ਚਾਈਨਾ ਡੋਰ ਸਬੰਧੀ ਪੁਲਿਸ ਦੀ ਸਖ਼ਤੀ, ਦੁਕਾਨਾਂ ਦੀ ਚੈਕਿੰਗ
ਪੁਲਿਸ ਵੱਲੋਂ ਮੁੱਖ ਬਾਜ਼ਾਰ ਵਿਚ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗਚਾਈਨਾ ਡੋਰ ਸਬੰਧੀ ਪੁਲਿਸ ਦੀ ਸਖ਼ਤੀ
Publish Date: Thu, 08 Jan 2026 06:17 PM (IST)
Updated Date: Thu, 08 Jan 2026 06:18 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਮੁੱਖ ਬਾਜ਼ਾਰ ਸ਼੍ਰੀ ਕੀਰਤਪੁਰ ਸਾਹਿਬ ਅਤੇ ਇਲਾਕੇ ਦੇ ਪਿੰਡਾਂ ਵਿਚ ਪਤੰਗ ਵਿਕਰੇਤਾਵਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਇਸ ਸਬੰਧੀ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਤੇ ਦਿਸ਼ਾ ਨਿਰਦੇਸ਼ਾਂ ਹੇਠ ਚਾਈਨਾ ਡੋਰ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਹੈ, ਪਰ ਕੁਝ ਦੁਕਾਨਦਾਰ ਆਪਣੇ ਨਿਜੀ ਲਾਲਚ ਨੂੰ ਲੈ ਕੇ ਚਾਈਨਾ ਡੋਰ ਵੇਚ ਰਹੇ ਹਨ ਜਿਸ ਨਾਲ ਸੜਕਾਂ ’ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਸਬੰਧੀ ਥਾਣਾ ਮੁੱਖੀ ਜਤਿਨ ਕਪੂਰ ਨੇ ਦੱਸਿਆ ਕਿ ਚਾਈਨਾ ਡੋਰ ਬੜੀ ਹੀ ਖਤਰਨਾਕ ਹੈ ਜਿਸ ਵਿਚ ਕਈ ਪਸ਼ੂ ਪੰਛੀ ਅਤੇ ਸੜਕ ’ਤੇ ਚੱਲਣ ਵਾਲੇ ਦੋ ਪਹੀਆ ਵਾਹਨ ਚਾਲਕ ਇਸ ਦੀ ਲਪੇਟ ਵਿਚ ਆ ਕੇ ਜਖਮੀ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਸ਼ਹਿਰ ਅਤੇ ਇਲਾਕੇ ਦੇ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਨੂੰ ਨਿੱਜੀ ਤੌਰ ’ਤੇ ਚਾਈਨਾ ਡੋਰ ਨਾ ਵੇਚਣ ਸਬੰਧੀ ਦੱਸਿਆ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ ਗੈਰ ਜਮਾਨਤੀ ਵਾਰੰਟਾਂ ਦੇ ਤਹਿਤ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪੁਲਿਸ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ ਵਿਚ ਗਸਤ ਕੀਤੀ ਜਾਵੇਗੀ ਜੇਕਰ ਕੋਈ ਬੱਚਾ, ਨੌਜਵਾਨ ਚਾਈਨਾ ਡੋਰ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਦੇ ਨਾਲ ਨਾਲ ਉਕਤ ਦੁਕਾਨਦਾਰ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਸੋਸ਼ਲ ਮੀਡੀਆ ਅਖਬਾਰਾਂ ਰਾਹੀਂ ਸੂਚਿਤ ਕੀਤਾ ਗਿਆ ਹੈ, ਪਰ ਕਈ ਬੱਚੇ ਅਗਿਆਨਤਾ ਕਾਰਨ ਚਾਈਨਾ ਡੋਰ ਵਰਤ ਰਹੇ ਹਨ ਜੋ ਕਿ ਬਹੁਤ ਘਾਤਕ ਹੈ। ਉਹਨਾਂ ਕਿਹਾ ਸੀ ਪਤੰਗਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਦੁਕਾਨਦਾਰਾਂ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਬੱਚਿਆਂ ਤੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਮ ਡੋਰ ਵਰਤਣੀ ਚਾਹੀਦੀ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਉਹਨਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਸਖ਼ਤ ਦਿਸ਼ਾ ਨਿਰਦੇਸ਼ ਹਨ ਕੀ ਚਾਈਨਾ ਡੋਰ ਦੀ ਵਿਕਰੀ ਤੇ ਇਲਾਕੇ ਵਿਚ ਪੂਰਨ ਤੌਰ ’ਤੇ ਪਾਬੰਦੀ ਲਾਈ ਜਾਵੇ ਅਤੇ ਜੇਕਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਜਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਧਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ।