ਸੁਰੱਖਿਆ ਪ੍ਰਬੰਧਾਂ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 8000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ 25 ਵੱਖ-ਵੱਖ ਸੈਕਟਰਾਂ ਵਿਚ ਨਿਗਰਾਨੀ ਕਰ ਰਹੇ ਹਨ। 500 ਤੋਂ ਵੱਧ ਸੀਸੀਟੀਵੀ ਕੈਮਰਿਆਂ ਰਾਹੀਂ ਸਮੂਹ ਇਲਾਕੇ ’ਤੇ ਨਜ਼ਰ ਰੱਖੀ ਜਾਵੇਗੀ, ਤਾਂ ਜੋ ਕਿਸੇ ਵੀ ਗੈਰ-ਸਮਾਜਿਕ ਤੱਤ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ।

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਡੀਜੀਪੀ ਗੌਰਵ ਯਾਦਵ ਨੇ ਸਮਾਗਮਾਂ ਦੀ ਤਿਆਰੀ ਦਾ ਰੀਵਿਊ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਸਕੱਤਰ ਨੇ ਕਿਹਾ ਕਿ ਸਾਰੇ ਅਧਿਕਾਰੀ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਅਤੇ ਸ਼ਰਧਾਲੂਆਂ ਨੂੰ ਪੂਰੀ ਸਹੂਲਤ ਪ੍ਰਦਾਨ ਕਰਨ ਨੂੰ ਆਪਣੀ ਪਹਿਲ ਬਣਾਉਣ।
ਮੁੱਖ ਸਕੱਤਰ ਨੇ ਦੱਸਿਆ ਕਿ 22 ਨਵੰਬਰ ਨੂੰ ਚਾਰ ਅਲੌਕਿਕ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ, ਜਦਕਿ 23 ਨਵੰਬਰ ਨੂੰ ਗੁਰੂ ਕਾ ਬਾਗ ਬੁੱਢਾ ਦਲ ਛਾਉਣੀ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 23 ਨਵੰਬਰ ਨੂੰ ਹੋਣ ਵਾਲੇ ਸਰਬ ਧਰਮ ਸੰਮੇਲਨ ਵਿਚ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਅਤੇ ਸੰਤ ਮਹਾਪੁਰਸ਼ ਸ਼ਿਰਕਤ ਕਰਨਗੇ। 24 ਨਵੰਬਰ ਨੂੰ ਭਾਈ ਜੈਤਾ ਜੀ ਮੈਮੋਰੀਅਲ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੀਤਾ ਜਾਵੇਗਾ, ਜਦਕਿ 25 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਲਗਾਉਣਗੇ।
ਮੁੱਖ ਸਕੱਤਰ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਸਰਕਾਰ ਨੇ ਟੈਂਟ ਸਿਟੀ ਵਿਚ ਲਗਪਗ 10 ਹਜ਼ਾਰ ਸ਼ਰਧਾਲੂਆਂ ਲਈ ਠਹਿਰਾਉ ਦਾ ਪ੍ਰਬੰਧ ਕੀਤਾ ਹੈ। ਵਾਹਨਾਂ ਲਈ 100 ਏਕੜ ਵਿੱਚ 30 ਆਧੁਨਿਕ ਪਾਰਕਿੰਗਾਂ ਬਣਾਈਆਂ ਗਈਆਂ ਹਨ। ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਹਰ ਸ਼ਰਧਾਲੂ ਨੂੰ ਸੁਚਾਰੂ ਅਤੇ ਸੁਰੱਖਿਅਤ ਅਨੁਭਵ ਪ੍ਰਦਾਨ ਕੀਤਾ ਜਾਵੇਗਾ। ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਇਹ ਇਤਿਹਾਸਕ ਸਮਾਗਮ ਸ਼ਰਧਾ, ਅਨੁਸ਼ਾਸਨ ਅਤੇ ਸੇਵਾ ਦੇ ਉੱਤਮ ਮਾਪਦੰਡਾਂ ’ਤੇ ਸਪੰਨ ਹੋਣ।
ਸੁਰੱਖਿਆ ਪ੍ਰਬੰਧਾਂ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 8000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ 25 ਵੱਖ-ਵੱਖ ਸੈਕਟਰਾਂ ਵਿਚ ਨਿਗਰਾਨੀ ਕਰ ਰਹੇ ਹਨ। 500 ਤੋਂ ਵੱਧ ਸੀਸੀਟੀਵੀ ਕੈਮਰਿਆਂ ਰਾਹੀਂ ਸਮੂਹ ਇਲਾਕੇ ’ਤੇ ਨਜ਼ਰ ਰੱਖੀ ਜਾਵੇਗੀ, ਤਾਂ ਜੋ ਕਿਸੇ ਵੀ ਗੈਰ-ਸਮਾਜਿਕ ਤੱਤ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਏਡੀਜੀਪੀ ਨੌਨਿਹਾਲ ਸਿੰਘ ਨਿਭਾਉਣਗੇ।
ਇਸ ਮੌਕੇ ਵਧੀਕ ਮੁੱਖ ਸਕੱਤਰ ਸੰਸਦੀ ਮਾਮਲੇ ਡੀਕੇ ਤਿਵਾੜੀ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਨੀਲ ਕੰਠ ਅਵਹਾਕ, ਸਕੱਤਰ ਸੈਰ ਸਪਾਟਾ ਡਾ. ਅਭਿਨਵ, ਸਕੱਤਰ ਪੰਜਾਬ ਮੰਡੀ ਬੋਰਡ ਤੇ ਸੂਚਨਾ ਅਤੇ ਲੋਕ ਸੰਪਰਕ ਰਾਮਵੀਰ, ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ, ਏਡੀਜੀਪੀ ਪ੍ਰਮਾਰ, ਏਡੀਜੀਪੀ ਨੌਨਿਹਾਲ ਸਿੰਘ, ਗਮਾਡਾ ਦੇ ਸੀਏ ਸਾਕਸ਼ੀ ਸਾਹਨੀ, ਹਰਗੁਨਜੀਤ ਕੌਰ, ਡੀਸੀ ਰੂਪਨਗਰ ਵਰਜੀਤ ਵਾਲੀਆ, ਅਭਿਮੰਨਿਊ ਮਲਿਕ, ਨਾਨਕ ਸਿੰਘ, ਡੀਸੀ ਜਲੰਧਰ ਹਿਮਾਂਸ਼ੂ ਅਗਰਵਾਲ, ਡੀਸੀ ਲੁਧਿਆਣਾ ਹਿਮਾਂਸ਼ੂ ਜੈਨ, ਅਮਰਦੀਪ ਸੰਧੂ ਡੀਸੀ ਫਾਜ਼ਿਲਕਾ, ਏਡੀਏ ਸੰਦੀਪ ਗੜ੍ਹਾ, ਏਡੀਸੀ ਪੂਜਾ ਸਿਆਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।