ਸਬਜ਼ੀ ਵੇਚਣ ਵਾਲੇ ਦੀ ਧੀ ਨੂੰ ਮਿਲੀ ਡਾਕਟਰੇਟ ਦੀ ਡਿਗਰੀ
ਪਰਿਵਾਰ ਦੀ ਮਿਹਨਤ ਅਤੇ ਲੜਕੀ ਦੀ ਲਗਨ ਸਫਲਤਾ ਦੇ ਰੰਗ ਲਿਆਈ
Publish Date: Sat, 10 Jan 2026 06:14 PM (IST)
Updated Date: Sat, 10 Jan 2026 06:15 PM (IST)

ਗੁਰਦੀਪ ਭੱਲੜੀ, ਪੰਜਾਬੀ ਜਾਗਰਣ ਨੰਗਲ : ਪਰਿਵਾਰ ਦਾ ਸਾਥ ਅਤੇ ਸਹਿਯੋਗ ਮਿਲੇ ਤਾਂ ਲੜਕੀਆਂ ਅਤੇ ਮਹਿਲਾਵਾਂ ਅਪਣੀ ਮਿਹਨਤ ਨਾਲ ਹਰ ਮੰਜ਼ਿਲ ਪ੍ਰਾਪਤ ਕਰ ਸਕਦੀਆਂ ਹਨ। ਅਜਿਹਾ ਹੀ ਕਰ ਵਿਖਾਇਆ ਹੈ ਨੰਗਲ ਦੇ ਪੁਰਾਣਾ ਗੁਰੂਦੁਆਰਾ ਵਿਚ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੇ ਕੇਵਲ ਕੁਮਾਰ ਦੀ ਲੜਕੀ ਨੀਤਿਕਾ ਨੇ ਜਿਸਨੇ ਪਹਿਲਾਂ ਦੋ ਵਿਸ਼ਿਆਂ ਫਿਜ਼ਿਕਸ ਅਤੇ ਕੈਮਿਸਟਰੀ ਵਿਚ ਐਮ ਐਸ ਸੀ ਕੀਤੀ ਅਤੇ ਹੁਣ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਜਲੰਧਰ ਤੋਂ ਫਿਜਿਕਸ ਵਿਚ ਪੀ ਐਚ ਡੀ ਦੀ ਡਿਗਰੀ ਮੁਕੰਮਲ ਕਰਕੇ ਪਰਿਵਾਰ ਅਤੇ ਨੰਗਲ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਡਾਕਟਰ ਨੀਤਿਕਾ ਨੂੰ ਡਿਗਰੀ ਮਿਲਣ ਤੋਂ ਬਾਦ ਨੰਗਲ ਪਹੁੰਚਣ ’ਤੇ ਪਰਿਵਾਰ ਅਤੇ ਮੁਹੱਲਾ ਵਾਸੀਆਂ ਨੇ ਉਸਦਾ ਜੋਰਦਾਰ ਸਵਾਗਤ ਕੀਤਾ ਅਤੇ ਖੁਸ਼ੀਆਂ ਮਨਾਈਆਂ। ਡਾਕਟਰ ਨੀਤਿਕਾ ਨੇ ਦੱਸਿਆ ਕਿ ਯੁਨੀਵਰਸਿਟੀ ਦੀ 12ਵੀਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਦੇਸ਼ ਦੇ ਉੱਪ ਰਾਸਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਆਦਿ ਦੁਆਰਾ ਉਸਨੂੰ ਇਹ ਡਿਗਰੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ। ਉਸਨੇ ਦੱਸਿਆ ਕਿ ਬੇਸ਼ੱਕ ਕਈ ਪਰਿਵਾਰਾਂ ਦੀ ਮਾੜੀ ਸੋਚ ਅਤੇ ਸਮਾਜਿਕ ਕੁਰੀਤੀਆਂ ਕਾਰਨ ਅੱਜ ਵੀ ਲੜਕੀਆਂ ਨਾਲ ਭੇਦ ਭਾਵ ਹੁੰਦਾ ਹੈ, ਪਰੰਤੂ ਉਸਦੇ ਪੇਕੇ ਅਤੇ ਸਹੁਰੇ ਪਰਿਵਾਰ ਨੇ ਉਸਦਾ ਪੂਰਾ ਸਹਿਯੋਗ ਕੀਤਾ ਹੈ ਜਿਸ ਕਾਰਨ ਉਹ ਵਿਆਹ ਹੋਣ ਅਤੇ ਇੱਕ ਬੱਚੇ ਦੀ ਮਾਂ ਬਣਨ ਤੋਂ ਬਾਦ ਵੀ ਅਪਣੀ ਪੀਐਚਡੀ ਦੀ ਡਿਗਰੀ ਮੁਕੰਮਲ ਕਰ ਸਕੀ ਹੈ। ਉਸਨੇ ਕਿਹਾ ਕਿ ਉਹ ਪਹਿਲਾਂ ਹੀ ਇੱਕ ਅਦਾਰੇ ਵਿੱਚ ਪੜਾਉਣ ਦਾ ਕੰਮ ਕਰ ਰਹੀ ਹੈ ਅਤੇ ਇਸਤੋਂ ਬਾਦ ਉਹ ਅਪਣੀ ਜਿੰਮੇਵਾਰੀ ਹੋਰ ਵੀ ਵਧੀਆ ਢੰਗ ਨਾਲ ਨਿਭਾਅ ਸਕੇਗੀ। ਉਸਨੇ ਕਿਹਾ ਕਿ ਸਮਾਜ ਵਿਚ ਸਿੱਖਿਆ ਹੀ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਹੈ ਅਤੇ ਇਸ ਲਈ ਸਾਨੂੰ ਅਪਣੇ ਬੱਚਿਆਂ ਵਿਸ਼ੇਸ ਤੋਰ ਤੇ ਲੜਕੀਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ । ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਸੋਸਾਇਟੀ ਨੰਗਲ ਦੇ ਪ੍ਰਧਾਨ ਦੋਲਤ ਰਾਮ ਅਤੇ ਐਡਵੋਕੇਟ ਕੁਲਦੀਪ ਚੰਦ ਨੇ ਪਰਿਵਾਰ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਪੜਾਈ ਦਾ ਮਹੱਤਵ ਸਮਝਾਇਆ ਹੈ ਇਸ ਲਈ ਸਾਨੂੰ ਬੱਚਿਆਂ ਨੂੰ ਪੜਾਉਣ ਦੇ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਮੰਦਿਰ ਪਹੁੰਚਣ ਤੇ ਡਾਕਟਰ ਨੀਤਿਕਾ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਨਵਰੀ ਮਹੀਨਾ ਭਾਰਤ ਵਿੱਚ ਸਿੱਖਿਆ ਸਬੰਧੀ ਅਤੀ ਮਹੱਤਵਪੂਰਨ ਹੈ ਕਿਉਂਕਿ ਇਸ ਮਹੀਨੇ ਲੜਕੀਆਂ ਲਈ ਸਿੱਖਿਆ ਸ਼ੁਰੂ ਕਰਨ ਵਾਲੀ ਸਵਿਤਰੀਬਾਈ ਫੂਲੇ ਦਾ ਜਨਮਦਿਨ ਅਤੇ ਪੰਜਾਬ ਵਿੱਚ ਅਛੂਤਾਂ ਲਈ ਪਹਿਲਾ ਸਕੂਲ ਚਲਾਉਣ ਵਾਲੇ ਫਰੀਡਮ ਫਾਇਟਰ ਗਦਰ ਲਹਿਰ ਦੇ ਆਗੂ ਅਤੇ ਆਦ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਜਨਮਦਿਨ ਆਂਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਿੱਖਿਆ ਮਹੱਤਵਪੂਰਨ ਹੈ ਕਿਉਂਕਿ ਆਰਥਿਕ, ਸਮਾਜਿਕ ਅਤੇ ਵਿੱਤੀ ਖੇਤਰਾਂ ਵਿੱਚ ਔਰਤਾਂ ਦਾ ਯੋਗਦਾਨ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਵਾਧਾ ਕਰਦਾ ਹੈ ਅਤੇ ਔਰਤਾਂ ਹੀ ਸਮਾਜ ਅਤੇ ਰਾਸ਼ਟਰ ਦੇ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਲੜਕੀ ਦੇ ਪਿਤਾ ਕੇਵਲ ਕੁਮਾਰ ਨੇ ਇਸ ਖੁਸੀ ਮੌਕੇ ਪਹੁੰਚੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੰਚਨ, ਅਮ੍ਰਿਤਪਾਲ ਸਿੰਘ, ਜਸ਼ਨਪ੍ਰੀਤ, ਪੁਸ਼ਵਿੰਦਰ, ਅਵਲੀਨ, ਧਰਮਪਾਲ, ਕਮਲੇਸ਼, ਬਲਵੀਰ ਕੌਰ, ਕਮਲਦੀਪ ਸਿੰਘ, ਡਾਕਟਰ ਪ੍ਰਦੀਪ ਗੁਲਾਟੀ ਆਦਿ ਹਾਜਰ ਸਨ।