ਗਿਆਨੀ ਹਰਪ੍ਰੀਤ ਸਿੰਘ ਨੇ ਗਲਤ ਫੈਸਲਿਆਂ ਨੂੰ ਕੀਤਾ ਕਬੂਲ : ਡਾ. ਦਲਜੀਤ ਸਿੰਘ ਚੀਮਾ
ਗਿਆਨੀ ਹਰਪ੍ਰੀਤ ਸਿੰਘ ਨੇ ਗਲਤ ਫੈਸਲਿਆਂ ਨੂੰ ਕੀਤਾ ਕਬੂਲ: ਡਾ. ਦਲਜੀਤ ਸਿੰਘ ਚੀਮਾ
Publish Date: Thu, 22 Jan 2026 03:42 PM (IST)
Updated Date: Thu, 22 Jan 2026 03:45 PM (IST)

ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸੂਬਾ ਸਰਕਾਰ ਬੇਅਦਬੀ ਮਸਲੇ ‘ਤੇ ਸਿਆਸਤ ਕਰ ਰਹੀ ਹੈ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਥੇਦਾਰ ਰਹਿੰਦਿਆਂ ਗਲਤ ਅਤੇ ਰਾਜਨੀਤਿਕ ਪ੍ਰਭਾਵ ਹੇਠ ਲਏ ਗਏ ਫੈਸਲਿਆਂ ਨੂੰ ਕਬੂਲ ਕੀਤਾ ਗਿਆ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਖਿਲਾਫ਼ ਫੈਸਲੇ ਰਾਜਨੀਤੀ ਤੋਂ ਪ੍ਰੇਰਿਤ ਸਨ ਜਿਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਇੰਟਰਵਿਊ ਵਿਚ ਕਬੂਲਨਾਮਾ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਸ ਮਾਮਲੇ ਦਾ ਜ਼ਿਕਰ ਪਹਿਲਾਂ ਵੀ ਸੰਤ ਲੌਂਗੋਵਾਲ ਦੇ ਭੋਗ ਸਮਾਗਮ ਦੌਰਾਨ ਸਟੇਜ ਤੋਂ ਦਸਿਆ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਢੀਂਡਸਾ ਸਾਹਿਬ ਦੇ ਨਿਵਾਸ ‘ਤੇ ਬੁਲਾ ਕੇ ਇਹ ਮਸਲੇ ਵਿਚਾਰੇ ਗਏ ਸਨ। ਡਾ. ਚੀਮਾ ਨੇ ਦੋਸ਼ ਲਾਇਆ ਕਿ ਇਹ ਸਾਰੇ ਫੈਸਲੇ ਰਾਜਨੀਤਿਕ ਪ੍ਰਭਾਵ ਹੇਠ ਲਏ ਗਏ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਦੀ ਵਰਤੋਂ ਕੀਤੀ ਗਈ। ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ, ਬੇਰੋਜ਼ਗਾਰੀ, ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ ਨਾਲ ਜੁੜੇ ਮੁੱਦੇ ਬਹੁਤ ਗੰਭੀਰ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਅਦਬੀ ਦੇ ਮਸਲੇ ‘ਤੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਅਤੇ ਅਕਾਲ ਤਖਤ ਸਾਹਿਬ ਨਾਲ ਟਕਰਾਅ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੋਕ ਹੁਣ ਪੂਰੀ ਤਰ੍ਹਾਂ ਜਾਗਰੂਕ ਹਨ। ਡਾ. ਚੀਮਾ ਨੇ ਕਿਹਾ ਕਿ ਬੰਗਾ ਦੇ ਨਾਭ ਕੰਵਲ ਸਾਹਿਬ ਗੁਰਦੁਆਰਾ ਸਾਹਿਬ ਤੋਂ 169 ਪਾਵਨ ਸਰੂਪਾਂ ਦੀ ਬਰਾਮਦਗੀ ਸਬੰਧੀ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਝੂਠਾ ਸਾਬਤ ਹੋਇਆ ਅਤੇ ਸੰਗਤ ਦੇ ਰੋਸ ਅੱਗੇ ਸਰਕਾਰ ਨੂੰ ਇਸ ਮਾਮਲੇ ਵਿਚ ਮਾਫ਼ੀ ਮੰਗਣੀ ਪਈ। ਇਸਦੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਦੇ ਮਸਲੇ ‘ਤੇ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਦੇਸ਼ ਵਿਚ ਇੱਕੋ ਸੰਵਿਧਾਨ ਅਤੇ ਇੱਕੋ ਕਾਨੂੰਨ ਲਾਗੂ ਹੁੰਦਾ ਹੈ। ਜੇਕਰ ਵੱਖ-ਵੱਖ ਗੰਭੀਰ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਡੇਰਾ ਸਰਸਾ ਮੁੱਖੀ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਨੂੰ ਵੀ ਪੈਰੋਲ ਮਿਲਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ’ਤੇ ਭਾਜਪਾ ਦੇ ਚੋਣ ਸਮਝੌਤੇ ਬਾਰੇ ਬਿਆਨ ਦੀ ਨਖੇਦੀ ਕਰਦਿਆਂ ਡਾਕਟਰ ਚੀਮਾਂ ਨੇ ਕਿਹਾ ਕਿ ਬਿੱਟੂ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਵੇਂ ਨਵੇਂ ਭਾਜਪਾ ਵਿਚ ਗਏ ਹਨ ’ਤੇ ਭਾਜਪਾ ਦੇ ਪੰਜਾਬ ਦੇ ਸੀਨੀਅਰ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੇਲੇ ਕੈਬਨਿਟ ਵਿਚ ਸਨ ਉਹਨਾਂ ਨੂੰ ਜਲੀਲ ਕਰ ਰਹੇ ਹਨ।। ਉਹਨਾਂ ਕਿਹਾ ਕਿ ਭਾਜਪਾ ਦੇ ਉਹਨਾਂ ਆਗੂਆਂ ਨੂੰ ਬਿੱਟੂ ਤੋਂ ਸਵਾਲ ਜਰੂਰ ਪੁੱਛਣੇ ਚਾਹੀਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾਂ ਪ੍ਰਧਾਨ ਦਰਬਾਰਾ ਸਿੰਘ ਬਾਲਾ, ਲੰਬੜਦਾਰ ਸੰਦੀਪ ਸਿੰਘ ਕਲੋਤਾ,ਜਥੇਦਾਰ ਮੋਹਣ ਸਿੰਘ ਢਾਹੇ, ਗੁਰਵਿੰਦਰ ਸਿੰਘ ਕੀਰਤਪੁਰ ਸਾਹਿਬ ਆਦਿ ਹਾਜਰ ਸਨ।