ਅਨਾਜ ਮੰਡੀ ਮੋਰਿੰਡਾ ਵਿਚ ਕੱਟ ਦਿੱਤੇ ਸੈਂਕੜੇ ਸਾਲ ਜੀਣ ਵਾਲੇ ਪਿੱਪਲ ਤੇ ਬੋਹੜ ਦੇ ਦਰਖਤ
ਅਨਾਜ ਮੰਡੀ ਮੋਰਿੰਡਾ ਵਿਚ ਕੱਟ ਦਿੱਤੇ ਸੈਂਕੜੇ ਸਾਲ ਜੀਣ ਵਾਲੇ ਪਿੱਪਲ ਤੇ ਬੋਹੜ ਦੇ ਦਰਖਤ
Publish Date: Wed, 31 Dec 2025 06:43 PM (IST)
Updated Date: Wed, 31 Dec 2025 06:47 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ,ਮੋਰਿੰਡਾ: ਮਾਰਕੀਟ ਕਮੇਟੀ ਮੋਰਿੰਡਾ ਨੇ ਅਨਾਜ ਮੰਡੀ ਵਿਚ ਸ਼ੈੱਡ ਬਨਾਉਣ ਦੇ ਨਾਮ ‘ਤੇ ਸਦੀਆਂ ਪੁਰਾਣੇ ਪਿੱਪਲ ਅਤੇ ਬੋਹੜ ਦੇ ਦਰੱਖਤ ਕਟਵਾ ਦਿੱਤੇ ਹਨ ਜਿਸ ਨੂੰ ਲੈ ਕੇ ਵਾਤਾਵਰਣ ਪ੍ਰੇਮੀਆ ਤੇ ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉੱਧਰ ਰੇਜ ਅਫ਼ਸਰ ਮੋਰਿੰਡਾ ਕੁਲਵਿੰਦਰ ਸਿੰਘ ਨੇ ਕਿਹਾਕਿ ਪਿੱਪਲ ਤੇ ਬੋਹੜ ਦੇ ਦਰੱਖਤ ਕੱਟੇ ਨਹੀ ਜਾ ਸਕਦੇ ਸਰਕਾਰ ਵੱਲੋਂ ਪਾਬੰਦੀ ਲਗਾਈ ਹੋਈ ਹੈ, ਇਸ ਜਾਂਚ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਦੀ ਦਾਣਾ ਮੰਡੀ ਵਿਚ ਖੜ੍ਹੇ ਇਹ ਬੋਹੜ ਤੇ ਪਿੱਪਲ ਦੇ ਪੁਰਾਤਨ ਦਰੱਖਤ ਮੰਡੀ ਵਿਚ ਹਾੜੀ ਤੇ ਸਾਉਣੀ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਇਹ ਇੱਕ ਵੱਡੀ ਰਹਿਮਤ ਸਨ। ਇਨ੍ਹਾਂ ਦਰਖ਼ਤਾਂ ਦੀ ਠੰਢੀ ਛਾਂ ਹੇਠ ਕਿਸਾਨ ਗਰਮੀ ਦੇ ਤਿੱਖੇ ਮੌਸਮ ਵਿਚ ਆਰਾਮ ਕਰਦੇ ਸਨ। ਉੱਥੇ ਹੀ ਇਹ ਦਰਖਤ ਪਸ਼ੂਆਂ ਅਤੇ ਅਨੇਕਾਂ ਕਿਸਮਾਂ ਦੇ ਪੰਛੀਆਂ ਲਈ ਇਕ ਬਸੇਰਾ ਵੀ ਬਣੇ ਹੋਏ ਸਨ। ਇਸ ਦੇ ਬਾਵਜੂਦ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਦਾਣਾ ਮੰਡੀ ਵਿਚ ਇੱਕ ਸ਼ੈਡ ਬਣਾਉਣ ਦੇ ਨਾਂ ’ਤੇ ਇਨ੍ਹਾਂ ਕੀਮਤੀ ਦਰੱਖਤਾਂ ਦੀ ਬਲੀ ਦੇ ਦਿੱਤੀ ਗਈ। ਇਸ ਸਬੰਧੀ ਵਾਤਾਵਰਣ ਪ੍ਰੇਮੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਦਰੱਖਤ ਕੱਟਣ ਤੋਂ ਪਹਿਲਾਂ ਨਾ ਤਾਂ ਜੰਗਲਾਤ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਲਈ ਗਈ ਅਤੇ ਨਾ ਹੀ ਵਾਤਾਵਰਣ ਸੁਰੱਖਿਆ ਐਕਟ ਅਤੇ ਪੰਜਾਬ ਟ੍ਰੀ ਪ੍ਰਿਜ਼ਰਵੇਸ਼ਨ ਐਕਟ ਅਧੀਨ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਜਾਂ ਨਿੱਜੀ ਜਗ੍ਹਾ ’ਤੇ ਖੜ੍ਹੇ ਪੁਰਾਣੇ ਦਰੱਖਤਾਂ ਨੂੰ ਕੱਟਣ ਤੋਂ ਪਹਿਲਾਂ ਵਾਤਾਵਰਣ ਪ੍ਰਭਾਵ ਅਧਿਐਨ (ਈਆਈਏ), ਬਦਲੇ ਵਿਚ ਦਰੱਖਤ ਲਗਾਉਣ ਦੀ ਯੋਜਨਾ ਅਤੇ ਸਬੰਧਿਤ ਵਿਭਾਗ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ।ਇਸ ਮਾਮਲੇ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸੁਰਜੀਤ ਸਿੰਘ ਤਾਜਪੁਰ, ਲੱਖੀ ਸ਼ਾਹ ਆਦਿ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਦਰੱਖਤਾਂ ਨੂੰ ਸ਼ੈਡੱ ਬਣਾਉਣ ਦਾ ਬਹਾਨਾ ਬਣਾ ਕੇ ਕੱਟਿਆ ਗਿਆ ਹੈ, ਅਸਲ ਵਿਚ ਉਹ ਸ਼ੈਡ ਕਿਸੇ ਹੋਰ ਥਾਂ ’ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਪਹਿਲਾਂ ਵੀ ਅਧਿਕਾਰੀਆਂ ਵੱਲੋ ਮਾਰਕੀਟ ਕਮੇਟੀ ਦੇ ਦਫਤਰ ਵਿਚ ਖੜ੍ਹੇ ਇਕ ਅੰਬ ਦੇ ਦਰੱਖਤ ਦੀ ਤਣਾ ਛੱਡ ਕੇ ਉਪਰ ਤੋਂ ਕਟਾਈ ਕਰਵਾ ਦਿੱਤੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਜੰਗਲਾਤ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।ਉਧਰ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ ਨੇ ਕਿਹਾਕਿ ਮਾਮਲਾ ਮੇਰੇ ਧਿਆਨ ਵਿਚ ਨਹੀ ਹੈ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।