ਬੈਂਸ ਨੇ ਕਿਹਾ ਕਿ ਵਾਤਾਵਰਣ ਸੰਭਾਲ ਕੇਵਲ ਸਰਕਾਰ ਦੀ ਨਹੀਂ, ਸਗੋਂ ਸਮਾਜ ਅਤੇ ਸੇਵਾਦਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਗੁਰੂ ਦੀ ਪਵਿੱਤਰ ਧਰਤੀ ’ਤੇ ਹਰ ਰੋਜ਼ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਉੱਥੇ ਸ਼ਹਿਰ ਦੀ ਸੁੰਦਰਤਾ ਅਤੇ ਸਾਫ਼-ਸਫਾਈ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ।

ਸੁਖਵਿੰਦਰ ਸੁੱਖੂ ,ਪੰਜਾਬੀ ਜਾਗਰਣ,ਸ਼੍ਰੀ ਅਨੰਦਪੁਰ ਸਾਹਿਬ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਅੱਜ ਗੁਰੂ ਨਗਰੀ ਵਿਚ ਵਾਤਵਰਣ ਸੰਭਾਲ ਲਈ ਇੱਕ ਮਹੱਤਵਪੂਰਣ ਕਦਮ ਚੁੱਕਦਿਆਂ ਬੱਸ ਅੱਡਾ ਸ਼੍ਰੀ ਅਨੰਦਪੁਰ ਸਾਹਿਬ ਤੋਂ ‘ਵਾਈਟ ਬੋਗਨ ਵੇਲੀਆ’ ਪੌਦੇ ਲਗਾ ਕੇ ਹਰਿਆ ਭਰਿਆ ਸ੍ਰੀ ਅਨੰਦਪੁਰ ਸਾਹਿਬ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ, ਜਿਸਦਾ ਮੁੱਖ ਉਦੇਸ਼ ਗੁਰੂ ਨਗਰੀ ਨੂੰ ਹੋਰ ਸੁੰਦਰ, ਸੁਚੱਜਾ ਅਤੇ ਹਰਾ-ਭਰਾ ਬਣਾਉਣਾ ਹੈ।
ਬੈਂਸ ਨੇ ਕਿਹਾ ਕਿ ਵਾਤਾਵਰਣ ਸੰਭਾਲ ਕੇਵਲ ਸਰਕਾਰ ਦੀ ਨਹੀਂ, ਸਗੋਂ ਸਮਾਜ ਅਤੇ ਸੇਵਾਦਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਗੁਰੂ ਦੀ ਪਵਿੱਤਰ ਧਰਤੀ ’ਤੇ ਹਰ ਰੋਜ਼ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਉੱਥੇ ਸ਼ਹਿਰ ਦੀ ਸੁੰਦਰਤਾ ਅਤੇ ਸਾਫ਼-ਸਫਾਈ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਪੌਦੇ ਲਗਾਉਣ ਦੀ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਵੀ ਪੌਦੇ ਲਗਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਕ ਅਤੇ ਆਧਿਆਤਮਿਕ ਮਹੱਤਤਾ ਵਾਲੀ ਧਰਤੀ ਹੈ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਜੋ ਬਲਿਦਾਨ ਦਿੱਤਾ, ਉਹ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਸਮਾਗਮਾਂ ਦੌਰਾਨ ਲੱਖਾਂ ਸੰਗਤ ਦੀ ਆਮਦ ਨੂੰ ਦੇਖਦਿਆਂ ਸ਼ਹਿਰ ਵਿਚ ਸਾਫ਼-ਸਫਾਈ, ਸੁਵਿਧਾਵਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਬੈਂਸ ਨੇ ਦੱਸਿਆ ਕਿ ਸ਼ਹੀਦੀ ਸ਼ਤਾਬਦੀ ਸਮਾਗਮ ਸਿਰਫ ਇਤਿਹਾਸਕ ਯਾਦਗਾਰੀ ਹੀ ਨਹੀਂ, ਬਲਕਿ ਸਮਾਜ ਨੂੰ ਮਨੁੱਖਤਾ, ਧੀਰਜ, ਸੱਚਾਈ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨ ਵਾਲਾ ਮੌਕਾ ਵੀ ਹੈ। ਇਸ ਮੌਕੇ ਸ਼ਹਿਰ ਨੂੰ ਹਰਾ-ਭਰਾ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖਤਾ ਅਤੇ ਪ੍ਰਕਿਰਤੀ ਦੋਵੇਂ ਦਾ ਸਨਮਾਨ ਕਰਨਾ ਸਾਡੇ ਨੈਤਿਕ ਫਰਜ਼ ਦੇ ਬਰਾਬਰ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਘਰਾਂ, ਗਲੀਆਂ ਅਤੇ ਪਿੰਡਾਂ ਵਿਚ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਹਰ ਪਰਿਵਾਰ ਸਾਲ ਵਿਚ ਘੱਟੋ-ਘੱਟ ਇੱਕ ਰੁੱਖ ਵੀ ਲਗਾਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਤੰਦਰੁਸਤ ਅਤੇ ਸੁੱਚਾ ਵਾਤਾਵਰਣ ਮੁਹੱਈਆ ਕਰਾਇਆ ਜਾ ਸਕਦਾ ਹੈ।
ਇਸ ਮੌਕੇ ’ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਧਰਮ ਅੰਦਰ ਸੇਵਾ ਅਤੇ ਪ੍ਰਕਿਰਤੀ ਦਾ ਸਨਮਾਨ ਬਹੁਤ ਮਹੱਤਵ ਰੱਖਦਾ ਹੈ। ਰੁੱਖ ਲਗਾਉਣਾ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਇਹ ਸਿਰਫ ਧਰਤੀ ਨੂੰ ਹਰਾ ਨਹੀਂ ਕਰਦਾ, ਸਗੋਂ ਜੀਵਨ ਨੂੰ ਵੀ ਸੰਭਾਲਦਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਨਾਲ ਗੁਰੂ ਨਗਰੀ ਵਿਚ ਇੱਕ ਨਵੀਂ ਉਮੀਦ ਅਤੇ ਸੁੰਦਰਤਾ ਦਾ ਸੁਨੇਹਾ ਫੈਲਿਆ ਹੈ, ਜੋ ਆਉਣ ਵਾਲੇ ਦਿਨਾਂ ਵਿਚ ਹੋਰ ਚੜਦੀ ਕਲਾ ਵੱਲ ਕਦਮ ਵਧੇਗਾ।
ਇਸ ਮੌਕੇ ਰਾਜੀਵ ਕੁਮਾਰ ਉੱਪਲ ਰੇਂਜ ਅਫਸਰ ਸ਼੍ਰੀ ਆਨੰਦਪੁਰ ਸਾਹਿਬ, ਸਾਹਿਬ ਸਿੰਘ ਵਣ ਗਾਰਡ, ਰਮਨ ਵਣ ਗਾਰਡ, ਦਲਜੀਤ ਸਿੰਘ ਵਣ ਗਾਰਡ, ਸ਼ੇਰ ਸਿੰਘ ਜੰਗਲਾਤ ਗੁੜ, ਹਰਜਿੰਦਰ ਸਿੰਘ ਵਣ ਗਾਰਡ, ਬਲਵੀਰ ਸਿੰਘ ਡਰਾਈਵਰ, ਚੰਨਣ ਸਿੰਘ, ਵਿਕਰਮ ਰਾਣਾ, ਚਮਨ ਲਾਲ, ਸੁਰਜੀਤ ਸਿੰਘ, ਮੰਗਲ ਸਿੰਘ, ਰੋਸ਼ਨ, ਭਾਗਾ, ਜਗਤ ਰਾਮ, ਕਰਨ ਬੇਲਦਾਰ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।