ਚੱਢਾ ਵੱਲੋਂ ਮਨਰੇਗਾ ਵਰਕਰਾਂ ਨਾਲ ਕੇਂਦਰ ਖ਼ਿਲਾਫ਼ ਕੀਤਾ ਜੰਗ ਦਾ ਐਲਾਨ
ਕੇਂਦਰ ਦੀ ਮਨਰੇਗਾ ਵਿਰੋਧੀ ਨੀਤੀ ਖ਼ਿਲਾਫ਼ ਹਲਕਾ ਵਿਧਾਇਕ ਚੱਢਾ ਨੇ ਮਨਰੇਗਾ ਵਰਕਰਾਂ ਦੇ ਹੱਕ ’ਚ ਮਾਰਿਆ ਹਾਅ ਦਾ ਨਾਆਰਾ
Publish Date: Sat, 03 Jan 2026 05:15 PM (IST)
Updated Date: Sat, 03 Jan 2026 05:17 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕੇਂਦਰ ਸਰਕਾਰ ਦੀ ਮਨਰੇਗਾ ਵਿਰੋਧੀ ਨੀਤੀ ਖ਼ਿਲਾਫ਼ ਪਿੰਡਾਂ ਦੇ ਮਨਰੇਗਾ ਵਰਕਰਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। “ਕੇਂਦਰ ਦੀ ਮਨਰੇਗਾ ਵਿਰੋਧੀ ਨੀਤੀ ਖ਼ਿਲਾਫ਼ ਹਲਕਾ ਰੂਪਨਗਰ ’ਚ ਉਭਰੇ ਇਸ ਸੰਘਰਸ਼ ਨੂੰ ਚੱਢਾ ਨੇ ਗਰੀਬ ਅਤੇ ਬੇਰੁਜ਼ਗਾਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਲਾਜ਼ਮੀ ਕਰਾਰ ਦਿੱਤਾ। ਜ਼ਿਕਰ ਯੋਗ ਹੈ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਬੰਧੀ ਜਾਰੀ ਕੀਤੇ ਗਏ ਤੁਗਲਕੀ ਫਰਮਾਨ ਦੇ ਵਿਰੋਧ ਵਿਚ ਵਿਧਾਇਕ ਚੱਢਾ ਵੱਲੋਂ ਲਗਾਤਾਰ ਪਿੰਡ-ਪਿੰਡ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਪਿੰਡ ਗੜਬਾਗਾ ਅਤੇ ਰਾਜਗਿਰੀ ਵਿਚ ਮਨਰੇਗਾ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਚੱਢਾ ਵੱਲੋਂ ਮਨਰੇਗਾ ਵਰਕਰਾਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਗ ਦਾ ਐਲਾਨ” ਦੁਹਰਾਇਆ। ਮੀਟਿੰਗਾਂ ਦੌਰਾਨ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿਚ 40 ਫੀਸਦੀ ਹਿੱਸਾ ਸੂਬਾ ਸਰਕਾਰਾਂ ’ਤੇ ਥੋਪਣਾ ਆਪਣੇ ਆਪ ਵਿਚ ਸ਼ਰਮਨਾਕ ਅਤੇ ਗੈਰ-ਇਨਸਾਫ਼ੀ ਭਰਿਆ ਫੈਸਲਾ ਹੈ। ਉਨ੍ਹਾਂ ਆਖਿਆ ਕਿ ਇਹ ਸਿੱਧੇ ਤੌਰ ’ਤੇ ਪਿੰਡਾਂ ਦੇ ਗਰੀਬਾਂ ਦੀ ਰੋਜ਼ੀ-ਰੋਟੀ ’ਤੇ ਵੱਡਾ ਡਾਕਾ ਹੈ। ਮਨਰੇਗਾ ਕਿਰਤੀ ਗਰੀਬ ਅਤੇ ਬੇਰੁਜ਼ਗਾਰ ਲੋਕਾਂ ਲਈ ਇਕੋ-ਇੱਕ ਆਸਰਾ ਹੈ, ਜਿਸਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਦੇ ਵੀ ਕਬੂਲ ਨਹੀਂ ਕੀਤੀ ਜਾਵੇਗੀ। ਵਿਧਾਇਕ ਨੇ ਦੱਸਿਆ ਕਿ ਕੇਂਦਰ ਦੀ ਇਸ ਨੀਤੀ ਦੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਵਿਚ ਮਨਰੇਗਾ ਵਰਕਰਾਂ ਵੱਲੋਂ ਲਾਮਬੱਧੀ ਤੇਜ਼ ਹੋ ਚੁੱਕੀ ਹੈ। ਇਸ ਮੌਕੇ ਉਹ ਆਪਣੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਨਾਲ ਲੈ ਕੇ ਮੀਟਿੰਗਾਂ ਵਿਚ ਪਹੁੰਚੇ ਅਤੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੱਕਾਂ ਦੀ ਰੱਖਿਆ ਲਈ ਹਰ ਪੱਧਰ ’ਤੇ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਅੰਤ ਵਿਚ ਚੱਢਾ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮਨਰੇਗਾ ਵਿਰੋਧੀ ਫੈਸਲੇ ਤੁਰੰਤ ਵਾਪਸ ਨਾ ਲਏ ਗਏ ਤਾਂ “ਕੇਂਦਰ ਦੀ ਮਨਰੇਗਾ ਵਿਰੋਧੀ ਨੀਤੀ ਖ਼ਿਲਾਫ਼ ਹਲਕਾ ਰੂਪਨਗਰ ’ਚ ਸੰਘਰਸ਼” ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ , ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ , ਜ਼ਿਲ੍ਹਾ ਪਰਿਸ਼ਦ ਮੈਂਬਰ ਸਤਿੰਦਰ ਕੌਰ ਬਾਲਾ, ਸਰਪੰਚ ਪਰਮਿੰਦਰ ਸਿੰਘ ਬਾਲਾ ਤੇ ਹੋਰ ਪਿੰਡ ਵਾਸੀ ਤੇ ਮਨਰੇਗਾ ਵਰਕਰ ਹਾਜ਼ਰ ਸਨ।