ਗੁਰੂ ਨਗਰੀ ’ਚ ਲਾਵਾਰਸ ਜਾਨਵਰਾਂ ਦਾ ਵਧਦਾ ਕਬਜਾ, ਲੋਕਾਂ ’ਚ ਦਹਿਸ਼ਤ
ਗੁਰੂ ਨਗਰੀ ਵਿਚ ਅਵਾਰਾ ਜਾਨਵਰਾਂ ਦਾ ਵਧਦਾ ਕਬਜ਼ਾ, ਲੋਕ ਦਹਿਸ਼ਤ ਹੇਠ
Publish Date: Sat, 03 Jan 2026 05:08 PM (IST)
Updated Date: Sat, 03 Jan 2026 05:11 PM (IST)

ਸ਼ਤਾਬਦੀ ਸਮਾਗਮਾਂ ਤੋਂ ਬਾਅਦ ਇਨ੍ਹਾਂ ਪਸ਼ੂਆਂ ਨੇ ਫਿਰ ਤੋਂ ਸੜਕਾਂ ’ਤੇ ਡੇਰੇ ਜਮਾ ਲਏ ਹਨ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਸ਼ਹੀਦੀ ਸ਼ਤਾਬਦੀ ਮੌਕੇ ਗੁਰੂ ਨਗਰੀ ਦੀ ਸੁਚੱਜੀ ਵਿਵਸਥਾ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਨਗਰ ਕੌਂਸਲ ਵੱਲੋਂ ਅਵਾਰਾ ਪਸ਼ੂਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਚੌਕਾਂ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਫੜ ਕੇ ਸ਼ਹਿਰ ਤੋਂ ਬਾਹਰ ਸਥਿਤ ਗਊਸ਼ਾਲਾਵਾਂ ਵਿਚ ਭੇਜਿਆ ਗਿਆ ਸੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ। ਪਰ ਸ਼ਤਾਬਦੀ ਸਮਾਗਮਾਂ ਦੇ ਸਮਾਪਤ ਹੋਣ ਮਗਰੋਂ ਇਹ ਮੁਹਿੰਮ ਰੁਕ ਗਈ ਅਤੇ ਅਵਾਰਾ ਪਸ਼ੂਆਂ ਨੇ ਇੱਕ ਵਾਰ ਫਿਰ ਗੁਰੂ ਨਗਰੀ ਵਿਚ ਆਪਣੇ ਡੇਰੇ ਜਮਾ ਲਏ ਹਨ। ਮੌਜੂਦਾ ਸਮੇਂ ਵਿਚ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਗਲੀਆਂ ਤੱਕ ਅਵਾਰਾ ਗਾਂਵਾਂ ਅਤੇ ਬੈਲਾਂ ਦੇ ਝੁੰਡ ਆਮ ਦਿਖਾਈ ਦੇ ਰਹੇ ਹਨ। ਇਹ ਪਸ਼ੂ ਸੜਕਾਂ ਦੇ ਵਿਚਕਾਰ ਬੈਠ ਕੇ ਆਵਾਜਾਈ ਵਿੱਚ ਰੁਕਾਵਟ ਬਣ ਰਹੇ ਹਨ, ਜਿਸ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਲਈ ਇਹ ਹਾਲਾਤ ਖ਼ਤਰਨਾਕ ਸਾਬਤ ਹੋ ਰਹੇ ਹਨ, ਕਿਉਂਕਿ ਅਚਾਨਕ ਪਸ਼ੂ ਸਾਹਮਣੇ ਆ ਜਾਣ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਵੱਲੋਂ ਕਈ ਵਾਰ ਬੱਚਿਆਂ ਅਤੇ ਬਜ਼ੁਰਗਾਂ ’ਤੇ ਹਮਲੇ ਵੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਘਰੋਂ ਬਾਹਰ ਨਿਕਲਣਾ ਲੋਕਾਂ ਲਈ ਡਰ ਦਾ ਕਾਰਨ ਬਣ ਗਿਆ ਹੈ। ਇਸ ਤੋਂ ਇਲਾਵਾ, ਆਪਸ ਵਿੱਚ ਲੜਦੇ ਝਗੜਦੇ ਇਹ ਪਸ਼ੂ ਅਕਸਰ ਖੜੀਆਂ ਗੱਡੀਆਂ ਨਾਲ ਟਕਰਾ ਜਾਂਦੇ ਹਨ, ਜਿਸ ਨਾਲ ਵਾਹਨਾਂ ਦੀ ਤੋੜ-ਭੰਨ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਸਿਰਫ਼ ਆਵਾਜਾਈ ਜਾਂ ਸੁਰੱਖਿਆ ਤੱਕ ਸੀਮਿਤ ਨਹੀਂ ਰਹੀ, ਸਗੋਂ ਸਾਫ਼-ਸਫ਼ਾਈ ਦੀ ਸਥਿਤੀ ਨੂੰ ਵੀ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਕਰ ਰਹੀ ਹੈ। ਖ਼ਾਸ ਕਰਕੇ ਸਰਕਾਰੀ ਹਸਪਤਾਲ ਦੇ ਆਸ-ਪਾਸ ਇਹ ਪਸ਼ੂ ਗੰਦਗੀ ਫੈਲਾ ਰਹੇ ਹਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੈ ਅਤੇ ਇਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਉਹਨਾਂ ਦੱਸਿਆ ਕਿ ਉਹ ਅੱਜ ਹੀ ਇਸ ਸਬੰਧੀ ਸਬੰਧਤ ਮਹਿਕਮੇ ਨੂੰ ਲਿਖ ਕੇ ਭੇਜ ਰਹੇ ਹਨ। ਸੰਗੀਤ ਕੁਮਾਰ ਨੇ ਕਿਹਾ ਕਿ ਆਨੰਦਪੁਰ ਸਾਹਿਬ ਵਿੱਚੋਂ ਅਵਾਰਾ ਪਸ਼ੂਆਂ ਨੂੰ ਜਲਦ ਹੀ ਸ਼ਹਿਰ ਤੋਂ ਬਾਹਰ ਕਰਕੇ ਗਊਸ਼ਾਲਾਵਾਂ ਵਿਚ ਭੇਜਿਆ ਜਾਵੇਗਾ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਪਹਿਲਾਂ ਵੀ ਇਹ ਪਸ਼ੂ ਸ਼ਹਿਰ ਤੋਂ ਬਾਹਰ ਕੀਤੇ ਗਏ ਸਨ, ਪਰ ਬਾਅਦ ਵਿਚ ਮੁੜ ਸ਼ਹਿਰ ਵਿਚ ਆ ਗਏ। ਇਸ ਵਾਰ ਤੁਰੰਤ ਪੱਕੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾਵੇ, ਨਾ ਕਿ ਸਿਰਫ਼ ਵਿਸ਼ੇਸ਼ ਮੌਕਿਆਂ ’ਤੇ।