ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਖੁਦ ਗਰਾਊਂਡ 'ਤੇ ਹਾਜ਼ਰ ਰਹਿ ਕੇ ਵਰਕਰਾਂ ਅਤੇ ਪ੍ਰਸ਼ਾਸਨਕ ਟੀਮਾਂ ਨਾਲ ਮਿਲ ਕੇ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ।
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਤਲੁਜ ਦੇ ਕੰਢਿਆਂ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨਾਲ ਹਾਲਾਤ ਹੌਲੇ-ਹੌਲੇ ਸੰਭਲ ਰਹੇ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਹਰੀਵਾਲ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਬੰਨ੍ਹਾਂ ਦੀ ਮਜਬੂਤੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਦੱਸਿਆ ਕਿ ਦਰਿਆ ਦੇ ਕੰਢਿਆਂ ਨੂੰ ਜੰਬੋ ਬੈਗਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਵਿੱਚ ਪ੍ਰਸ਼ਾਸਨ ਦੇ ਨਾਲ-ਨਾਲ ਨੌਜਵਾਨਾਂ, ਸਮਾਜ ਸੇਵੀ ਸੰਗਠਨਾਂ, ਸੰਤ ਮਹਾਤਮਾ ਅਤੇ ਪਿੰਡ ਵਾਸੀਆਂ ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਬੈਂਸ ਨੇ ਕਿਹਾ ਕਿ ਕਿਸੇ ਵੀ ਇਲਾਕਾ ਵਾਸੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਇੱਕ ਵੱਡੀ ਰਾਹਤ ਵਾਲੀ ਖਬਰ ਸਾਂਝੀ ਕਰਦਿਆਂ ਕਿਹਾ ਕਿ ਭਾਖੜਾ ਡੈਮ ਦਾ ਪਾਣੀ ਪੱਧਰ ਕੱਲ੍ਹ 1679.05 ਫੁੱਟ ਸੀ ਜੋ ਹੁਣ ਘਟ ਕੇ 1678.66 ਫੁੱਟ ਹੋ ਗਿਆ ਹੈ, ਅਰਥਾਤ ਲਗਪਗ ਅੱਧਾ ਫੁੱਟ ਘਟਿਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਖੁਸ਼ਗਵਾਰ ਰਹਿਣ ਦੀ ਸੰਭਾਵਨਾ ਹੈ ਅਤੇ ਬਰਸਾਤ ਵੀ ਘੱਟ ਹੋਣ ਦਾ ਅਨੁਮਾਨ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਖੁਦ ਗਰਾਊਂਡ 'ਤੇ ਹਾਜ਼ਰ ਰਹਿ ਕੇ ਵਰਕਰਾਂ ਅਤੇ ਪ੍ਰਸ਼ਾਸਨਕ ਟੀਮਾਂ ਨਾਲ ਮਿਲ ਕੇ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ‘ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਸਾਂਝੀ ਮਿਹਨਤ ਨਾਲ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਕਾਰ ਸੇਵਾ ਵਾਲੇ ਬਾਬਾ ਜੀ, ਧਾਰਮਿਕ ਸਖਸ਼ੀਅਤਾਂ, ਪੰਚ-ਸਰਪੰਚ, ਯੂਥ ਕਲੱਬ ਅਤੇ ਔਰਤਾਂ ਨੇ ਵੀ ਇਸ ਔਖੀ ਘੜੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ। ਖ਼ਾਸ ਕਰਕੇ ਨੌਜਵਾਨਾਂ ਦੀ ਭੂਮਿਕਾ ਸਰਾਹਣਯੋਗ ਹੈ।
ਬੈਂਸ ਨੇ ਦੱਸਿਆ ਕਿ ਲੋਕਾਂ ਦੀ ਮਦਦ ਲਈ ਇੱਕ ਹੈਲਪਲਾਈਨ ਨੰਬਰ 87279-62441 ਜਾਰੀ ਕੀਤਾ ਗਿਆ ਹੈ, ਜਿੱਥੇ ਹਰ ਲੋੜਵੰਦ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਹਾਲਾਤ ਅਨੁਕੂਲ ਹੋ ਜਾਣਗੇ ਅਤੇ ਅਸੀਂ ਸਭ ਮਿਲ ਕੇ ਪ੍ਰਮਾਤਮਾ ਦਾ ਸੁਕਰਾਨਾ ਕਰਾਂਗੇ।