ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਭਰਾਵਾਂ ਵਿਰੁੱਧ ਕੇਸ ਦਰਜ
ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਭਰਾਵਾਂ ਵਿਰੁੱਧ ਕੇਸ ਦਰਜ
Publish Date: Wed, 07 Jan 2026 04:10 PM (IST)
Updated Date: Wed, 07 Jan 2026 04:12 PM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ : ਨਜ਼ਦੀਕੀ ਪਿੰਡ ਮਨਸੂਹਾ ਕਲਾਂ ਦੇ ਨੌਜਵਾਨ ਦੇ ਨਾਲ ਪਿੰਡ ਦੇ ਹੀ ਦੋ ਭਰਾਵਾਂ ਵੱਲੋਂ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧ ਵਿਚ ਪੁਲਿਸ ਚੌਕੀ ਬੇਲਾ ਵੱਲੋਂ ਦੋ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਨਸੂਹਾ ਕਲਾਂ ਦੇ ਹਰਸ਼ਦੀਪ ਸਿੰਘ (21) ਨੇ ਪੁਲੀਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਹ ਸਟੇਟ ਬੈਂਕ ਆਫ ਇੰਡੀਆ ਸ਼੍ਰੀ ਚਮਕੌਰ ਸਾਹਿਬ ਵਿਖੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਖਤਮ ਹੋਣ ਉਪਰੰਤ ਆਪਣੇ ਮੋਟਰਸਾਈਕਲ ’ਤੇ ਪਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਪਿੰਡ ਦੇ ਨੇੜੇ ਪਿੰਡ ਦੇ ਹੀ ਅੰਮ੍ਰਿਤਪਾਲ ਸਿੰਘ ਨੇ ਆਪਣਾ ਮੋਟਰਸਾਈਕਲ ਉਸ ਦੇ ਅੱਗੇ ਲਗਾ ਕੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਕੁੱਝ ਦੇਰ ਵਿਚ ਹੀ ਉਸ ਦਾ ਭਰਾ ਪਰਮਵੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਿਆ ਤੇ ਦੋਹਾਂ ਭਰਾਵਾਂ ਨੇ ਕਿਰਪਾਨਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਬਚਾਓ ਲਈ ਰੌਲਾ ਪਾਇਆ ਤਾਂ ਉਸ ਦਾ ਸ਼ੋਰ ਸੁਣ ਕੇ ਉਸ ਦੀ ਮਾਤਾ ਰਮਨਦੀਪ ਕੌਰ ਅਤੇ ਹੋਰ ਪਿੰਡ ਵਾਸੀ ਇਕੱਠੇ ਹੋ ਗਏ। ਇਸ ਦੌਰਾਨ ਮੌਕੇ ’ਤੇ ਉਸ ਦੀ ਮਾਤਾ ਤੇ ਪਿੰਡ ਵਾਸੀਆਂ ਦੇ ਇਕੱਠੇ ਹੋਣ ’ਤੇ ਉਕਤ ਹਮਲਾਵਰ ਭਰਾ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਦੇ ਪਰਿਵਾਰ ਤੇ ਪਿੰਡਾ ਵਾਸੀਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ। ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਹਮਲਾ ਕਰਨ ਵਾਲੇ ਦੋਹਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।