ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲਾ ਕੀਤਾ ਕਾਬੂ
ਮੋਰਿੰਡਾ ਪੁਲਿਸ ਨੇ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲਾ ਕੀਤਾ ਕਾਬੂ
Publish Date: Sat, 15 Nov 2025 07:54 PM (IST)
Updated Date: Sun, 16 Nov 2025 04:05 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਪੁਲਿਸ ਨੇ ਲੁੱਟ ਖੋਹ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਮੁਖੀ ਐੱਸਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਬਜ਼ੁਰਗ ਸ਼ਿੰਗਾਰਾ ਸਿੰਘ (65) ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਦਤਾਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੋਰਿੰਡਾ ਚੁੰਨੀ ਰੋਡ ’ਤੇ ਰੇਲਵੇ ਅੰਡਰ ਬ੍ਰਿਜ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਥੈਲਾ ਚੁਕਵਾਉਣ ਦੇ ਬਹਾਨੇ ਉਸ ਨਾਲ ਲੁੱਟ ਖੋਹ ਕਰ ਲਈ ਗਈ। ਉਸ ਨੇ ਦੱਸਿਆ ਕਿ ਉਹ ਕਬਾੜੀਏ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ 12 ਨਵੰਬਰ ਨੂੰ ਦੁਪਹਿਰ ਕਰੀਬ 2 ਵਜੇ ਉਹ ਮੋਰਿੰਡਾ ਤੋਂ ਆਪਣੇ ਸਾਈਕਲ ’ਤੇ ਆਪਣੇ ਪਿੰਡ ਦਤਾਰਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਚੁੰਨੀ ਰੋਡ ਮੋਰਿੰਡਾ ਵਿਖੇ ਰੇਲਵੇ ਅੰਡਰ-ਬਰਿੱਜ ਤੋਂ ਕੁਝ ਪਿੱਛੇ ਸੀ ਤਾਂ ਸ਼ਮਸ਼ਾਨ ਘਾਟ ਦੇ ਕੋਲ ਸੜ੍ਹਕ ’ਤੇ ਇੱਕ ਮੋਨਾ ਨੌਜਵਾਨ ਮੋਟਰਸਾਈਕਲ, ਜਿਸ ’ਤੇ 4811 ਨੰਬਰ ਦੀ ਪਲੇਟ ਲੱਗੀ ਸੀ, ਲੈ ਕੇ ਖੜਾ ਸੀ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਰੋਕ ਕੇ ਮਿੱਟੀ ਦਾ ਥੈਲਾ ਚੁਕਵਾਉਣ ਲਈ ਕਿਹਾ ਅਤੇ ਉਹ ਉਸ ਦੇ ਨਾਲ ਚੱਲ ਪਿਆ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਸੜਕ ਤੋਂ ਕੁਝ ਦੂਰ ਸ਼ਮਸ਼ਾਨ ਘਾਟ ਕੋਲ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਖੜਾ ਕਰ ਦਿੱਤਾ। ਉਸ ਨੇ ਕਿਹਾ ਜਦੋਂ ਉਸ ਨੇ ਉਕਤ ਨੌਜਵਾਨ ਨੂੰ ਥੈਲੇ ਬਾਰੇ ਪੁੱਛਿਆ ਤਾਂ ਨੌਜਵਾਨ ਉਸ ਦੇ ਕੁੜਤੇ ਦੀ ਜੇਬ ਵਿਚੋਂ ਉਸ ਦਾ ਪਰਸ ਕੱਢ ਲਿਆ ਅਤੇ ਉਸਦੀ ਲੱਤ ’ਤੇ ਲੋਹੇ ਦੀ ਕੋਈ ਚੀਜ਼ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਪਰਸ ਵਿਚ ਕਰੀਬ 1,200 ਰੁਪਏ ਦੀ ਨਗਦੀ ਸੀ ਅਤੇ ਉਕਤ ਨੌਜਵਾਨ ਜਾਨੋਂ ਮਾਰਨ ਦੀਆਂ ਧਮਕੀਆ ਦਿੰਦਾ ਹੋਇਆ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਸ਼ਿੰਗਾਰਾ ਸਿੰਘ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਇਸ ਸਬੰਧੀ ਉਸ ਨੇ ਆਪਣੇ ਤੌਰ ’ਤੇ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਦਾ ਨਾਮ ਹਰਦੀਪ ਸਿੰਘ ਪੁੱਤਰ ਮਨਜੀਤ ਸਿੰਘ ਹੈ ਵਾਸੀ ਪਿੰਡ ਸਹੇੜੀ ਹੈ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਨੇ 10 ਨਵੰਬਰ ਨੂੰ ਰੇਲਵੇ ਲਾਈਨ ਮੋਰਿੰਡਾ ਲਾਗੇ ਇੱਕ ਪ੍ਰਵਾਸੀ ਮਜਦੂਰ ਅਤੇ 8 ਨਵੰਬਰ ਨੂੰ ਸਰਹਿੰਦ ਰੋਡ ’ਤੇ ਵੀ ਇੱਕ ਡਰਾਇਵਰ ਦੇ ਲੁੱਟਖੋਹ ਕਰ ਨਗਦੀ ਖੋਹੀ ਸੀ। ਥਾਣਾ ਸਿਟੀ ਮੁਖੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਇਸ ਸਬੰਧ ਵਿਚ ਹਰਦੀਪ ਸਿੰਘ ਦੇ ਖਿਲਾਫ ਬੀਐੱਨਐੱਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।