ਰਾਜਸਥਾਨੀ ਝੁੱਗੀਆਂ ’ਚ ਪ੍ਰਸ਼ਾਸ਼ਨ ਦਾ ਵੱਡਾ ਐਕਸ਼ਨ
ਸ਼੍ਰੀ ਕੀਰਤਪੁਰ ਸਾਹਿਬ ਰਾਜਸਥਾਨੀ ਝੁੰਗੀਆਂ ਵਿਚ ਪ੍ਰਸ਼ਾਸ਼ਨ ਦਾ ਵੱਡਾ ਐਕਸ਼ਨ
Publish Date: Mon, 17 Nov 2025 07:12 PM (IST)
Updated Date: Tue, 18 Nov 2025 04:13 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਣੀਆਂ ਰਾਜਸਥਾਨੀ ਝੁੱਗੀਆਂ ਅਤੇ ਬੰਗਾਲਾ ਬਸਤੀ ਵਿਚ ਵਿਕ ਰਹੀ ਨਾਜਾਇਜ਼ ਸ਼ਰਾਬ ਕਾਰਨ ਸ਼ਹਿਰ ਦੇ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਜਿਸ ਨੂੰ ਦੇਖਦੇ ਹੋਏ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਕੱਲ ਸੜਕ ’ਤੇ ਧਰਨਾ ਲਗਾਉਣ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਮੱਦੇ ਨਜ਼ਰ ਅੱਜ ਪੁਲਿਸ ਪ੍ਰਸ਼ਾਸ਼ਨ ਵੱਲੋਂ ਭਾਰੀ ਫੋਰਸ ਨਾਲ ਰਾਜਸਥਾਨੀ ਝੁੱਗੀਆਂ ਵਿਚ ਦਬਸ਼ ਕੀਤੀ ਗਈ। ਝੁੱਗੀਆਂ ਵਿਚ ਰਹਿਣ ਵਾਲੇ ਨਜਾਇਜ਼ ਸ਼ਰਾਬ ਕਾਰੋਬਾਰੀਆਂ ਨੂੰ ਸ਼ਾਇਦ ਪੁਲਿਸ ਦੇ ਐਕਸ਼ਨ ਦੀ ਪਹਿਲਾਂ ਹੀ ਭਣਕ ਲੱਗ ਚੁੱਕੀ ਸੀ ਜਿਸ ਕਾਰਨ ਉਹ ਘਰਾਂ ਨੂੰ ਜਿੰਦਰੇ ਲਗਾ ਕੇ ਫਰਾਰ ਹੋ ਗਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨ ਪਹਿਲਾਂ ਇਹਨਾਂ ਝੁੱਗੀਆਂ ’ਚ ਵਿਕਦੀ ਨਜਾਇਜ਼ ਸ਼ਰਾਬ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਕਈ ਨੌਜਵਾਨ ਇਸ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਪੁਲਿਸ ਪ੍ਰਸ਼ਾਸ਼ਨ ਦੇ ਨਾਲ ਸ਼ਹਿਰ ਦੇ ਨੌਜਵਾਨ ਵੀ ਸ਼ਾਮਿਲ ਸਨ। ਮੌਕੇ ’ਤੇ ਜਮੀਨ ਮਾਲਕਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਇਹ ਝੁੱਗੀਆਂ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ। ਪੱਤਰਕਾਰਾਂ ਦੀ ਹਾਜ਼ਰੀ ਵਿਚ ਜਦੋਂ ਮੌਕਾ ਦੇਖਿਆ ਗਿਆ ਤਾਂ ਕਈ ਝੁੱਗੀਆਂ ਵਾਲਿਆਂ ਨੇ ਨਜਾਇਜ਼ ਬਿਜਲੀ ਦੀਆਂ ਕੁੰਡੀਆਂ ਲਗਾਈਆਂ ਹੋਈਆਂ ਸਨ, ਇਸ ਦੀ ਸੂਚਨਾ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਦੇ ਦਿੱਤੀ ਗਈ ਹੈ। ਮੌਕੇ ’ਤੇ ਹਾਜ਼ਰ ਹੋਏ ਜਮੀਨ ਮਾਲਕਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਇਹ ਜਗ੍ਹਾ ਖਾਲੀ ਕਰਵਾ ਲੈਣਗੇ। ਪੁਲਿਸ ਪ੍ਰਸ਼ਾਸ਼ਨ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਹਨਾਂ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰਕੇ ਨਜਾਇਜ਼ ਵਿਕਦੀ ਸ਼ਰਾਬ ਨੂੰ ਬੰਦ ਕਰਵਾਉਣਗੇ। ਇਸ ਸਬੰਧੀ ਸ਼ਹਿਰ ਦੇ ਮੋਹਤਵਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਚ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਪੂਰਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਥਾਣਾ ਮੁੱਖੀ ਜਤਿਨ ਕਪੂਰ ਨੇ ਕਿਹਾ ਕਿ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਜਾਰੀ ਰਹੇਗੀ ਉਹਨਾਂ ਨੇ ਸਥਾਨਕ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਜਾਵੇ ਅਗਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਜਾਵੇ ਪਤਾ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ 350 ਸਾਲਾ ਸ਼ਹੀਦੀ ਸਮਾਗਮਾਂ ਦੇ ਦੋਰਾਨ ਵੀ ਅਤੇ ਇਸ ਤੋਂ ਬਾਅਦ ਵੀ ਇਸ ਤਰਹਾਂ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਇਸ ਦੌਰਾਨ ਪੁਲਿਸ ਕਾਰਵਾਈ ਦੀ ਅਗਵਾਈ ਥਾਣਾ ਮੁੱਖੀ ਯਤਨ ਕਪੂਰ ਕਰ ਰਹੇ ਸਨ। ਇਸ ਮੌਕੇ ਜੁਗਰਾਜ ਸਿੰਘ ਬਿੱਲੂ, ਮਨਿੰਦਰ ਸਿੰਘ ਸਾਹਿਬ, ਠੇਕੇਦਾਰ ਗੁਰਵਿੰਦਰ ਸਿੰਘ, ਤਜਿੰਦਰ ਸਿੰਘ ਸਮੇਤ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।