ਬਾਜਵਾ ਨੇ ਗੁਰਦੁਆਰਾ ਸੀਸਗੰਜ ਵਿਖੇ ਕੀਤੀ ਅਰਦਾਸ
ਪ੍ਰਤਾਪ ਸਿੰਘ ਬਾਜਵਾ ਨੇ ਸਾਥੀਆਂ ਸਮੇਤ ਗੁਰਦੁਆਰਾ ਸੀਸਗੰਜ ਸਾਹਿਬ ਕੀਤੀ ਅਰਦਾਸ
Publish Date: Mon, 24 Nov 2025 04:07 PM (IST)
Updated Date: Mon, 24 Nov 2025 04:07 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਕੀਤੀ। ਇਸ ਪਾਵਨ ਸਮਾਗਮ ਦੌਰਾਨ ਉਹਨਾਂ ਦੇ ਨਾਲ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਵਿਧਾਇਕ ਚੌਧਰੀ ਬਿਕਰਮ ਸਿੰਘ, ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਰਣ ਇੰਦਰ ਸਿੰਘ ਅਤੇ ਲਾਡੀ ਸ਼ੇਰੋਵਾਲੀਆ ਆਦਿ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਉਹ ਮਹਾਨ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਸਿਜਦਾ ਕਰਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਇੱਥੇ ਪਹੁੰਚੇ ਹਨ। ਉਹਨਾਂ ਦੱਸਿਆ ਕਿ ਹੁਣ ਉਹ ਆਪਣੇ ਸਾਥੀਆਂ ਸਮੇਤ ਵਿਧਾਨ ਸਭਾ ਅਨੰਦਪੁਰ ਸਾਹਿਬ ਦੇ ਸ਼ੈਸ਼ਨ ਵਿਚ ਸ਼ਿਰਕਤ ਕਰਨਗੇ। ਸ਼੍ਰੀ ਅਨੰਦਪੁਰ ਸਾਹਿਬ ਲਈ ਮੰਗ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਉਹ ਬਿਨਾਂ ਸਾਥੀਆਂ ਦੀ ਸਲਾਹ ਦੇ ਕੋਈ ਮੰਗ ਨਹੀਂ ਰੱਖ ਸਕਦੇ ਅਤੇ ਵਿਸ਼ਵਾਸ ਹੈ ਕਿ ਸਰਕਾਰ ਨੇ ਇਸ ਪਵਿੱਤਰ ਨਗਰੀ ਲਈ ਚੰਗੀ ਸੋਚ ਬਣਾਈ ਹੋਵੇਗੀ। ਉਹਨਾਂ ਕਿਹਾ ਇਸ ਬਹੁਤ ਵੱਡੇ ਅਤੇ ਅਹਿਮ ਦਿਹਾੜੇ ਮੌਕੇ ਸਰਕਾਰ ਵੱਲੋਂ ਗੁਰੂ ਨਗਰੀ ਨੂੰ ਜਰੂਰ ਕੋਈ ਨਾ ਕੋਈ ਵੱਡੀ ਸੌਗਾਤ ਦਿੱਤੀ ਜਾਵੇਗੀ ਇਹ ਮੇਰਾ ਵਿਸ਼ਵਾਸ ਹੈ। ਬਾਜਵਾ ਨੇ ਕਿਹਾ ਕਿ ਉਹ ਅੱਜ ਸਿਰਫ ਧਾਰਮਿਕ ਸ਼ਰਧਾਲੂ ਦੇ ਤੌਰ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਏ ਹਨ, ਇਸ ਲਈ ਕਿਸੇ ਵੀ ਰਾਜਨੀਤਿਕ ਸਵਾਲ ਦਾ ਜਵਾਬ ਨਹੀਂ ਦੇਣਗੇ। ਇਸ ਮੌਕੇ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਚਿੱਤਰ ਅਤੇ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਨਰਿੰਦਰ ਸੈਣੀ, ਪ੍ਰੇਮ ਸਿੰਘ ਬਾਸੋਵਾਲ, ਕਮਲਦੀਪ ਕੌਰ ਸੈਣੀ, ਪ੍ਰੇਮ ਸਿੰਘ ਸਿੱਧੂ, ਅਰੁਣਦੀਪ ਸੋਨੂੰ, ਮੋਹਨ ਸਿੰਘ ਭਸੀਨ, ਗੁਰਪ੍ਰੀਤ ਸਿੰਘ ਮੀਰਪੁਰੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।