ਚੌਂਕ ’ਚ ਮੁੜਦੀਆਂ ਗੱਡੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ
ਸ਼੍ਰੀ ਕੀਰਤਪੁਰ ਸਾਹਿਬ ਬੱਸ ਅੱਡੇ ਚੌਂਕ ਵਿਚ ਮੁੜਦੀਆਂ ਗੱਡੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ
Publish Date: Wed, 17 Dec 2025 05:14 PM (IST)
Updated Date: Wed, 17 Dec 2025 05:15 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਪੁਰਾਣੇ ਬੱਸ ਅੱਡੇ ’ਤੇ ਬਣੇ ਚੌਂਕ ਵਿੱਚੋਂ ਮੁੜਦੀਆਂ ਗੱਡੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸ ਚੋਂਕ ਵਿਚ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਕਾਬਲੇਗ਼ੌਰ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਵੱਡੀਆਂ ਸੀਮੈਂਟ ਫੈਕਟਰੀਆਂ ਦਾ ਰਾਅ ਮਟੀਰੀਅਲ ਸ਼੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਨਜ਼ਦੀਕ ਉਤਰਦਾ ਹੈ ਅਤੇ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਇੱਥੋਂ ਲੋਡ ਕਰਕੇ ਜਾਂਦੀਆਂ ਹਨ ਜਿਸ ਕਾਰਨ ਵੱਡੀਆਂ ਮਲਟੀ ਐਕਸਲ ਗੱਡੀਆਂ ਇਸ ਚੌਂਕ ਵਿੱਚੋਂ ਮੁੜਦੀਆਂ ਹਨ, ਮੁੱਖ ਮਾਰਗ ਕਾਰਨ ਆਵਾਜਾਈ ਬਹੁਤ ਰਹਿੰਦੀ ਹੈ ਜਿਸ ਕਾਰਨ ਅਕਸਰ ਹਾਦਸੇ ਵਾਪਰ ਜਾਂਦੇ ਹਨ। ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਨਜ਼ਦੀਕ ਇੱਕ ਵੱਡੀ ਕੰਪਨੀ ਦਾ ਡੰਪ ਵੀ ਹੈ ਜਿਸ ਜਗ੍ਹਾ ਤੇ ਅਕਸਰ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਸੀਮੇਂਟ ਉਤਾਰਨ ਲਈ ਰੇਲਵੇ ਸਟੇਸ਼ਨ ਤੇ ਆਉਂਦੀਆਂ ਹਨ ਅਤੇ ਵਾਪਸੀ ਵਿਚ ਕੋਇਲਾ, ਜਿਪਸਨ ਤੇ ਲਾਲ ਮਿੱਟੀ ਲੋਡ ਕਰਕੇ ਹਿਮਾਚਲ ਪ੍ਰਦੇਸ਼ ਵੱਲ ਜਾਂਦੀਆਂ ਹਨ।ਇਸ ਚੌਂਕ ਤੋਂ ਹੋ ਕੇ ਹੀ ਰੇਲਵੇ ਸਟੇਸ਼ਨ ਸ਼੍ਰੀ ਕੀਰਤਪੁਰ ਸਾਹਿਬ ਨੂੰ ਰਸਤਾ ਜਾਂਦਾ ਹੈ ਜੋ ਕਿ ਅੱਗੇ ਕਈ ਪਿੰਡਾਂ ਨੂੰ ਜੋੜਦਾ ਹੈ। ਇਸ ਕਾਰਨ ਇੱਥੇ ਆਵਾਜਾਈ ਬਹੁਤ ਰਹਿੰਦੀ ਹੈ ਜਦੋਂ ਵੀ ਕੋਈ ਵਿਅਕਤੀ ਕਾਰ,ਵਹੀਕਲ ਜਾਂ ਦੋ ਪਹੀਆ ਵਾਹਨ ਮੋੜਦਾ ਹੈ ਤਾਂ ਅਚਨ ਚੇਤ ਹਾਦਸਾ ਵਾਪਰ ਜਾਂਦਾ ਹੈ। ਇਸ ਚੌਂਕ ਵਿਚ ਰੋਜਾਨਾ ਇੱਕ ਦੋ ਹਾਦਸੇ ਵਾਪਰੇ ਹੁੰਦੇ ਹਨ ਜਿਸ ਵਿਚ ਕਈ ਵਾਰ ਤਾਂ ਰਾਹਗੀਰ ਗੰਭੀਰ ਜਖਮੀ ਵੀ ਹੋਏ ਹਨ। ਸਥਾਨਕ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਜਗ੍ਹਾ ’ਤੇ ਰੈਡ ਲਾਈਟ ਲਗਾਈ ਜਾਵੇ ਜਾਂ ਟਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਸਥਾਨਕ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੱਡੀਆਂ ਮਲਟੀ ਐਕਸਲ ਗੱਡੀਆਂ ਨੂੰ ਅਗਲੇ ਚੌਂਕ ਨੱਕੀਆਂ ਤੋਂ ਘੁੰਮ ਕੇ ਆਉਣਾ ਚਾਹੀਦਾ ਹੈ ਤਾਂ ਜੋ ਬੱਸ ਅੱਡੇ ਵਿਚ ਜਾਮ ਨਾ ਲੱਗੇ ਅਤੇ ਹਾਦਸਿਆਂ ਤੋਂ ਨਿਜਾਤ ਮਿਲ ਸਕੇ।