ਅਨਾਜ ਮੰਡੀ ਮੋਰਿੰਡਾ ਵਿਚ ਸਹੀ ਸਾਂਭ ਸੰਭਾਲ ਤੋਂ ਵਾਂਝੇ ਦਰੱਖਤਾਂ ਦੀ ਹੋਂਦ ਨੂੰ ਖਤਰਾ
ਅਨਾਜ ਮੰਡੀ ਮੋਰਿੰਡਾ ਵਿਚ ਸਹੀ ਸਾਂਭ ਸੰਭਾਲ ਤੋਂ ਵਾਂਝੇ ਦਰੱਖਤਾਂ ਦੀ ਹੋਂਦ ਨੂੰ ਖਤਰਾ
Publish Date: Thu, 20 Nov 2025 04:53 PM (IST)
Updated Date: Thu, 20 Nov 2025 04:55 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਜਿੱਥੇ ਦਰੱਖਤਾਂ ਦੀ ਹੋਂਦ ਮਨੁੱਖੀ ਜੀਵਨ ਲਈ ਅਤੀ ਜਰੂਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਹਰ ਸਾਲ ਵਾਤਾਵਰਨ ਦੀ ਸ਼ੁੱਧਤਾ ਲਈ ਵਣ ਮਹਾਂ ਉਤਸਵ ਮਨਾਕੇ ਲੱਖਾਂ ਪੌਦੇ ਲਗਾਏ ਜਾਂਦੇ ਹਨ ਉੱਥੇ ਹੀ ਅਨਾਜ ਮੰਡੀ ਮੋਰਿੰਡਾ ਵਿਚ ਦਰੱਖਤਾਂ ਦੀ ਸਹੀ ਸਾਂਭ ਸੰਭਾਲ ਨਾ ਹੋਣ ਕਾਰਨ ਦਰਜਨ ਦੇ ਕਰੀਬ ਦਹਾਕਿਆ ਪੁਰਾਣੇ ਦਰੱਖਤਾਂ ਦੀ ਹੋਂਦ ਖਤਰੇ ਵਿਚ ਦਿਖਾਈ ਦੇ ਰਹੀ ਹੈ। ਬੀਤੇ ਦਹਾਕਿਆਂ ਦੌਰਾਨ ਕਈ ਦਰੱਖਤ ਹਨੇਰੀ ਝੱਖੜਾਂ ਕਾਰਨ ਡਿੱਗ ਕੇ ਖਤਮ ਵੀ ਹੋ ਚੁੱਕੇ ਹਨ। ਜਦਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਇਨ੍ਹਾਂ ਦਰੱਖਤਾਂ ਦੀ ਸਾਂਭ ਸੰਭਾਲ ਸਬੰਧੀ ਗੂੜ੍ਹੀ ਨੀਂਦ ਸੁੱਤੇ ਦਿਖਾਈ ਦੇ ਰਹੇ ਹਨ। ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਜ਼ੋਰਦਾਰ ਮੰਗ ਹੈ ਕਿ ਅਨਾਜ ਮੰਡੀ ਮੋਰਿੰਡਾ ਵਿਚ ਦਹਾਕਿਆਂ ਪੁਰਾਣੇ ਦਰੱਖਤਾਂ ਦੀ ਸਾਂਭ ਸੰਭਾਲ ਅਤੇ ਇਨਾਂ ਦਰੱਖਤਾਂ ਦੀਆਂ ਜੜ੍ਹਾਂ ਦੀ ਮਜਬੂਤੀ ਲਈ ਥੜ੍ਹੇ ਬਣਾਏ ਜਾਣ। ਜਿਸ ਨਾਲ ਜਿੱਥੇ ਦਰੱਖਤਾਂ ਦੀ ਸਾਂਭ ਸੰਭਾਲ ਹੋ ਸਕੇਗੀ ਉਥੇ ਹੀ ਅਨਾਜ ਮੰਡੀ ਵਿਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਗਰਮੀ ਦੇ ਮੌਸਮ ਵਿਚ ਬੈਠਣ ਲਈ ਛਾਂ ਦਾ ਸਹਾਰਾ ਮਿਲ ਸਕੇਗਾ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਰਣਧੀਰ ਸਿੰਘ ਮਾਜਰੀ, ਜਸਵਿੰਦਰ ਸਿੰਘ ਕਾਈਨੌਰ ,ਰਣਧੀਰ ਸਿੰਘ ਕਾਈਨੌਰ, ਭੁਪਿੰਦਰ ਸਿੰਘ ਮੁੰਡੀਆਂ ਅਤੇ ਇਲਾਕੇ ਦੇ ਹੋਰਨਾਂ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿਚ ਲਗਭਗ 30 ਸਾਲ ਤੋਂ ਵੀ ਵੱਧ ਸਮੇਂ ਤੋਂ ਪੁਰਾਣੇ ਅੱਧੀ ਦਰਜਨ ਤੋਂ ਵੱਧ ਅਜਿਹੇ ਦਰੱਖਤ ਹਨ ਜਿਨ੍ਹਾਂ ਦੀ ਤੁਰੰਤ ਸਾਂਭ ਸੰਭਾਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪੁਰਾਣੇ ਦਰੱਖਤਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਤਾਂ ਇਹ ਦਰੱਖਤ ਕਿਸੇ ਵੀ ਸਮੇਂ ਹਨੇਰੀ ਝੱਖੜਾਂ ਦਾ ਸਾਹਮਣਾ ਨਾ ਕਰਦੇ ਹੋਏ ਡਿੱਗ ਸਕਦੇ ਹਨ। ਜਿਸ ਨਾਲ ਅਨਾਜ ਮੰਡੀ ਮੋਰਿੰਡਾ ਦੀ ਕਈ ਦਹਾਕਿਆਂ ਪੁਰਾਣੀ ਵਣ ਸੰਪਤੀ ਪਲਾਂ ਵਿਚ ਖਤਮ ਹੋ ਸਕਦੀ ਹੈ। ਸਾਂਭ-ਸੰਭਾਲ ਦੀ ਅਣਦੇਖੀ ਚਿੰਤਾ ਦਾ ਵਿਸ਼ਾ ਇਸ ਸਬੰਧੀ ਸੇਵਾ ਮੁਕਤ ਵਣ ਰੇਂਜ ਅਫਸਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਨੇ ਕਿਹਾ ਕਿ ਮਾਰਕੀਟ ਕਮੇਟੀ ਮੋਰਿੰਡਾ ਦੇ ਅਧਿਕਾਰੀਆਂ ਤੇ ਸਬੰਧਤ ਅਧਿਕਾਰੀਆਂ ਵੱਲੋਂ ਦਰੱਖਤਾਂ ਦੀ ਸਾਂਭ ਸੰਭਾਲ ਦੀ ਅਣਦੇਖੀ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿਚ ਲੱਗੇ ਪਿੱਪਲ, ਬਰੋਟੇ ਸੈਂਕੜੇ ਸਾਲ ਦੀ ਉਮਰ ਭੋਗਣ ਦੇ ਸਮਰੱਥ ਹਨ ਪਰੰਤੂ ਇਨ੍ਹਾਂ ਦੀ ਸਹੀ ਸਾਂਭ ਸੰਭਾਲ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਹਰ ਸਾਲ ਵਣ ਮਹਾ ਉਤਸਵ ਮਨਾਉਂਦੇ ਹੋਏ ਹਰ ਸਾਲ ਲੱਖਾਂ ਪੌਦੇ ਲਗਾਉਂਦੀ ਹੈ ਦੂਸਰੇ ਪਾਸੇ ਕਈ ਸਰਕਾਰੀ /ਅਰਧ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਲੱਗੇ ਹੋਏ ਪੌਦਿਆਂ ਦੀ ਸਾਂਭ ਸੰਭਾਲ ਤੋਂ ਵੀ ਕਿਨਾਰਾ ਵੱਟ ਲੈਂਦੇ ਹਨ। ਜਦਕਿ ਕਈ ਸਮਾਜ ਸੇਵਾ ਅਤੇ ਧਾਰਮਿਕ ਸੰਸਥਾਵਾਂ ਵੀ ਨਿਸ਼ਕਾਮ ਸੇਵਾ ਕਰਦੇ ਹੋਏ ਪੌਦੇ ਲਗਾਉਂਦੇ ਤੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਦੇ ਹਨ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿਚ ਹੀ ਵਾਤਾਵਰਨ ਪ੍ਰੇਮੀ ਅਤੇ ਸੇਵਾ ਮੁਕਤ ਅਧਿਆਪਕ ਰਣਧੀਰ ਸਿੰਘ ਕਾਂਜਲਾ ਪਿਛਲੇ ਕਈ ਸਾਲਾਂ ਤੋਂ ਸੰਸਥਾਵਾਂ ਵੱਲੋਂ ਲਗਾਏ ਗਏ ਨਵੇਂ ਪੌਦਿਆਂ ਦੀ ਨਿਸ਼ਕਾਮ ਸੰਭਾਲ ਕਰਦੇ ਆ ਰਹੇ ਹਨ। ਉਨਾਂ ਸਮੂਹ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਨਾਜ ਮੰਡੀ ਮੋਰਿੰਡਾ ਵਿਚ ਲੱਗੇ ਪੁਰਾਣੇ ਦਰਖਤਾਂ ਦੀ ਸੰਭਾਲ ਲਈ ਅੱਗੇ ਆਉਣ ਅਤੇ ਇੱਕ ਇੱਕ ਜਾਂ ਇਸ ਤੋਂ ਵੱਧ ਦਰਖਤ ਗੋਦ ਲੈਣ ਅਤੇ ਉਨ੍ਹਾਂ ਦੀ ਸੰਭਾਲ ਕਰਨ। ਅਨਾਜ ਮੰਡੀ ਵਿਚ ਦਰੱਖਤਾਂ ਦੀ ਤੁਰੰਤ ਸੰਭਾਲ ਦੀ ਮੰਗ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਅਮਰ ਸਿੰਘ ਕਲਾਰਾਂ,ਸਾਬਕਾ ਕੌਂਸਲਰ ਜਗਪਾਲ ਸਿੰਘ ਜੋਲੀ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਯੂਥ ਆਗੂ ਲੱਖੀ ਸ਼ਾਹ, ਮਜੀਦ, ਮੋਨੂ ਖਾਨ, ਐਨਆਰਆਈ ਜਗਰਾਜ ਸਿੰਘ ਮਾਨਖੇੜੀ ਆਦਿ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਅਨਾਜ ਮੰਡੀ ਮੋਰਿੰਡਾ ਵਿਚ ਹੋਂਦ ਗੁਆਉਣ ਕਿਨਾਰੇ ਪਹੁੰਚੇ ਦਰੱਖਤਾਂ ਦੀ ਸਾਂਭ ਸੰਭਾਲ ਕਰਨ ਅਤੇ ਦਰੱਖਤਾਂ ਦੇ ਦੁਆਲੇ ਘੱਟੋ ਘੱਟ ਤਿੰਨ ਫੁੱਟ ਘੇਰੇ ਵਿਚ ਮਿੱਟੀ ਆਦਿ ਪਾ ਕੇ ਥੜ੍ਹੇ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਦਰਖਤਾਂ ਦੀ ਸਾਂਭ ਸੰਭਾਲ ਹੋ ਸਕੇ ਅਤੇ ਅਨਾਜ ਮੰਡੀ ਵਿਚ ਫਸਲ ਲੈ ਕੇ ਆਉਣ ਵਾਲੇ ਕਿਸਾਨ ਗਰਮੀ ਦੇ ਮੌਸਮ ਵਿਚ ਦਰਖਤਾਂ ਥੱਲੇ ਬੈਠ ਕੇ ਛਾਂ ਦਾ ਸੁੱਖ ਮਾਣ ਸਕਣ। ਇਸ ਸਬੰਧ ਵਿਚ ਸੰਪਰਕ ਕਰਨ ਤੇ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨ.ਪੀ. ਰਾਣਾ ਨੇ ਕਿਹਾ ਕਿ ਮੰਡੀ ਵਿਚ ਲੱਗੇ ਦਰਖਤਾਂ ਦੀ ਸਾਂਭ ਸੰਭਾਲ ਕਰਨਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਗੈਰ ਸੰਭਾਲ ਕੋਈ ਇੱਕ ਵੀ ਦਰੱਖਤ ਡਿੱਗਦਾ ਹੈ ਤਾਂ ਉਹ ਚਿੰਤਾ ਦਾ ਵਿਸ਼ਾ ਹੈ।ਉਨਾਂ ਕਿਹਾ ਕਿ ਉਹ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਮੰਡੀ ਵਿਚ ਲੱਗੇ ਦਰਖਤਾਂ ਦੀ ਸਾਂਭ ਸੰਭਾਲ ਕਰਨ ਲਈ ਕਹਿਣਗੇ ਤਾਂ ਜੋ ਦਰੱਖਤਾਂ ਦੀ ਸੰਭਾਲ ਹੋ ਸਕੇ। ਇਸ ਸਬੰਧੀ ਮਾਰਕੀਟ ਕਮੇਟੀ ਮੋਰਿੰਡਾ ਦੇ ਸਕੱਤਰ ਵਰਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਉਹ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਅਜਿਹੇ ਦਰੱਖਤਾਂ ਦੀ ਸ਼ਨਾਖਤ ਕਰਵਾ ਕੇ ਮਿੱਟੀ ਤੇ ਇੱਟਾਂ ਦੇ ਥੜ੍ਹੇ ਬਣਵਾ ਦਿੱਤੇ ਜਾਣਗੇ ਤਾਂ ਜੋ ਦਰਖਤਾਂ ਦੀ ਸਾਂਭ ਸੰਭਾਲ ਹੋ ਸਕੇ ਅਤੇ ਕਿਸਾਨਾਂ ਨੂੰ ਵੀ ਛਾਵੇਂ ਬੈਠਣ ਦੀ ਸਹੂਲਤ ਮਿਲ ਸਕੇ।