Ropar News : ਸੈਣੀਮਾਜਰਾ ’ਚ ਰਾਤੀਂ ਚੋਰੀ ਦੀ ਵੱਡੀ ਵਾਰਦਾਤ, ਘਰ 'ਚੋ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋਏ ਚੋਰ
ਉਨ੍ਹਾਂ ਦੱਸਿਆ ਕਿ ਰਾਤ ਕਰੀਬ 2 ਵਜੇ ਜਦੋਂ ਜਗਦੀਸ਼ ਰਾਮ ਬਾਥਰੂਮ ਜਾਣ ਲਈ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਦੂਜੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਵੇਖਣ ’ਤੇ ਪਤਾ ਲੱਗਿਆ ਕਿ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਲਾਕਰ ਤੋੜ੍ਹ ਕੇ ਉਸ ਵਿੱਚ ਰੱਖੇ ਗਹਿਣੇ ਤੇ ਨਗਦੀ ਗਾਇਬ ਸਨ।
Publish Date: Sun, 25 Jan 2026 09:23 PM (IST)
Updated Date: Sun, 25 Jan 2026 09:26 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ ਦੇ ਨਾਲ ਲੱਗਦੇ ਪਿੰਡ ਸੈਣੀਮਾਜਰਾ ਵਿੱਚ ਸੰਘਣੀ ਆਬਾਦੀ ਵਾਲੇ ਖੇਤਰ ਅੰਦਰ ਚੋਰਾਂ ਵੱਲੋਂ ਰਾਤ ਦੇ ਸਮੇਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰ ਲੈ ਜਾਣ ਦੀ ਖਬਰ ਹੈ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਚੋਰ ਮੌਕੇ ਤੋਂ ਫ਼ਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਨਾਲ ਸਬੰਧਤ ਜਗਦੀਸ਼ ਰਾਮ ਪੁੱਤਰ ਰਾਮ ਰੱਖਾ, ਜੋ ਰੂਪਨਗਰ ਵਿਖੇ ਡੇਲੀਵੇਜ਼ ’ਤੇ ਕੰਮ ਕਰਦੇ ਹਨ, ਦੇ ਘਰ ਇਹ ਘਟਨਾ ਵਾਪਰੀ। ਇਸ ਸਬੰਧੀ ਪਰਿਵਾਰਕ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇਕ ਕਮਰੇ ਵਿੱਚ ਸੁੱਤੇ ਹੋਏ ਸਨ, ਜਦਕਿ ਦੂਜੇ ਕਮਰੇ ਨੂੰ ਹਮੇਸ਼ਾਂ ਦੀ ਤਰ੍ਹਾਂ ਤਾਲਾ ਲਗਾਇਆ ਹੋਇਆ
ਸੀ।
ਉਨ੍ਹਾਂ ਦੱਸਿਆ ਕਿ ਰਾਤ ਕਰੀਬ 2 ਵਜੇ ਜਦੋਂ ਜਗਦੀਸ਼ ਰਾਮ ਬਾਥਰੂਮ ਜਾਣ ਲਈ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਦੂਜੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਵੇਖਣ ’ਤੇ ਪਤਾ ਲੱਗਿਆ ਕਿ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਲਾਕਰ ਤੋੜ੍ਹ ਕੇ ਉਸ ਵਿੱਚ ਰੱਖੇ ਗਹਿਣੇ ਤੇ ਨਗਦੀ ਗਾਇਬ ਸਨ।
ਪਰਿਵਾਰਕ ਮੈਂਬਰਾਂ ਮੁਤਾਬਕ ਚੋਰ ਅਲਮਾਰੀ ਵਿੱਚੋਂ ਇਕ ਸੋਨੇ ਦੀ ਚੇਨ, ਦੋ ਝੁਮਕੇ, ਦੋ ਟਾਪਸ, ਇਕ ਅੰਗੂਠੀ, ਇਕ ਹੋਰ ਸੋਨੇ ਦੀ ਚੇਨ, ਪੰਜ ਜੋੜੀਆਂ ਚਾਂਦੀ ਦੀਆਂ ਝਾਂਜਰਾਂ, ਚਾਰ ਜੋੜੀਆਂ ਚਾਂਦੀ ਦੇ ਕੰਗਣ ਅਤੇ ਕਰੀਬ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਗਹਿਣਿਆਂ ਅਤੇ ਨਗਦੀ ਵਾਲਾ ਪਰਸ ਖਾਲੀ ਕਰਕੇ ਛੱਤ ’ਤੇ ਸੁੱਟਿਆ ਮਿਲਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰ ਛੱਤ ਦੇ ਰਸਤੇ ਘਰ ਅੰਦਰ ਦਾਖ਼ਲ ਹੋਏ।
ਇਸ ਚੋਰੀ ਦੌਰਾਨ ਪਰਿਵਾਰ ਦਾ ਕਰੀਬ ਚਾਰ ਤੋਲੇ ਸੋਨਾ ਅਤੇ ਕਈ ਤੋਲੇ ਚਾਂਦੀ ਦੇ ਗਹਿਣੇ ਚੋਰੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹੋਈ ਇਸ ਵਾਰਦਾਤ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਸ ਮੁੱਖੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਪੁਲਸ ਗਸ਼ਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਤੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।