ਪਦਉੱਨਤ ਅਧਿਆਪਕਾਂ ਲਈ ਟੈੱਟ ਦੀ ਸ਼ਰਤ ਕੀਤੀ ਜਾਵੇ ਖ਼ਤਮ : ਜੀਟੀਯੂ
ਪਦਉੱਨਤ ਹੋਏ ਅਧਿਆਪਕਾਂ ਲਈ ਟੈੱਟ ਦੀ ਸ਼ਰਤ ਨੂੰ ਕੀਤਾ ਜਾਵੇ ਖਤਮ:ਜੀਟੀਯੂ
Publish Date: Wed, 07 Jan 2026 05:14 PM (IST)
Updated Date: Wed, 07 Jan 2026 05:14 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ 3 ਹਜ਼ਾਰ ਦੇ ਕਰੀਬ ਅਧਿਆਪਕ ਈਟੀਟੀ ਮਾਸਟਰ ਕੇਡਰ ਵਿਚ ਪਦਉੱਨਤ ਕੀਤੇ ਗਏ ਹਨ। ਇਸ ਤੋਂ ਉਪਰੰਤ ਪਦਉੱਨਤ ਹੋਏ ਅਧਿਆਪਕਾਂ ਨੂੰ ਸਟੇਸ਼ਨ ਦੀ ਚੋਣ ਲਈ ਜ਼ਿਲ੍ਹਾ ਪੱਧਰ ’ਤੇ ਬੁਲਾਇਆ ਗਿਆ ਅਤੇ ਹਰ ਅਧਿਆਪਕ ਤੋਂ 10 ਦੇ ਲੱਗਭਗ ਤਰਜੀਹੀ ਸਟੇਸ਼ਨ ਭਰਵਾਏ ਜਾ ਰਹੇ ਹਨ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੇ ਆਗੂਆਂ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਅਤੇ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਮੰਗ ਕੀਤੀ ਕਿ ਮਾਸਟਰ ਕੇਡਰ ਦੀ ਸਟੇਸ਼ਨ ਚੋਣ ਵਿਚ ਪੂਰੀ ਪਾਰਦਰਸ਼ਤਾ ਰੱਖੀ ਜਾਵੇ ਅਤੇ ਮੈਰਿਟ ਅਨੁਸਾਰ ਅਧਿਆਪਕਾਂ ਨੂੰ ਸਟੇਸ਼ਨ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਵਲੋਂ ਪਹਿਲਾਂ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਵੱਲੋਂ ਸਟੇਸ਼ਨਾਂ ਦੀ ਚੋਣ ਦੌਰਾਨ ਕੋਈ ਮੈਰਿਟ ਜਾਂ ਪਾਰਦਰਸ਼ਤਾ ਨਹੀਂ ਰੱਖੀ ਗਈ ਅਤੇ ਅਧਿਆਪਕਾਂ ਨੂੰ ਦੂਰ ਦੂਰ ਦੇ ਸਟੇਸ਼ਨ ਦੇ ਕੇ ਖੱਜਲ ਕੀਤਾ ਗਿਆ। ਇਸ ਦੇ ਕਾਰਨ ਕਈ ਅਧਿਆਪਕ ਦੂਰ ਸਟੇਸ਼ਨ ਮਿਲਣ ਕਾਰਨ ਰਿਵਰਟ ਜਾਂ ਡੀ-ਬਾਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਈਟੀਟੀ ਤੋਂ ਮਾਸਟਰ ਕੇਡਰ ਵਿਚ ਪਦਉੱਨਤ ਹੋਏ ਅਧਿਆਪਕਾਂ ’ਤੇ 2 ਸਾਲ ਵਿਚ ਟੈੱਟ ਪਾਸ ਕਰਨ ਦੀ ਲਗਾਈ ਗਈ ਬੇਲੋੜੀ ਸ਼ਰਤ ਨੂੰ ਖਤਮ ਕੀਤਾ ਜਾਵੇ ਜੋ ਕਿ ਸੇਵਾ ਨਿਭਾ ਰਹੇ ਅਧਿਆਪਕਾਂ ਲਈ ਬਿਲਕੁਲ ਹੀ ਤਰਕਹੀਣ ਹੈ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਤਰੱਕੀ ਤੋਂ ਵਾਂਝੇ ਰਹਿ ਗਏ ਯੋਗ ਉਮੀਦਵਾਰਾਂ ਨੂੰ ਵੀ ਵਿਚਾਰਿਆ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾ, ਕੁਲਵੀਰ ਸਿੰਘ ਕੰਧੋਲਾ, ਅਵਨੀਤ ਚੱਢਾ, ਗੁਰਚਰਨ ਆਲੋਵਾਲ ,ਕੁਲਦੀਪ ਸਿੰਘ ਗਿੱਲ, ਅਵਤਾਰ ਜਵੰਧਾ, ਗੁਰਪ੍ਰੀਤ ਸਿੰਘ ਹੈੱਪੀ ਗਿੱਲ, ਹਰਮੇਸ਼ ਸੈਣੀ , ਦਵਿੰਦਰ ਸਿੰਘ ਸਮਾਣਾ, ਇਕਬਾਲ ਸਿੰਘ ਹਾਫਿਜ਼ਾਬਾਦ, ਰੂਪ ਚੰਦ ਸਲੌਰਾ, ਦਵਿੰਦਰ ਸਿੰਘ ਚਨੌਲੀ, ਜਗਦੀਪ ਸਿੰਘ ਝੱਲੀਆਂ, ਗੁਰਦੀਪ ਸਿੰਘ ਖਾਬੜਾ, ਸੁਰਿੰਦਰ ਸਿੰਘ ਚੱਕ ਢੇਰਾਂ, ਇੰਦਰਜੀਤ ਸਿੰਘ ਥਲੀ, ਸੰਜੀਵ ਕੁਮਾਰ ਮੋਠਾਪੁਰ, ਅਸ਼ੋਕ ਕੁਮਾਰ ਨੂਰਪੁਰ ਬੇਦੀ, ਵਿਕਾਸ ਸੋਨੀ, ਕਮਲ ਸਹਿਗਲ, ਅੰਮ੍ਰਿਤ ਸੈਣੀ ਨੰਗਲ, ਜਸਕਰਨ ਸਿੰਘ ਕੀਰਤਪੁਰ, ਮਹਿੰਦਰਪਾਲ ਸਿੰਘ ਖੇੜੀ ਆਦਿ ਹਾਜ਼ਰ ਸਨ।