ਅੱਚਲਪੁਰ ਦੇ ਮੇਲੇ ਦੌਰਾਨ ਲੱਗੀਆਂ ਰੌਣਕਾਂ
ਅੱਚਲਪੁਰ ਦੇ ਸੱਭਿਆਚਾਰਕ ’ਤੇ ਖੇਡ ਮੇਲੇ ਦੌਰਾਨ ਰੌਣਕਾਂ ਲੱਗੀਆਂ, ਡਾਇਰੈਕਟਰ ਚੌਹਾਨ ਨੇ ਕੀਤੀ ਸ਼ਿਰਕਤ
Publish Date: Thu, 27 Nov 2025 01:58 PM (IST)
Updated Date: Thu, 27 Nov 2025 01:59 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਬੀਤ ਭਲਾਈ ਕਮੇਟੀ ਵੱਲੋਂ ਬਾਪੂ ਕੁੰਭਦਾਸ ਜੀ, ਛੱਪੜੀ ਧਾਮ ਅੱਚਲਪੁਰ ਦੇ ਸਹਿਯੋਗ ਨਾਲ ਛਿੰਝ ਛਰਾਹਾਂ ਦੇ ਅੱਚਲਪੁਰ ਵਿਰਾਸਤੀ ਮੇਲੇ ਮੌਕੇ ਪਿੰਡ ਅੱਚਲਪੁਰ ਮਜਾਰੀ ਵਿਖੇ 30ਵਾਂ ਸੱਭਿਆਚਾਰਕ ’ਤੇ ਪੇਂਡੂ ਖੇਡ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਡਾਇੰਗ ਐਸ਼ੋਸ਼ੀਏਸ਼ਨ ਦੇ ਡਾਇਰੈਕਟਰ ਕਮਲ ਚੌਹਾਨ ਤੋਂ ਇਲਾਵਾ ਨਰੇਸ਼ ਚੌਹਾਨ, ਉਂਕਾਰ ਚੌਹਾਨ, ਨਰਨਿੰਦਰ ਚੌਹਾਨ ਟੇਡੇਵਾਲ, ਕੁਲਦੀਪ ਕਾਂਗੜ੍ਹ, ਬਿੱਲਾ ਪਠਾਨਕੋਟ, ਗੁਰਨਾਮ ਖਰੜ ਅਤੇ ਦਰਸ਼ਨ ਸਿੰਘ ਭਵਾਨੀਪੁਰ ਨੇ ਪ੍ਰਬੰਧਕਾਂ ਨੂੰ 11000 ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਚੌਹਾਨ ਨੇ ਕਿਹਾ ਕਿ ਖੇਡਾਂ ਸਾਡੇ ਅਮੀਰ ਸੱਭਿਆਚਾਰ ਦੀ ਪਛਾਣ ਹਨ। ਜਿਸ ਰਾਹੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜੀਊਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੋਬਾਈਲ ਅਤੇ ਤਕਨੀਕੀ ਯੁੱਗ ’ਚ ਜਿੱਥੇ ਨੌਜਵਾਨ ਸਰੀਰਕ ਸਰਗਰਮੀਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉੱਥੇ ਪੇਂਡੂ ਖੇਡ ਮੇਲੇ ਉਨ੍ਹਾਂ ਨੂੰ ਮੈਦਾਨ ਨਾਲ ਜੋੜ੍ਹਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨਾਂ ਕਿਹਾ ਕਿ ਖੇਡਾਂ ਸਾਨੂੰ ਸ਼ਰੀਰਕ ਤੰਦਰੁਸਤੀ, ਖੇਡ ਭਾਵਨਾ ਅਤੇ ਅਨੁਸ਼ਾਸਨ ’ਚ ਰਹਿਣ ਦਾ ਸੰਦੇਸ਼ ਵੀ ਦਿੰਦੀਆਂ ਹਨ। ਜਿਸ ਕਰ ਕੇ ਪੇਂਡੂ ਖੇਡਾਂ ਨੂੰ ਸਿਰਫ਼ ਮੇਲਿਆਂ ਤੱਕ ਸੀਮਿਤ ਨਾ ਰੱਖ ਕੇ, ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜ੍ਹਣ ਲਈ ਹਰ ਪਿੰਡ ਪੱਧਰ ’ਤੇ ਖੇਡ ਕਲੱਬਾਂ ਅਤੇ ਅਕਾਦਮੀਆਂ ਦੀ ਸਥਾਪਨਾ ਕੀਤੀ ਜਾਵੇ। ਮੇਲੇ ਦੌਰਾਨ ਕਬੱਡੀ ਭਾਰ 52 ਕਿੱਲੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਪਿੰਡ ਪੱਧਰ ਓਪਨ ਅਤੇ ਬਾਲੀਵਾਲ ਦੇ ਮੁਕਾਬਲੇ ਕਰਵਾਏ ਗਏ। ਜਦਕਿ ਕਮੇਟੀ ਪ੍ਰਧਾਨ ਬਲਬੀਰ ਸਿੰਘ ਬੈਂਸ, ਜਨਰਲ ਸਕੱਤਰ ਸੋਨੀ ਦਿਆਲ, ਫੁੰਮਣ ਸਿੰਘ ਅਤੇ ਖਜਾਨਚੀ ਤੀਰਥ ਮਾਨ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ।