ ਕਾਰਨ ਚੱਲਦਿਆਂ ਸ਼ਹਿਰ ਵਾਸੀਆਂ ਵਿਚ ਨਗਰ ਕੌਂਸਲ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਦਕਿ ਇਸ ਦੇ ਸਾਰਥਕ ਹੱਲ੍ਹ ਲਈ ਨਗਰ ਕੌਂਸਲ ਦੇ ਅਧਿਕਾਰੀ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕਾਮਯਾਬ ਨਹੀਂ ਹੋ ਸਕੇ। ਮੋਰਿੰਡਾ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਬਣਾਏ ਗਏ ਕੂੜੇ ਦੇ ਡੰਪਾਂ ’ਤੇ ਭਾਰੀ ਮਾਤਰਾ ਵਿਚ ਕੂੜਾ ਇਕੱਤਰ ਹੋਣ ਕਾਰਨ ਜਿੱਥੇ ਮੱਖੀਆਂ ਮੱਛਰਾਂ ਦੀ ਭਰਮਾਰ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਉੱਥੇ ਹੀ ਕੂੜੇ ਤੋਂ ਪੈਦਾ ਹੋ ਰਹੀ ਦੁਰਗੰਧ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ’ਚ ਇਕੱਤਰ ਹੁੰਦੇ ਰੋਜ਼ਾਨਾ ਦੇ 15 ਤੋਂ 16 ਟਨ ਕੂੜੇ ਨੂੰ ਡੰਪ ਕਰਨ ਲਈ ਪਿੰਡ ਭਟੇੜੀ ’ਚ ਲਗਭਗ ਦੋ ਤੋਂ ਢਾਈ ਏਕੜ ਜ਼ਮੀਨ 3 ਸਾਲ ਲਈ ਲੀਜ਼ ’ਤੇ ਲਈ ਗਈ ਸੀ। ਇਸ ਜਗਾ ’ਤੇ ਨਗਰ ਕੌਂਸਲ ਦੇ ਟੈਂਪੂਆਂ ਤੇ ਟਰਾਲੀਆਂ ਰਾਂਹੀ ਲਗਾਤਾਰ ਕੂੜਾ ਸੁੱਟਿਆ ਜਾਂਦਾ ਰਿਹਾ ਹੈ ਪ੍ਰੰਤੂ ਇਸ ਦੇ ਕਾਰਨ ਪਿੰਡ ਭਟੇੜੀ ਤੇ ਆਸ ਪਾਸ ਦੇ ਪਿੰਡਾਂ ਫਤਿਹਪੁਰ ਥੇੜੀ, ਮਾਛੀਪੁਰ, ਸਿਲ ਕੱਪੜਾ ਆਦਿ ਪਿੰਡਾਂ ਵਿਚ ਫੈਲ ਰਹੀ ਦੁਰਗੰਧ ਅਤੇ ਮੱਖੀਆਂ ਮੱਛਰਾਂ ਤੋਂ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਇਸ ਕੂੜਾ ਡੰਪ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਇਸ ਡੰਪ ਨੂੰ ਇੱਥੋਂ ਬੰਦ ਕਰਾਉਣ ਲਈ ਬੀਕੇਯੂ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਵੱਲੋਂ ਐੱਸਡੀਐਮ ਖਰੜ ਸਮੇਤ ਮੋਰਿੰਡਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਦਿੱਤੇ ਗਏ ਸਨ। ਜਦੋਂ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀਆਂ ਨੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕ ਦਿੱਤਾ। ਜਿਸ ਕਾਰਨ ਪਿਛਲੇ 5 ਦਿਨਾਂ ਤੋਂ ਮੋਰਿੰਡਾ ਵਿਖੇ ਕੂੜਾ ਡੰਪਾਂ ’ਤੇ ਇਕੱਤਰ ਕੂੜਾ ਦੁਰਗੰਧ ਫੈਲਾ ਰਿਹਾ ਹੈ। ਇਸ ਸਬੰਧੀ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਵਿਜੇ ਕੁਮਾਰ ਟਿੰਕੂ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਨਰਿੰਦਰ ਪਨੇਸਰ, ਪਵਨ ਸ਼ਰਮਾ ਸਾਬਕਾ ਐੱਮਸੀ, ਸਤੀਸ਼ ਕੌੜਾ, ਬਿੱਟੂ, ਕਰਮ ਸਿੰਘ, ਯੂਥ ਆਗੂ ਲੱਖੀ ਸ਼ਾਹ, ਮੋਨੂ ਖਾਨ, ਭਾਜਪਾ ਆਗੂ ਜਤਿੰਦਰ ਗੁੰਬਰ ਤੇ ਹਰਸ਼ ਕੋਹਲੀ, ਕੌਂਸਲਰ ਤੇ ਸਾਬਕਾ ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਰੁਪਿੰਦਰ ਸਿੰਘ ਸੈਣੀ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ’ਚੋਂ ਕੂੜਾ ਨਾ ਚੁੱਕੇ ਜਾਣ ਦੇ ਕਾਰਨ ਸ਼ਹਿਰ ਦੇ ਬੱਸ ਸਟੈਂਡ ਨੇੜੇ ਸਥਿਤ ਜੌਲੀ ਮਾਰਕੀਟ, ਪੁਰਾਣੀ ਬੱਸੀ ਪਠਾਣਾਂ ਰੋਡ, ਮੋਰਿੰਡਾ-ਚੁੰਨੀ ਰੋਡ ਅਤੇ ਪੁਰਾਣੇ ਰੇਲਵੇ ਸਟੇਸ਼ਨ ਤੋਂ ਨਵੇਂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਅਤੇ ਰੇਲਵੇ ਲਾਈਨ ਦੇ ਨੇੜੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਆਮ ਦੇਖੇ ਜਾ ਸਕਦੇ ਹਨ ਜੋ ਸਵੱਛ ਭਾਰਤ ਅਭਿਆਨ ਦਾ ਮੂੰਹ ਚਿੜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਸਮੱਸਿਆ ਦਾ ਹੱਲ੍ਹ ਨਾ ਕੀਤਾ ਗਿਆ ਤਾਂ ਸ਼ਹਿਰਵਾਸੀ ਜਲਦੀ ਹੀ ਵੱਡਾ ਸੰਘਰਸ਼ ਸ਼ੁਰੂ ਕਰ ਸਕਦੇ ਹਨ, ਜਿਸਦੀ ਸਾਰੀ ਜ਼ਿੰਮੇਵਾਰ ਨਗਰ ਕੌਂਸਲ ਦੀ ਹੋਵੇਗੀ। ਇਸ ਸਬੰਧੀ ਜਦੋਂ ਨਗਰ ਕੌਂਸਲ ਦੀ ਸੈਨੇਟਰੀ ਇੰਸਪੈਕਟਰ ਸੰਤੋਸ਼ ਵਰਮਾ ਨੇ ਦੱਸਿਆ ਕਿ ਪਿੰਡ ਭਟੇੜੀ ਦੇ ਵਸਨੀਕਾਂ ਵੱਲੋਂ ਕੂੜਾ ਸੁਟਣ ਲਈ ਲੀਜ਼ ’ਤੇ ਲਈ ਗਈ ਜ਼ਮੀਨ ਵਿਚ ਕਰਮਚਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਦੇ ਹੱਲ੍ਹ ਲਈ ਨਗਰ ਕੌਂਸਲ ਪ੍ਰਧਾਨ ਤੇ ਕਾਰਜਸਾਧਕ ਅਫਸਰ ਲਗਾਤਾਰ ਪਿੰਡ ਵਾਸੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਸਮੱਸਿਆ ਦਾ ਹੱਲ੍ਹ ਕੀਤਾ ਜਾ ਸਕੇ। ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦਾਅਵਾ ਕੀਤਾ ਕਿ ਸਬੰਧਿਤ ਜ਼ਮੀਨ ਮਾਲਕ ਨਾਲ ਕੌਂਸਲ ਅਧਿਕਾਰੀਆਂ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਸ਼ਹਿਰ ਵਿਚ ਪਏ ਕੂੜੇ ਨੂੰ ਚੁੱਕਣ ਦਾ ਕਾਰਜ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਕੂੜਾ ’ਤੇ ਇਕੱਠੇ ਹੁੰਦੇ ਪਸ਼ੂ ਬਣਦੇ ਹਨ ਹਾਦਸਿਆਂ ਦਾ ਕਾਰਨ ਇਸ ਸਬੰਧੀ ਨਰਿੰਦਰ ਪਨੇਸਰ, ਆਸ਼ਾ ਕੌੜਾ, ਸੁਮਨ ਗੁਪਤਾ, ਡੇਰੀ ਅਤੇ ਦੁੱਧ ਯੂਨੀਅਨ ਦੇ ਸੀਨੀਅਰ ਆਗੂ ਤੇਜਿੰਦਰ ਕੁਮਾਰ ਬਿੱਟੂ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਆਦਿ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਘੁੰਮਦੇ ਲਾਵਾਰਸ ਪਸ਼ੂਆਂ ਦੇ ਝੁੰਡ ਇਨ੍ਹਾਂ ਕੂੜੇ ਦੇ ਢੇਰਾਂ ’ਤੇ ਮੂੰਹ ਮਾਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਇਨ੍ਹਾਂ ਆਵਾਰਾ ਪਸ਼ੂਆਂ ਦੇ ਆਪਸ ਵਿਚ ਭਿੜਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਤੇ ਲੋਕਾਂ ਨੂੰ ਜ਼ਖਮੀ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰ ਜਲਦੀ ਤੋਂ ਜਲਦੀ ਹਟਾਏ ਜਾਣ ਅਤੇ ਲਾਵਾਰਸ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ।