ਰੂਪਨਗਰ ਦੇ ਐੱਸਟੀਪੀ ਲਈ 8.2 ਕਰੋੜ ਦੀ ਗ੍ਰਾਂਟ ਮਨਜ਼ੂਰ
ਵਿਧਾਇਕ ਚੱਢਾ ਦੀ ਕੋਸ਼ਿਸ਼ ਸਦਕਾ ਰੂਪਨਗਰ ਦੇ ਐੱਸਟੀਪੀ ਲਈ 8.2 ਕਰੋੜ ਦੀ ਗ੍ਰਾਂਟ ਮਨਜ
Publish Date: Wed, 07 Jan 2026 03:22 PM (IST)
Updated Date: Wed, 07 Jan 2026 03:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਰੂਪਨਗਰ ਸ਼ਹਿਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਰੀਬ 8.2 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਵੱਡੀ ਮਨਜ਼ੂਰੀ ਨਾਲ ਰੂਪਨਗਰ ਸ਼ਹਿਰ ਦੇ ਸੀਵਰੇਜ ਅਤੇ ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧ ਵਿਚ ਵੱਡਾ ਸੁਧਾਰ ਆਵੇਗਾ। ਇਸ ਸਬੰਧੀ ਵਿਧਾਇਕ ਚੱਢਾ ਨੇ ਮਿਊਂਸਿਪਲ ਕੌਂਸਲ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਪ੍ਰੋਜੈਕਟ ਦੀ ਤਕਨੀਕੀ ਰੂਪਰੇਖਾ, ਕੰਮ ਦੀ ਗੁਣਵੱਤਾ, ਟਾਈਮਲਾਈਨ ਅਤੇ ਭਵਿੱਖੀ ਲੋੜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਰੂਪਨਗਰ ਸ਼ਹਿਰ ਦੇ ਇੱਕ, ਦੋ ਅਤੇ ਤਿੰਨ ਨੰਬਰ ਐੱਸਟੀਪੀ ਸਿਸਟਮਾਂ ਦੀ ਕੁੱਲ ਸਮਰੱਥਾ 14.5 ਐੱਮਐੱਲਡੀ ਹੈ ਜੋ ਕਿ ਸ਼ਹਿਰ ਦੀ ਵਧ ਰਹੀ ਆਬਾਦੀ ਅਤੇ ਵਿਕਾਸ ਦੇ ਮੁਕਾਬਲੇ ਕਾਫ਼ੀ ਘੱਟ ਸੀ। ਹੁਣ ਇਸ ਸਮਰੱਥਾ ਨੂੰ ਵਧਾ ਕੇ 20.5 ਐੱਮਐੱਲਡੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਆਈਆਈਟੀ ਰੋਡ ’ਤੇ ਸਥਿਤ ਨੰਬਰ ਇੱਕ ਐੱਸਟੀਪੀ ਦੀ ਕਪੈਸਿਟੀ 10 ਐੱਮਐੱਲਡੀ ਤੋਂ ਵਧਾ ਕੇ 16 ਐੱਮਐੱਲਡੀ ਕੀਤੀ ਜਾਵੇਗੀ, ਜਿਸ ਨਾਲ ਤਿੰਨਾਂ ਜ਼ੋਨਾਂ ਤੋਂ ਆਉਣ ਵਾਲੇ ਗੰਦੇ ਪਾਣੀ ਦਾ ਪੂਰੀ ਤਰ੍ਹਾਂ ਵਿਗਿਆਨਕ ਅਤੇ ਮਿਆਰੀ ਟ੍ਰੀਟਮੈਂਟ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ ਵੱਲ ਪਹਿਲਾਂ ਕਿਸੇ ਵੀ ਸਰਕਾਰ ਜਾਂ ਜਨ ਪ੍ਰਤੀਨਿਧੀ ਨੇ ਇਸ ਨੂੰ ਤਰਜੀਹ ਨਹੀਂ ਦਿੱਤੀ। ਉਹ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਇਸ ਪ੍ਰੋਜੈਕਟ ਲਈ ਸਬੰਧਤ ਵਿਭਾਗਾਂ, ਮੰਤਰੀਆਂ ਅਤੇ ਮੁੱਖ ਮੰਤਰੀ ਨਾਲ ਰਾਬਤਾ ਕਰਦਾ ਆ ਰਹੇ ਸਨ। ਉਨ੍ਹਾਂ ਦਾ ਮਕਸਦ ਰੂਪਨਗਰ ਸ਼ਹਿਰ ਦੇ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਸਥਾਈ ਰਾਹਤ ਮਿਲੇ ਅਤੇ ਵਾਤਾਵਰਣ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਮਰੱਥਾ ਘੱਟ ਹੋਣ ਕਾਰਨ ਪਹਿਲਾਂ ਵੇਸਟ ਵਾਟਰ ਪੂਰੀ ਤਰ੍ਹਾਂ ਟ੍ਰੀਟ ਨਾ ਹੋਣ ਦੀ ਸ਼ੰਕਾ ਦੇ ਕਾਰਨ ਲੋਕ ਇਸ ਪਾਣੀ ਨੂੰ ਖੇਤੀਬਾੜੀ ਜਾਂ ਹੋਰ ਕੰਮਾਂ ਲਈ ਵਰਤਣ ਤੋਂ ਗੁਰੇਜ਼ ਕਰਦੇ ਸਨ। ਹੁਣ ਐੱਸਟੀਪੀ ਦੇ ਅਪਗ੍ਰੇਡ ਹੋਣ ਨਾਲ ਨਾ ਸਿਰਫ਼ ਇਹ ਭਰਮ ਦੂਰ ਹੋਵੇਗਾ, ਸਗੋਂ ਸ਼ਹਿਰ ਵਿਚ ਟ੍ਰੀਟਮੈਂਟ ਨਾਲ ਜੁੜੀ ਵੱਡੀ ਸਮੱਸਿਆ ਦਾ ਪੱਕਾ ਹੱਲ੍ਹ ਨਿਕਲੇਗਾ। ਉਨ੍ਹਾਂ ਇਸ ਮਹੱਤਵਪੂਰਨ ਯੋਜਨਾ ਦੀ ਮਨਜ਼ੂਰੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਰੂਪਨਗਰ ਸ਼ਹਿਰ ਦੇ ਬੁਨਿਆਦੀ ਢਾਂਚੇ, ਸਫਾਈ ਪ੍ਰਬੰਧ ਅਤੇ ਲੋਕ ਭਲਾਈ ਨਾਲ ਜੁੜੇ ਹੋਰ ਵਿਕਾਸ ਕਾਰਜਾਂ ਲਈ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਕੰਮ ਕਰਦੇ ਰਹਿਣਗੇ।