ਧਰਨਾਕਾਰੀਆਂ ਦੀ ਮੰਗ ਹੈ ਕਿ ਨੈਸ਼ਨਲ ਹਾਈਵੇ ਤੇ ਲੱਗੇ ਐਂਟਰੀ ਟੈਕਸ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਕੋਈ ਵੀ ਸੂਬਾ ਸਰਕਾਰ ਨੈਸ਼ਨਲ ਹਾਈਵੇ ਤੇ ਬਣੀ ਸੜਕ ਤੇ ਪ੍ਰਵੇਸ਼ ਐਂਟਰੀ ਨਹੀਂ ਲੈ ਸਕਦਾ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੇ ਬਰਾਬਰ ਟੈਕਸ ਲਗਾਇਆ ਜਾਵੇ ਤਾਂ ਜੋ ਹਿਮਾਚਲ ਸਰਕਾਰ ਐਂਟਰੀ ਟੈਕਸ ਬੰਦ ਕਰ ਦੇਵੇ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ । ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਤੇ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਅੱਜ 55 ਐਂਟਰੀ ਟੈਕਸ ਪੁਆਇੰਟਾਂ ਤੇ ਅੱਜ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਮੋਰਚਾ ,ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਜਥੇਬੰਦੀਆਂ ਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਵਿੱਚ ਸਰਹੱਦੀ ਇਲਾਕੇ ਦੇ ਲੋਕਾਂ ਨੇ ਹਿਮਾਚਲ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੋਕੀਆਂ ਗਈਆਂ।
ਗਰਾਂ ਮੋੜਾ ਟੋਲ ਪਲਾਜਾ ਤੇ ਇਸ ਧਰਨੇ ਦੌਰਾਨ ਸੜਕ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਸਕੂਲੀ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਸੈਲਾਨੀ ਵੱਡੀ ਗਿਣਤੀ ਵਿੱਚ ਹਿਮਾਚਲ ਪ੍ਰਦੇਸ਼ ਜਾ ਰਹੇ ਹਨ। ਸਵੇਰੇ 11 ਵਜੇ ਸ਼ੁਰੂ ਕੀਤੇ ਗਏ ਧਰਨੇ ਦੌਰਾਨ ਪਹਿਲਾਂ ਹਿਮਾਚਲ ਤੋਂ ਆਉਣ ਵਾਲੇ ਵਾਹਨ ਰੋਕੇ ਗਏ ਪਰ ਹਿਮਾਚਲ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟਾਂ ਤੇ ਵਾਹਨਾਂ ਨੂੰ ਭੇਜਣ ਕਾਰਨ ਹਿਮਾਚਲ ਜਾਣ ਵਾਲੇ ਵਾਹਨ ਵੀ ਰੋਕ ਦਿੱਤੇ ਗਏ।
ਧਰਨਾਕਾਰੀਆਂ ਦੀ ਮੰਗ ਹੈ ਕਿ ਨੈਸ਼ਨਲ ਹਾਈਵੇ ਤੇ ਲੱਗੇ ਐਂਟਰੀ ਟੈਕਸ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਕੋਈ ਵੀ ਸੂਬਾ ਸਰਕਾਰ ਨੈਸ਼ਨਲ ਹਾਈਵੇ ਤੇ ਬਣੀ ਸੜਕ ਤੇ ਪ੍ਰਵੇਸ਼ ਐਂਟਰੀ ਨਹੀਂ ਲੈ ਸਕਦਾ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੇ ਬਰਾਬਰ ਟੈਕਸ ਲਗਾਇਆ ਜਾਵੇ ਤਾਂ ਜੋ ਹਿਮਾਚਲ ਸਰਕਾਰ ਐਂਟਰੀ ਟੈਕਸ ਬੰਦ ਕਰ ਦੇਵੇ।
ਦੱਸਣ ਯੋਗ ਹੈ ਕਿ ਗਰਾਂ ਮੋੜਾ ਟੋਲ ਪਲਾਜ਼ਾ ਦੇ ਇਕ ਕਿਲੋਮੀਟਰ ਦੇ ਅੰਦਰ ਹਿਮਾਚਲ ਵੱਲੋਂ ਐਂਟਰੀ ਟੈਕਸ ਲਗਾਇਆ ਗਿਆ ਹੈ ਜੋ ਕਿ ਪਹਿਲਾਂ 30 ਰੁਪਏ ਪ੍ਰਤੀ ਕਾਰ ਹੁੰਦਾ ਸੀ ਬਾਅਦ ਵਿੱਚ ਵਧਾ ਕੇ 70 ਰੁਪਏ ਕੀਤਾ ਗਿਆ ਅਤੇ 1 ਅਪ੍ਰੈਲ ਤੋਂ ਸੂਬਾ ਦੀ ਸੁੱਖੂ ਸਰਕਾਰ ਨੇ 70 ਰੁਪਏ ਤੋਂ ਵਧਾ ਕੇ 170 ਕੀਤਾ ਸੀ ਪਰ ਰੋਸ ਪ੍ਰਦਰਸ਼ਨ ਹੋਣ ਤੋਂ ਬਾਅਦ 170 ਤੋਂ ਘਟਾ ਕੇ 100 ਕੀਤਾ ਗਿਆ ਹੈ ਇਸ ਦੇ ਨਾਲ ਇਹ ਹਿਮਾਚਲ ਪ੍ਰਦੇਸ਼ ਨੰਬਰ ਕਾਰਾਂ ਪੀਲੀ ਪਲੇਟ ਟੈਕਸੀ ਅਤੇ ਪਿਕਅਪ ਗੱਡੀ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਧਰਨਾਕਾਰੀਆਂ ਵੱਲੋਂ ਜਾਮ ਵਿੱਚ ਫਸੀਆਂ ਐਬੂਲੈਂਸਾਂ, ਇਲਾਜ ਲਈ ਜਾ ਰਹੇ ਮਰੀਜ਼, ਸਕੂਲੀ ਵਾਹਨ ਅਤੇ ਸੈਨਿਕਾਂ ਨੂੰ ਜਾਣ ਦਿੱਤਾ ਗਿਆ।
ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਹਿਮਾਚਲ ਪ੍ਰਦੇਸ਼ ਸਰਕਾਰ ਐਂਟਰੀ ਟੈਕਸ ਬੰਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਭਰ ਦੇ ਲੋਕਾਂ ਨਾਲ ਮਿਲ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਗਰਾਂ ਮੋੜਾ ਦੇ ਨਾਲ ਹੀ ਰੂਪਨਗਰ ਤੋਂ ਨਾਲਾਗੜ੍ਹ ਜਾਂਦੇ ਰਸਤੇ ਤੇ ਢੇਰੋਵਾਲ, ਭਰਤਗੜ ਤੋਂ ਹਿਮਾਚਲ ਨੂੰ ਜੋੜਦੇ ਰਾਹ ਦਬੋਟਾ, ਅਤੇ ਭਰਤਗੜ੍ਹ ਤੋਂ ਪੰਜੇਹਰਾ ਮਾਰਗ ਤੇ ਵੀ ਚਾਰ ਘੰਟੇ ਲਈ ਧਰਨੇ ਦਿੱਤੇ ਗਏ ਅਤੇ ਹਿਮਾਚਲ ਤੋਂ ਆਉਣ ਵਾਲੇ ਵਾਹਨ ਰੋਕੇ ਗਏ। ਸੜਕਾਂ ਤੇ ਦੋਵੇਂ ਪਾਸੇ ਲੱਗੇ ਜਾਮ ਵਿੱਚ ਸੈਲਾਨੀ, ਬੱਸਾਂ ਅਤੇ ਟਰੱਕ ਕਰੀਬ ਚਾਰ ਘੰਟੇ ਜਾਮ ਵਿੱਚ ਫਸੇ ਰਹੇ।
ਕਈ ਸੈਲਾਨੀ ਬਦਲਵੇ ਰਾਹ ਲੱਭਣ ਲਈ ਪਿੰਡਾਂ ਵਿੱਚ ਭਟਕਦੇ ਦੇਖੇ ਗਏ ਅੱਤ ਦੀ ਪੈ ਰਹੀ ਗਰਮੀ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸੈਲਾਨੀ ਅਤੇ ਛੋਟੇ ਬੱਚਿਆਂ ਨੂੰ ਗਰਮੀ ਵਿੱਚ ਦੇਖ ਕੇ ਕਰੀਬ ਢਾਈ ਵਜੇ ਜਾਮ ਖੋਲਿਆ ਗਿਆ ਅਤੇ ਵਾਹਨਾਂ ਨੂੰ ਟੋਲ ਮੁਕਤ ਲੰਘਾਇਆ ਗਿਆ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਜਾਮ ਵਿੱਚ ਫਸੇ ਹੋਏ ਟਰੱਕ ਡਰਾਈਵਰ ਟੈਕਸੀ ਡਰਾਈਵਰ ਅਤੇ ਆਮ ਲੋਕ ਧਰਨੇ ਦਾ ਸਮਰਥਨ ਕਰ ਰਹੇ ਸਨ। ਇਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਿਸਾਨ ਆਗੂ ਹਰਪ੍ਰੀਤ ਸਿੰਘ ਭੱਟੋ, ਕਿਸਾਨ ਆਗੂ ਸੇਠੀ ਸ਼ਰਮਾ, ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ, ਨਿਹੰਗ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਸੁਖਵਿੰਦਰ ਸਿੰਘ ਤਰਨਾ ਦਲ, ਦਲਜੀਤ ਸਿੰਘ ਰਾਣਾ, ਬਲਜਿੰਦਰ ਸਿੰਘ, ਬਲਬੀਰ ਸਿੰਘ ਭੀਰੀ, ਸਿਕੰਦਰ ਸਿੰਘ ਹਜ਼ਾਰਾਂ ਸਮੇਤ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜਰ ਸਨ।